ਪ੍ਰਦੀਪ ਚਿੱਜੜ
ਆਕਲੈਂਡ :- 16 ਫਰਵਰੀ 2026
ਨਿਊਜ਼ੀਲੈਂਡ ਦੇ ਕੇਂਦਰੀ ਹਿੱਸਿਆਂ ‘ਚ ਭਾਰੀ ਮੀਂਹ ਤੇ ਤੂਫ਼ਾਨੀ ਮੌਸਮ ਦੀ ਉਮੀਦ ਹੈ, ਜਿਸ ਕਾਰਨ ਕਈ ਚੇਤਾਵਨੀਆਂ ਤੇ ਐਮਰਜੈਂਸੀ ਦੀਆਂ ਘੋਸ਼ਣਾਵਾਂ ਕੀਤੀਆਂ ਗਈਆਂ ਹਨ। MetService ਨੇ ਬੈਂਕਸ ਪੇਨਿਨਸੂਲਾ ਲਈ ਸੋਮਵਾਰ ਸਵੇਰੇ 2 ਵਜੇ ਤੋਂ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ, ਅਤੇ ਰਕਾਇਆ ਦਰਿਆ ਤੋਂ ਐਮਬਰਲੀ ਤੱਕ ਕੈਂਟਰਬਰੀ ਪਲੇਨਜ਼ ਅਤੇ ਪਹਾੜੀ ਇਲਾਕਿਆਂ ਲਈ ਭਾਰੀ ਮੀਂਹ ਦੀ ਨਿਗਰਾਨੀ (Heavy Rain Watch) ਜਾਰੀ ਕੀਤੀ ਹੈ।
ਹੁਣ ਤੱਕ ਪੰਜ ਇਲਾਕੇ — ਮਾਨਾਵਾਤੂ, ਰੰਗਿਤੀਕੇਈ, ਤਾਰਾਰੂਆ, ਵਾਈਪਾ ਅਤੇ ਓਤੋਰੋਹਾਂਗਾ — ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਮਾਨਾਵਾਤੂ ਕੌਂਸਲ ਨੇ ਸੋਸ਼ਲ ਮੀਡੀਆ ‘ਤੇ ਕਿਹਾ ਹੈ ਕਿ ਉਸਨੇ ਆਪਣੀ ਐਮਰਜੈਂਸੀ ਪ੍ਰਤੀਕ੍ਰਿਆ ਟੀਮ (Emergency Response Team) ਸਰਗਰਮ ਕਰ ਲਈ ਹੈ ਅਤੇ ਦਰਿਆਵਾਂ ਦੇ ਪਾਣੀ ਦੇ ਪੱਧਰ ‘ਤੇ ਨਿਗਰਾਨੀ ਕਰ ਰਹੀ ਹੈ। ਕੌਂਸਲ ਨੇ ਚੇਤਾਵਨੀ ਦਿੱਤੀ ਹੈ ਕਿ ਭਾਰੀ ਮੀਂਹ, ਦਰਿਆਵਾਂ ਦਾ ਚੜ੍ਹਨਾ, ਤੇਜ਼ ਹਵਾਵਾਂ ਅਤੇ ਬਿਜਲੀ ਬੰਦ ਹੋਣ ਦੀ ਸੰਭਾਵਨਾ ਹੈ। ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਇਸ ਐਲਾਨ ਨੂੰ ਗੰਭੀਰਤਾ ਨਾਲ ਲਵੋ ਅਤੇ ਅਜੇ ਹੀ ਤਿਆਰੀ ਕਰ ਲਵੋ — ਦਿਨ ਦੀ ਰੌਸ਼ਨੀ ਹੋਣ ਤੱਕ ਮੋਬਾਈਲ ਆਦਿ ਚਾਰਜ ਕਰੋ ਅਤੇ ਖ਼ਬਰਾਂ ਸੁਣਣ ਲਈ ਬੈਟਰੀ ਵਾਲਾ ਰੇਡੀਓ ਤਿਆਰ ਰੱਖੋ।
ਰੰਗਿਤੀਕੇਈ, ਤਾਰਾਰੂਆ, ਵਾਈਪਾ ਅਤੇ ਓਤੋਰੋਹਾਂਗਾ ਜ਼ਿਲ੍ਹਿਆਂ ‘ਚ ਵੀ ਐਮਰਜੈਂਸੀ ਲਾਗੂ ਹੈ। ਰੰਗਿਤੀਕੇਈ ਜ਼ਿਲ੍ਹਾ ਕੌਂਸਲ ਨੇ ਦੱਸਿਆ ਕਿ ਮੇਅਰ ਐਂਡੀ ਵਾਟਸਨ ਨੇ ਇਹ ਐਲਾਨ ਕੀਤਾ ਹੈ ਅਤੇ ਐਮਰਜੈਂਸੀ ਟੀਮ ਸਰਗਰਮ ਕਰ ਦਿੱਤੀ ਹੈ। ਕੌਂਸਲ ਨੇ ਇਹ ਵੀ ਕਿਹਾ ਕਿ ਨੈਪੀਅਰ–ਤਾਈਹਾਪੇ ਰੋਡ ਬੰਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਲੋਕਾਂ ਨੂੰ ਫਿਰ ਸਲਾਹ ਦਿੱਤੀ ਗਈ ਹੈ ਕਿ ਐਮਰਜੈਂਸੀ ਐਲਾਨ ਨੂੰ ਗੰਭੀਰਤਾ ਨਾਲ ਲਵੋ ਅਤੇ ਤਿਆਰੀ ਕਰੋ, ਜਿਸ ‘ਚ ਮੋਬਾਈਲ ਡਿਵਾਈਸਾਂ ਨੂੰ ਚਾਰਜ ਕਰਨਾ ਅਤੇ ਬੈਟਰੀ ਰੇਡੀਓ ਤਿਆਰ ਰੱਖਣਾ ਸ਼ਾਮਲ ਹੈ।
ਭਾਰੀ ਮੀਂਹ ਦੀ ਸੰਤਰੀ ਚੇਤਾਵਨੀ ਨੂੰ ਹੁਣ ਲਾਲ ਚੇਤਾਵਨੀ (Red Warning) ਵਿੱਚ ਅਪਗ੍ਰੇਡ ਕੀਤਾ ਗਿਆ ਹੈ — ਜੋ ਸਭ ਤੋਂ ਉੱਚੀ ਪੱਧਰੀ ਚੇਤਾਵਨੀ ਹੈ। ਇਹ ਚੇਤਾਵਨੀ ਮਾਨਾਵਾਤੂ, ਰੰਗਿਤੀਕੇਈ ਅਤੇ ਰੂਆਪੇਹੁ ਜ਼ਿਲ੍ਹਿਆਂ ‘ਤੇ ਲਾਗੂ ਹੈ — ਖਾਸਕਰ ਫੀਲਡਿੰਗ ਦੇ ਉੱਤਰ ਅਤੇ ਸਟੇਟ ਹਾਈਵੇ 1 ਦੇ ਪੂਰਬ ਵਿੱਚ ਸ਼ਾਮ 6 ਵਜੇ ਤੋਂ।



