ਮੇਰਾ ਆਂਢ ਗੁਆਂਢ

ਮੈ ਆਪਣੇ ਪਿੰਡ ਦੀ ਬਾਤ ਤੇ ਪਿੰਡ ਦਾ ਨਕਸ਼ ਨੁਹਾਰ ਆਪਣੇ ਸ਼ਬਦਾਂ ਵਿੱਚ ਇੱਕ ਕਹਾਣੀ ਦੇ ਰੂਪ ਵਿੱਚ ਪਹਿਲਾਂ ਹੀ ਪੇਸ਼ ਕਰ ਚੁੱਕਾ ਹਾਂ । ਮੈਂ ਆਪਣੇ ਘਰ ਦੇ ਆਂਢ ਗੁਆਂਢ ਨੂੰ ਵਿਸਰ ਨਹੀਂ ਸਕਦਾ । ਕੁੱਝ ਕੁ ਸ਼ਬਦਾਂ ਨੂੰ ਕਲਮਬੱਧ ਕਰਕੇ ਮੈਂ ਆਪਣੇ ਆਂਢ ਗੁਆਂਡ  ਨੂੰ ਯਾਦ ਕਰਦਾ ਹੋਇਆ ਸਤਿਕਾਰ ਨਾਲ ਨਮਨ ਵੀ ਕਰਦਾ ਹਾਂ । ਇਨਸਾਨ ਮੁਸਾਫਿਰ ਹੈ ਤੇ ਇੱਕ ਤੋਂ ਦੂਜੀ ਜਗ੍ਹਾ ਜਾ ਕੇ ਵਸਣਾ ਇਨਸਾਨ ਦੇ ਹਾਲਾਤਾਂ ਕਰਕੇ ਜਾਂ ਸਭ ਤੋਂ ਵੱਡੀ ਗੱਲ ਰਿਜ਼ਕ  ਅਤੇ ਕੁਦਰਤ ਦੀ ਰਜ਼ਾ ਹੈ। ਇਨਸਾਨ ਦਾ ਪਿਛੋਕੜ ਉਸ ਦੇ ਨਾਲ – ਨਾਲ ਹੀ ਚੱਲਦਾ ਹੈ ਭਾਵੇਂ ਉਹ ਆਪਣੇ ਵਤਨ ਹੋਵੇ ਜਾਂ ਵਿਦੇਸ਼ ਦੀ ਸਰਜਮੀ ਤੇ ਹੋਵੇ । ਆਪਣੇ ਘਰ ਦੇ ਆਂਢ ਗੁਆਂਢ ਦੀ ਬਾਤ ਕਿਸੇ ਨਾ ਕਿਸੇ ਤਰੀਕੇ ਕਰ ਹੀ ਲੈਦਾ।  ਬਹੁਤ ਸਾਰੀਆਂ ਯਾਦਾਂ ਨਾਲ ਜੁੜ ਬੈਠਦਾ । ਮੇਰੇ ਸ਼ਬਦ ਬਹੁਤ ਥੋੜੇ ਪੈ ਰਹੇ ਹਨ ਆਪਣੇ ਆਂਢ ਗੁਆਂਢ ਦੀਆਂ ਗੱਲਾਂ ਤੇ ਯਾਦਾਂ ਵਾਸਤੇ । ਮੇਰੇ ਘਰ ਦਾ ਆਂਢ ਗੁਆਂਡ ਸਾਡੇ ਆਪਣੇ ਹੀ ਸ਼ਰੀਕੇ ਵਿੱਚੋਂ ਹੈ । ਕੁਝ ਕੁ ਘਰ ਹੋਰ ਜੋ ਸਾਡੇ ਸ਼ਰੀਕੇ ਤੋਂ ਬਾਹਰ ਵਾਲੇ ਹਨ । ਉਹ ਵੀ ਸਾਨੂੰ ਸਕਿਆਂ ਵਾਂਗ ਹੀ ਮਿਲਦੇ ਹਨ।  ਦਾਦਾ ਜੀ ਦੇ ਚਚੇਰੇ  ਭਰਾ ਤੇ ਅੱਗੇ ਫਿਰ ਉਹਨਾਂ ਦੇ ਬੱਚੇ । ਪਰਿਵਾਰ ਵੱਡੇ ਹੋਣ ਕਰਕੇ ਆਂਢ ਗੁਆਂਢ ਵਿੱਚ ਰੌਣਕ ਲੱਗੀ ਰਹਿੰਦੀ। ਵੱਡੇ ਵੱਡੇ ਘਰਾਂ ਦੇ ਪਲਾਟ ਬਹੁਤ ਸਾਰੀ ਖੁੱਲੀ ਥਾਂ ਖਾਲੀ ਪਈ ਹੋਣ ਕਾਰਨ ਉੱਥੇ ਲੋਕ ਆਪਣੇ ਪਸ਼ੂਆਂ ਦਾ ਗੋਹਾ ਕੂੜਾ ਸੁੱਟਦੇ ਤੇ ਪਾਥੀਆਂ ਵੀ ਪੱਥਦੇ। ਇੱਕ ਸਰਕਾਰੀ ਸਕੂਲ ਵੀ ਗੁਆਂਢ ਵਿੱਚ ਹੀ ਸੀ । ਸਭ ਤੋਂ ਪਹਿਲਾਂ ਇਸ ਪੰਜਵੀਂ ਜਮਾਤ ਤੱਕ ਦੇ ਸਕੂਲ ਦੀ ਗੱਲ ਕਰਦੇ ਹਾਂ। ਭਾਵੇਂ ਸਾਡੇ ਪਰਿਵਾਰ ਵਿੱਚੋਂ ਕੋਈ ਵੀ ਇੱਥੇ ਨਹੀਂ ਸੀ ਪੜ੍ਹਿਆ ਪਰ ਇਸ ਸਕੂਲ ਵਿੱਚ ਸਾਡੇ ਪਰਿਵਾਰ ਦਾ ਆਉਣਾ ਜਾਣਾ ਕਾਫੀ ਰਹਿੰਦਾ ਸੀ । ਇਸ ਸਕੂਲ ਦਾ ਇੱਕ ਹੀ ਅਧਿਆਪਕ ਸੀ ਜਿਹੜਾ ਸਾਡਾ ਕਰੀਬੀ ਰਿਸ਼ਤੇਦਾਰ ਸੀ। ਸਮੇਂ – ਸਮੇਂ ਉੱਪਰ ਅਧਿਆਪਕ ਬਦਲਦੇ ਗਏ ਪਰ ਸਾਡੇ ਪਰਿਵਾਰ ਦੇ ਨਾਲ ਹਰੇਕ ਅਧਿਆਪਕ ਦੀ ਬਹੁਤ ਨੇੜਤਾ ਰਹੀ । ਸਕੂਲ ਦਾ ਅਧਿਆਪਕ ਭਾਵੇਂ ਬਦਲ ਜਾਂਦਾ ਪਰ ਹਰੇਕ ਅਧਿਆਪਕ ਸਕੂਲ ਦੇ ਸੁਧਾਰ ਦੀ ਮੰਗ ਜਰੂਰ ਕਰਦਾ ਰਿਹਾ ਪਰ ਪਿੰਡ ਦੀ ਪੰਚਾਇਤ ਦਾ ਧਿਆਨ ਕਦੇ ਇਸ ਸਕੂਲ ਦੇ ਸੁਧਾਰ ਵੱਲ ਨਹੀਂ ਹੋਇਆ। ਸਾਡੇ ਪਰਿਵਾਰ ਨੇ ਕੁਝ ਕੁ ਰਾਜਨੀਤਿਕ ਲੋਕਾਂ ਨਾਲ ਗੱਲਬਾਤ ਕਰਕੇ ਸਕੂਲ ਦੇ ਸੁਧਾਰ ਬਾਰੇ ਧਿਆਨ ਦਵਾਇਆ। ਸਭ ਤੋਂ ਪਹਿਲਾਂ ਪਿੰਡ ਜੀ ਪੰਚਾਇਤ ਬਦਲੀ ਗਈ ਤੇ ਨਵੀਂ ਪੰਚਾਇਤ ਨੇ ਸਕੂਲ ਦੀ ਇਮਾਰਤ ਵਿੱਚ ਸੁਧਾਰ ਕੀਤਾ ਤੇ ਇੱਕ ਪਾਣੀ ਪੀਣ ਵਾਸਤੇ ਨਲਕਾ ਵੀ ਲਗਵਾਇਆ । ਪਰ ਅਜੇ ਵੀ ਸਕੂਲ ਦਾ ਬਹੁਤ ਸਾਰਾ ਕੰਮ ਕਰਨਾ ਬਾਕੀ ਸੀ । ਸਾਡੇ ਘਰ ਦੇ ਸਾਹਮਣੇ ਚੜਦੇ ਪਾਸੇ ਕਾਫੀ ਵੱਡੀ ਸੜਕ ਸੀ ਚੌੜੀ ਵੀ ਸੀ ਤੇ ਸਾਡੇ ਆਂਢ ਗੁਆਂਢ ਦੇ ਬੱਚੇ ਇਕੱਠੇ ਹੋ ਕੇ ਉੱਥੇ ਕਦੀ ਗੁੱਲੀ ਡੰਡਾ, ਪਿੱਠੂ ਤੇ ਬਾਂਦਰ ਕੀਲਾ ਵਰਗੀਆਂ ਖੇਡਾਂ ਖੇਡਦੇ ਤੇ ਕਦੇ ਕਦੇ ਬਿੰਗੇ ਢੇਡੇ ਡੰਡੇ ਲੈ ਕੇ ਹਾਕੀ ਵੀ ਖੇਡਦੇ। ਸੜਕ ਦੇ ਨਾਲ – ਨਾਲ ਕਾਫੀ ਥਾ ਖਾਲੀ ਪਈ ਸੀ।  ਜਿੱਥੇ ਲੋਕੀ ਪਾਥੀਆਂ ਪੱਥਦੇ ਸੀ ਜਿਨਾਂ ਲੋਕਾਂ ਦੀਆਂ ਪਾਥੀਆਂ ਹੁੰਦੀਆਂ ਉਹਨਾਂ ਬੁੱਢੀਆਂ ਨੇ ਸਵੇਰੇ – ਸਵੇਰੇ ਨਿਆਣਿਆਂ ਨੂੰ ਗਾਲਾਂ ਕੱਢਣੀਆਂ। ਦੂਸਰੇ ਪਾਸੇ ਪਿੰਡ ਦਾ ਇਹ ਤਬਕਾ ਬੱਕਰੀਆਂ ਰੱਖਦਾ ਸੀ ਤੇ ਜਦੋ ਉਹ ਬੱਕਰੀਆਂ ਨੂੰ ਚਾਰਨ  ਜਾਦਾ ਤੇ ਕਦੇ ਕਦੇ ਬੱਕਰੀਆਂ ਤੁੱਕੇ ਖਾਣ ਵਾਸਤੇ ਪਾਥੀਆਂ ਵਾਲੀ ਜਗ੍ਹਾ ਵਿੱਚ ਜਾ ਵੜਦੀਆਂ ਤੇ ਪਾਥੀਆਂ ਭੰਨ ਦਿੰਦੀਆਂ।  ਇਹ ਸਭ ਕੁਝ ਹਰ ਰੋਜ਼ ਦੇਖਣ ਸੁਣਨ ਨੂੰ ਮਿਲਦਾ। ਇਕ ਹੋਰ ਵੀ ਰੋਲਾ ਹੁੰਦਾ । ਸਾਡੇ ਘਰ ਦੇ ਪਿਛਲੇ ਪਾਸੇ ਖੇਤ ਲੱਗਦੇ ਸਨ ਤੇ ਖੇਤਾਂ ਦੇ ਨਾਲ- ਨਾਲ ਇੱਕ ਕੱਚੀ ਸੜਕ ਵੀ ਸੀ। ਪਿੰਡ ਵਿੱਚ ਘਰ ਥੋੜੇ ਦੂਰ- ਦੂਰ ਹੋਣ ਕਰਕੇ ਲੋਕ ਨੇੜੇ ਦਾ ਰਾਸਤਾ ਭਾਲਦੇ ਰਹਿੰਦੇ।  ਲੋਕਾ ਨੇ ਖੇਤਾਂ ਦੇ ਵਿੱਚ ਦੀ ਲੰਘਣਾ ਸ਼ੁਰੂ ਕਰ ਦੇਣਾ ਤੇ ਡੰਡੀਆਂ ( ਛੋਟਾ ਰਸਤਾ) ਬਣਾ ਲੈਣਾ। ਖੇਤਾਂ ਵਾਲਿਆਂ ਨੇ ਨਿਤ ਹੀ ਲੜਾਈਆਂ ਕਰਨੀਆਂ ਕਿ ਸਾਡੀਆਂ ਫਸਲਾਂ ਲੋਕੀ ਉਜਾੜ ਰਹੇ ਹਨ ਤੇ ਕੁਝ ਕੁ ਬੱਚੇ ਕੱਚੀ ਸੜਕ ਦੇ ਉੱਪਰ ਖੇਡਦੇ ਹੋਣ ਕਰਕੇ  ਗੇਂਦਾਂ , ਫੁਟਬਾਲ ਜਾਂ ਗੁੱਲੀ ਲੱਭਦੇ ਖੇਤਾਂ ਦੀਆਂ ਫਸਲਾਂ ਖਰਾਬ ਕਰਦੇ। ਇਹ ਗੱਲ ਹਰ ਰੋਜ਼ ਦੀ ਸੀ। ਸਾਡੇ ਘਰ ਵਿੱਚ ਇੱਕ ਨਿੱਮ ਦਾ ਵੱਡਾ ਦਰਖਤ ਸੀ ਤੇ ਗਰਮੀਆਂ ਨੂੰ ਆਂਢ ਗੁਆਂਡ ਸਾਰਾ ਹੀ ਉੱਥੇ ਠੰਡੀ ਛਾਂ ਦਾ ਆਨੰਦ ਮਾਣਦਾ ਤੇ ਘਰ ਵਿੱਚ ਕਾਫੀ ਰੌਣਕ ਲੱਗੀ ਰਹਿੰਦੀ । ਸਾਡੇ ਆਂਢ ਗੁਆਂਢ ਦੇ ਘਰਾਂ ਦੀਆਂ ਕੰਧਾਂ ਕੱਚੀਆਂ ਤੇ ਛੋਟੀਆਂ – ਛੋਟੀਆਂ ਸੀ ।ਆਸਾਨੀ ਨਾਲ ਖਾਣ ਪੀਣ ਦਾ ਸਮਾਨ ਕੰਧ ਤੋਂ ਇਧਰ ਉਧਰ ਕਰ ਲੈਂਦੇ ਗੁਆਂਢੀਆਂ ਦੇ ਰਿਸ਼ਤੇਦਾਰ ਵੀ ਕੰਧ ਟੱਪ ਕੇ ਸਾਡੇ ਵੇਹੜੇ ਆ ਜਾਂਦੇ । ਸਾਡੇ ਦਾਦਾ ਜੀ ਦੇ ਚਚੇਰੇ ਮੁੰਡੇ ਦੇ ਸੱਸ ਸੋਹਰਾ ਉਹਨਾਂ ਦੇ ਨਾਲ ਹੀ ਰਹਿੰਦੇ ਸਨ । ਉਹਨਾਂ ਦੋਵਾਂ ਦੀ ਉਮਰ ਕੋਈ 90 – 95 ਸਾਲ ਦੀ ਸੀ । ਮੈਂ ਅਕਸਰ ਹੀ ਉਹਨਾਂ ਕੋਲ ਚਲਾ ਜਾਂਦਾ ਮਾਤਾ ਹਮੇਸ਼ਾ ਇਹ ਗੱਲ ਕਹਿੰਦੀ ਆਜਾ ਮੇਰੇ ਬੱਚਿਆਂ ਦੇ ਬੱਚਿਆ । ਹਰ ਰੋਜ਼ ਮੈਨੂੰ ਇਹ ਵੀ ਗੱਲ ਕਹਿੰਦੀ ਕਿ ਇਹ ਤੇਰੀ ਦਾਦੀ ਭਾਵੇਂ ਮੇਰੀ ਕੁੜੀ ਆ ਪਰ ਇਸ ਦਾ ਸੁਭਾਅ ਬਹੁਤ ਕੌੜਾ । ਇਹ ਗੱਲ ਤਾਂ ਸਾਰੇ ਪਿੰਡ ਨੂੰ ਪਤਾ ਸੀ ਕਿ ਮਾਈ ਦਾ ਸੁਭਾਅ ਬਹੁਤ ਖੱਬਾ ਹੈ।  ਅਸੀਂ ਕਹਿੰਦੇ ਵੀ ਉਸਨੂੰ ਮਾਈ ਹੀ ਸੀ । ਇਹਨਾਂ ਦੇ ਪਸ਼ੂ ਬਾਹਰ ਗਲੀ ਵਿੱਚ ਬੰਨੇ ਹੁੰਦੇ ਤੇ ਜਦੋਂ ਵੀ ਕੋਈ ਪਿੰਡ ਦੀ ਔਰਤ ਜਾਂ ਕਿਸੇ ਕੁੜੀ ਨੇ ਕੋਲ ਦੀ ਲੰਘਣਾ  ਤਾਂ ਮਾਈ ਨੇ ਕੁਝ ਨਾ ਕੁਝ ਪਸ਼ੂਆਂ ਨੂੰ ਕਹਿਣਾ ਜਰੂਰ ਹੁੰਦਾ । ਗਾਲਾਂ ਤੱਕ ਕੱਢ ਦਿੰਦੀ । ਪਿੰਡ ਦੇ ਸਾਰੇ ਲੋਕਾਂ ਨੂੰ ਉਸ ਦੇ ਸੁਭਾਅ ਦਾ ਪਤਾ ਸੀ ਤੇ ਕਈ ਔਰਤਾਂ ਤਾਂ ਹਾਸ ਹਾਸੇ ਵਿੱਚ ਇਹ ਵੀ ਕਹਿ ਦਿੰਦਿਆ ਮਾਈ ਸਾਡੀ ਗੁੱਤ ਪੁੱਟ ਲੇ । ਐਵੇਂ ਪਸ਼ੂਆਂ ਬਹਾਨੇ ਸਾਨੂੰ ਗਾਲਾਂ ਨਾ ਕੱਢ । ਮਾਤਾ ਕਿਸੇ ਨੂੰ ਵੀ ਨਹੀਂ ਸੀ ਬਖਸ਼ਦੀ । ਹਰ ਰੋਜ਼ ਆਂਡ ਗੁਆਂਢ ਵਿੱਚ ਕੋਈ ਨਾ ਕੋਈ ਮਸਲਾ ਖੜਾ ਹੀ ਰਹਿੰਦਾ ਪਰ ਮਨ ਵਿੱਚ ਕਿਸੇ ਦੀ ਕੋਈ ਗਿਲਾ ਸ਼ਿਕਵਾ ਨਹੀਂ ਹੁੰਦਾ ਸੀ । ਸ਼ਾਮ ਨੂੰ ਸਾਡੇ ਘਰ ਬੈਠ ਸਾਰਿਆਂ ਨੇ ਰਲ ਕੇ ਟੈਲੀਵਿਜ਼ਨ ਦੇਖਣਾ।  ਸਾਡੇ ਆਪਣੇ ਚਾਰ ਪੰਜ ਘਰਾਂ  ਵਿੱਚੋਂ ਸਾਡਾ ਪਰਿਵਾਰ ਹੀ ਪੜ੍ਹਿਆ ਲਿਖਿਆ ਸੀ । ਆਂਢ ਗੁਆਂਢ ਵਿੱਚ ਜਦੋਂ ਵੀ ਕੋਈ ਵਿਦੇਸ਼ ਤੋਂ ਚਿੱਠੀ ਪੱਤਰ ਆਉਂਦਾ ਤਾਂ ਮੇਰੇ ਕੋਲੋਂ ਪੜਾਉਣ ਆਉਂਦੇ ਤੇ ਅੰਗਰੇਜ਼ੀ ਵਿੱਚ ਚਿੱਠੀਆਂ ਦੇ ਉੱਪਰ ਐਡਰੈਸ ਵੀ ਲਿਖਾਉਣ ਆਉਦੇ । ਸਮੇਂ ਦੇ ਨਾਲ ਕਾਫੀ ਕੁੱਝ ਬਦਲ ਗਿਆ ਤੇ ਨਾਲ ਦੀ ਨਾਲ ਘਰਾਂ ਦੀਆਂ ਕੰਧਾਂ ਵੀ ਉੱਚੀਆਂ ਹੋਣ ਲੱਗ ਪਈਆਂ ਪਰ ਆਪਸੀ ਇਤਫਾਕ ਅਜੇ ਵੀ ਬਹੁਤ ਸੀ।  ਸਾਡਾ ਸਾਰਾ ਪਰਿਵਾਰ ਵਿਦੇਸ਼ ਵਿੱਚ ਸੀ ਤੇ ਮੇਰੇ ਵੀ ਵਿਦੇਸ਼ ਜਾਣ ਦਾ ਸਮਾਂ ਨੇੜੇ ਆ ਗਿਆ। ਸਾਰਿਆਂ ਨੂੰ ਖੁਸ਼ੀ ਹੋਈ ਕਿ ਸਾਡੇ ਘਰਾਂ ਵਿੱਚੋਂ ਇੱਕ ਹੋਰ ਮੂੰਡਾ ਵਿਦੇਸ਼ ਜਾ ਰਿਹਾ ਹੈ। ਹੁਣ ਆਂਢ ਗੁਆਂਢ ਦਾ ਆਉਣਾ ਜਾਣਾ ਸਾਡੇ ਘਰ ਕੁਝ ਜਿਆਦਾ ਹੋ ਗਿਆ । ਹਰ ਰੋਜ਼ ਮੈਨੂੰ ਪੁੱਛੀ ਜਾਣਾ ਕਿੰਨੇ ਕੁ ਦਿਨ ਹੋਰ ਰਹਿ ਗਏ ।  ਹੁਣ ਹਫਤਾ ਕੋ ਰਹਿ ਗਿਆ ਸੀ ਮੇਰੇ ਵਿਦੇਸ਼ ਜਾਣ ਵਿੱਚ ਤੇ ਆਂਡ ਗੁਆਂਢ ਦੀਆਂ ਚਾਚੀਆ , ਤਾਂਈਆਂ ਨੇ ਇਕੱਠੇ ਹੋ ਕੇ ਇੱਕ ਰਜਾਈ ਨਿਗੰਦਣੀ ਸ਼ੁਰੂ ਕੀਤੀ।
ਦੋ ਦਿਨਾਂ ਵਿੱਚ ਰਜਾਈ ਬਣਾ ਦਿੱਤੀ ਬੜੇ ਚਾਵਾਂ ਨਾਲ ਸੂਈ ਧਾਗੇ ਨਾਲ ਨਗੰਦੀ ਤੇ ਹੱਥ ਨਾਲ ਰਜਾਈ ਦਾ ਗਲੇਫ ( ਕਵਰ ) ਵੀ ਬਣਾਇਆ ਤੇ ਬੈਗ ਵਿੱਚ ਪਾ ਦਿੱਤੀ ।  ਸਾਰਿਆਂ ਨੇ ਤਾਗੀਦ ਕੀਤੀ ਕਿ ਸਾਨੂੰ ਰਜਾਈ ਦੇ ਬਹਾਨੇ ਯਾਦ ਜਰੂਰ ਕਰ ਲਿਆ ਕਰੀ।  ਵਿਦੇਸ਼ ਜਾਣ ਦਾ ਦਿਨ ਆ ਗਿਆ ਸਾਰਾ ਆਂਢ ਗੁਆਂਢ ਇਕੱਠਾ ਹੋਇਆ ਤੇ ਸਾਰਿਆਂ ਨੇ ਪੰਜ -10 ਰੁਪਏ ਮੈਨੂੰ ਪਿਆਰ ਦਿੱਤੇ।  ਸਾਰਿਆਂ ਨੇ ਮੇਰੇ ਸਿਰ ਨੂੰ ਪਲੋਸਿਆ

ਤੇ ਕਿਹਾ ਕਿ ਸਾਨੂੰ ਭੁੱਲ ਨਾ ਜਾਈ। ਸਾਰਿਆਂ ਦੀਆਂ ਪਾਣੀ ਨਾਲ ਭਰੀਆਂ ਅੱਖਾਂ ਛੱਡ ਮੈ ਗੱਡੀ ਵਿੱਚ ਬੈਠ ਪਿੰਡ ਦੀ ਜੂਹ ਲੰਘ ਆਇਆ। ਅੱਜ 25 ਸਾਲ ਬਾਅਦ ਵੀ ਉਹ ਰਜਾਈ ਨੂੰ ਦੇਖ ਕੇ ਮੈਨੂੰ ਮੇਰੇ ਪੁਰਾਣੇ  ਆਂਢ ਗੁਆਂਢ ਦੀਯਾਦ ਤਾਜਾ ਹੋ ਜਾਂਦੀ।
       ਪ੍ਰਦੀਪ ਚਿੱਜੜ