ਮੂਵ-ਆਨ ਆਰਡਰ’ , ਆਕਲੈਂਡ ਸਿਟੀ ਮਿਸ਼ਨ ਦੀ ਚੇਤਾਵਨੀ: “ Homeless ਲੋਕਾਂ ਨੂੰ ਆਕਲੈਂਡ city ਤੋ ਭਜਾਉਣਾ ਹੱਲ ਨਹੀਂ”।

ਆਕਲੈਂਡ ਸਿਟੀ ਮਿਸ਼ਨ ਦਾ ਸਪੱਸ਼ਟ ਸੰਦੇਸ਼ ਹੈ—ਬੇਘਰ ਲੋਕਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਭਜਾਉਣ ਨਾਲ ਬੇਘਰੀ ਖ਼ਤਮ ਨਹੀਂ ਹੋਵੇਗੀ; ਇਸ ਲਈ ਘਰ, ਆਸਰਾ ਅਤੇ ਸਹਾਇਤਾ ਦੀ ਲੋੜ ਹੈ।

ਪ੍ਰਦੀਪ  ਚਿੱਜੜ
ਆਕਲੈਂਡ:- 03 ਸਤੰਬਰ  2026

ਨਿਊਜ਼ੀਲੈਂਡ ਵਿੱਚ ਪ੍ਰਸਤਾਵਿਤ ‘ਮੂਵ-ਆਨ ਆਰਡਰ’ ਕਾਨੂੰਨ ਨੂੰ ਲੈ ਕੇ ਵਿਵਾਦ ਹੋਰ ਗਹਿਰਾ ਹੋ ਗਿਆ ਹੈ। ਨੌਜਵਾਨ ਬੇਘਰ ਲੋਕਾਂ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਨੇ 14 ਤੋਂ 18 ਸਾਲ ਦੀ ਉਮਰ ਵਾਲੇ ਨੌਜਵਾਨਾਂ ਨੂੰ ਇਸ ਕਾਨੂੰਨ ਤੋਂ ਬਾਹਰ ਰੱਖਣ ਦੀ ਸੰਭਾਵਿਤ ਸਿਫ਼ਾਰਸ਼ ਨੂੰ ਚੰਗਾ ਪਹਿਲਾ ਕਦਮ ਦੱਸਿਆ ਹੈ, ਪਰ ਉਹ ਕਾਨੂੰਨ ਨੂੰ ਪੂਰੀ ਤਰ੍ਹਾਂ ਰੱਦ ਕਰਨ ਦੀ ਮੰਗ ਕਰ ਰਹੀਆਂ ਹਨ।
ਮੌਜੂਦਾ ਬਿੱਲ ਤਹਿਤ ਪੁਲਿਸ ਨੂੰ ਜਨਤਕ ਥਾਵਾਂ ’ਤੇ ਧਮਕਾਉਣ ਵਾਲੇ, ਵਿਘਨ ਪੈਦਾ ਕਰਨ ਵਾਲੇ ਜਾਂ ਅਸ਼ਾਂਤ ਵਿਹਾਰ, ਕਾਰੋਬਾਰ ਵਿੱਚ ਦਾਖ਼ਲੇ ਨੂੰ ਰੋਕਣ, ਸ਼ਾਂਤੀ ਭੰਗ ਕਰਨ, ਭੀਖ ਮੰਗਣ ਅਤੇ ਰਫ਼ ਸਲੀਪਿੰਗ (ਸੜਕਾਂ ਜਾਂ ਜਨਤਕ ਥਾਵਾਂ ’ਤੇ ਸੌਣ) ਵਰਗੇ ਮਾਮਲਿਆਂ ਵਿੱਚ ਲੋਕਾਂ ਨੂੰ ‘ਮੂਵ-ਆਨ ਆਰਡਰ’ ਦੇਣ ਦੀ ਤਾਕਤ ਮਿਲਣੀ ਹੈ। ਮੌਜੂਦਾ ਬਿੱਲ ਵਿੱਚ ਇਹ ਹੁਕਮ 14 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵਿਅਕਤੀ ਨੂੰ ਦਿੱਤਾ ਜਾ ਸਕਦਾ ਹੈ ਅਤੇ ਹੁਕਮ ਵੱਧ ਤੋਂ ਵੱਧ 24 ਘੰਟਿਆਂ ਲਈ ਹੋ ਸਕਦਾ ਹੈ।
“14 ਸਾਲ ਦੇ ਬੱਚੇ ਨੂੰ ਭਜਾਉਣਾ ਨੈਤਿਕ ਤੌਰ ’ਤੇ ਗਲਤ”
ਆਕਲੈਂਡ ਸਿਟੀ ਮਿਸ਼ਨ ਦੀ ਮੁਖੀ ਹੈਲਨ ਰੌਬਿਨਸਨ ਨੇ ਕਿਹਾ ਕਿ ਜੇ 14 ਜਾਂ 15 ਸਾਲ ਦਾ ਬੱਚਾ ਸੜਕ ’ਤੇ ਰਹਿ ਰਿਹਾ ਹੈ ਤਾਂ ਪਹਿਲੀ ਪ੍ਰਤੀਕਿਰਿਆ ਉਸ ਨੂੰ ਉਥੋਂ ਭਜਾਉਣਾ ਨਹੀਂ, ਸਗੋਂ ਉਸ ਦੀ ਸੁਰੱਖਿਆ ਅਤੇ ਮਦਦ ਕਰਨਾ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ 14 ਸਾਲ ਦੀ ਉਮਰ ਤੋਂ ਇਹ ਹੁਕਮ ਲਾਗੂ ਕਰਨਾ “ਮੋਰਲੀ ਰਿਪ੍ਰਿਹੈਂਸਿਬਲ” (ਨੈਤਿਕ ਤੌਰ ’ਤੇ ਬਹੁਤ ਗਲਤ) ਹੋਵੇਗਾ। ਮਿਸ਼ਨ ਨੇ ਜੁਲਾਈ ਵਿੱਚ ਸੰਸਦੀ ਕਮੇਟੀ ਨੂੰ ਦਿੱਤੀ ਆਪਣੀ ਪੇਸ਼ਕਸ਼ ਵਿੱਚ ਵੀ ਬਿੱਲ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਇਹ ਬੇਘਰ ਲੋਕਾਂ ਦੇ ਜੀਊਣ ਲਈ ਕੀਤੇ ਜਾਣ ਵਾਲੇ ਵਿਹਾਰਾਂ ਨੂੰ ਅਪਰਾਧਿਕ ਨਿਆਂ ਪ੍ਰਣਾਲੀ ਵੱਲ ਧੱਕ ਸਕਦਾ ਹੈ।
ਭੀਖ ਮੰਗਣਾ ਅਤੇ ਸੜਕ ’ਤੇ ਸੌਣਾ ‘ਸਰਵਾਈਵਲ ਬਿਹੇਵੀਅਰ’
ਰੌਬਿਨਸਨ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਕੋਲ ਰਹਿਣ ਲਈ ਘਰ ਨਹੀਂ, ਉਨ੍ਹਾਂ ਲਈ ਸੜਕ ’ਤੇ ਸੌਣਾ ਕੋਈ ਚੋਣ ਨਹੀਂ—ਇਹ ਮਜਬੂਰੀ ਅਤੇ ਜੀਊਣ ਦਾ ਤਰੀਕਾ ਹੈ। ਇਸੇ ਤਰ੍ਹਾਂ ਭੀਖ ਮੰਗਣ ਵਾਲੇ ਕਈ ਲੋਕਾਂ ਕੋਲ ਖਾਣ-ਪੀਣ ਜਾਂ ਹੋਰ ਜ਼ਰੂਰੀ ਚੀਜ਼ਾਂ ਲਈ ਪੈਸੇ ਨਹੀਂ ਹੁੰਦੇ।
ਉਨ੍ਹਾਂ ਕਿਹਾ ਕਿ ਜੇ ਸਰਕਾਰ ਸੱਚਮੁੱਚ ਸਮੱਸਿਆ ਦਾ ਹੱਲ ਚਾਹੁੰਦੀ ਹੈ ਤਾਂ ਲੋਕਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਭਜਾਉਣ ਦੀ ਬਜਾਏ ਤੁਰੰਤ ਆਸਰਾ, ਪੱਕਾ ਘਰ ਅਤੇ ਕਿਰਾਏਦਾਰੀ ਕਾਇਮ ਰੱਖਣ ਲਈ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਉਣੀ ਚਾਹੀਦੀ ਹੈ।
ਆਕਲੈਂਡ ਵਿੱਚ 65 ਤੁਰੰਤ ਬੈੱਡ, ਲੋੜ ਸੈਂਕੜਿਆਂ ਦੀ
ਆਕਲੈਂਡ ਵਿੱਚ ਇਸ ਸਮੇਂ ਬੇਘਰ ਲੋਕਾਂ ਲਈ 65 ‘immediate-access’ ਬੈੱਡ ਉਪਲਬਧ ਹਨ, ਜਿਨ੍ਹਾਂ ਵਿੱਚੋਂ 20 ਆਕਲੈਂਡ ਸਿਟੀ ਮਿਸ਼ਨ ਚਲਾਉਂਦਾ ਹੈ। ਮਿਸ਼ਨ ਦਾ ਅੰਦਾਜ਼ਾ ਹੈ ਕਿ ਸਿਰਫ਼ ਸੈਂਟਰਲ ਆਕਲੈਂਡ ਲਈ ਲਗਭਗ 200 ਅਤੇ ਪੂਰੇ ਆਕਲੈਂਡ ਲਈ ਕਰੀਬ 1,000 ਅਜਿਹੇ ਬੈੱਡਾਂ ਦੀ ਲੋੜ ਹੈ।
ਰੌਬਿਨਸਨ ਨੇ ਕਿਹਾ ਕਿ ਕੁਝ ਇਲਾਕਿਆਂ ਵਿੱਚ ਨਾਈਟ ਸ਼ੈਲਟਰ ਮੌਜੂਦ ਹਨ, ਪਰ ਸੈਂਕੜੇ ਲੋਕ ਅਜੇ ਵੀ ਅਜਿਹੇ ਹਨ ਜਿਨ੍ਹਾਂ ਨੂੰ ਰਾਤ ਲਈ ਸੁਰੱਖਿਅਤ ਥਾਂ ਨਹੀਂ ਮਿਲਦੀ।
ਪੁਲਿਸ ਨੂੰ ਨਵੀਆਂ ਤਾਕਤਾਂ ਦੇਣ ਵਾਲਾ ਬਿੱਲ
ਸਰਕਾਰ ਵੱਲੋਂ ਲਿਆਂਦੇ ਬਿੱਲ ਦਾ ਉਦੇਸ਼ ਜਨਤਕ ਥਾਵਾਂ ’ਤੇ ਘੱਟ ਪੱਧਰ ਦੇ ਅਸ਼ਾਂਤ ਵਿਹਾਰ ਨੂੰ ਰੋਕਣਾ ਅਤੇ ਲੋਕਾਂ ਦੀ ਸੁਰੱਖਿਆ ਦੀ ਭਾਵਨਾ ਵਧਾਉਣਾ ਹੈ। ਪ੍ਰਸਤਾਵਿਤ ਕਾਨੂੰਨ ਮੁਤਾਬਕ ‘ਮੂਵ-ਆਨ ਆਰਡਰ’ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਨੂੰ 3 ਮਹੀਨੇ ਤੱਕ ਦੀ ਕੈਦ ਜਾਂ $2,000 ਤੱਕ ਜੁਰਮਾਨਾ ਹੋ ਸਕਦਾ ਹੈ।