
ਪੁਲਿਸ ਤੋਂ ਕਾਤਲ ਪਤੀ ਦੇ ਜੁੱਤੇ ਲੁਕਾਏ, ਅਦਾਲਤ ਨੇ ਕਿਹਾ—‘ਤੁਹਾਡੇ ਕੋਲ ਸਹੀ ਕੰਮ ਕਰਨ ਦਾ ਮੌਕਾ ਸੀ, ਪਰ ਤੁਸੀਂ ਨਹੀਂ ਕੀਤਾ’
ਪ੍ਰਦੀਪ ਚਿੱਜੜ
ਆਕਲੈਂਡ:- 03 ਸਤੰਬਰ 2026
ਆਪਣੇ ਪਤੀ ਵੱਲੋਂ ਕੀਤੇ ਕਤਲ ਨਾਲ ਜੁੜੇ ਅਹਿਮ ਸਬੂਤ ਪੁਲਿਸ ਤੋਂ ਲੁਕਾਉਣ ਦੇ ਦੋਸ਼ ਵਿੱਚ 31 ਸਾਲਾ ਗੁਰਪ੍ਰੀਤ ਕੌਰ ਨੂੰ ਡੁਨੀਡਿਨ ਹਾਈ ਕੋਰਟ ਨੇ ਪੰਜ ਮਹੀਨੇ ਦੀ ਘਰ ਨਜ਼ਰਬੰਦੀ ਦੀ ਸਜ਼ਾ ਸੁਣਾਈ ਹੈ। ਗੁਰਪ੍ਰੀਤ ਨੇ ਨਿਆਂ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਨੂੰ ਕਬੂਲ ਕੀਤਾ ਸੀ।
ਗੁਰਪ੍ਰੀਤ ਦਾ ਪਤੀ 35 ਸਾਲਾ ਰਾਜਿੰਦਰ ਪਿਛਲੇ ਸਾਲ ਜੂਰੀ ਟਰਾਇਲ ਤੋਂ ਬਾਅਦ 27 ਸਾਲਾ ਗੁਰਜੀਤ ਸਿੰਘ ਦੇ ਕਤਲ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ। ਇਸ ਸਾਲ ਅਪ੍ਰੈਲ ਵਿੱਚ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ, ਜਿਸ ਵਿੱਚ ਘੱਟੋ-ਘੱਟ 17 ਸਾਲ 6 ਮਹੀਨੇ ਜੇਲ੍ਹ ਵਿੱਚ ਰਹਿਣ ਦਾ ਹੁਕਮ ਦਿੱਤਾ ਗਿਆ।
ਅਦਾਲਤ ਨੂੰ ਦੱਸਿਆ ਗਿਆ ਕਿ ਕਤਲ ਤੋਂ ਬਾਅਦ ਗੁਰਪ੍ਰੀਤ ਨੇ ਆਪਣੇ ਪਤੀ ਦੇ ਜੁੱਤਿਆਂ ਦੀ ਇੱਕ ਜੋੜੀ ਪੁਲਿਸ ਤੋਂ ਲੁਕਾ ਦਿੱਤੀ ਸੀ। ਪੁਲਿਸ ਨੇ ਕਤਲ ਤੋਂ ਲਗਭਗ ਇੱਕ ਹਫ਼ਤੇ ਬਾਅਦ ਜਦੋਂ ਉਸ ਦੀ ਕੰਮ ਵਾਲੀ ਥਾਂ ’ਤੇ ਪਹੁੰਚ ਕੀਤੀ ਤਾਂ ਉਹ ਬਾਥਰੂਮ ਗਈ। ਅਧਿਕਾਰੀਆਂ ਨੇ ਦੱਸਿਆ ਕਿ ਉਹ ਕਰੀਬ ਚਾਰ ਮਿੰਟ ਅੰਦਰ ਰਹੀ ਅਤੇ ਬਾਹਰ ਆਉਣ ਸਮੇਂ ਬਹੁਤ ਘਬਰਾਈ ਹੋਈ, ਪਸੀਨੇ ਨਾਲ ਭਿੱਜੀ ਅਤੇ ਕੰਬ ਰਹੀ ਸੀ।
ਬਾਅਦ ਵਿੱਚ ਪੁਲਿਸ ਨੇ ਬਾਥਰੂਮ ਵਿੱਚ ਪਏ 60 ਲੀਟਰ ਦੇ ਕੂੜੇਦਾਨ ਵਿੱਚੋਂ, ਲਾਈਨਰ ਦੇ ਹੇਠਾਂ ਇੱਕ ਬੰਦ ਬੈਗ ਬਰਾਮਦ ਕੀਤਾ। ਇਸ ਵਿੱਚ ਰਾਜਿੰਦਰ ਦੇ ਕਾਲੇ ਜੁੱਤੇ ਮਿਲੇ।
ਫੋਰੈਂਸਿਕ ਜਾਂਚ ਦੌਰਾਨ ਜੁੱਤਿਆਂ ਦੇ ਤਲਿਆਂ ਤੋਂ ਸ਼ੀਸ਼ੇ ਦੇ ਬਹੁਤ ਛੋਟੇ ਟੁਕੜੇ ਮਿਲੇ, ਜੋ ਉਸ ਖਿੜਕੀ ਦੇ ਟੁੱਟੇ ਸ਼ੀਸ਼ੇ ਨਾਲ ਮੇਲ ਖਾਂਦੇ ਸਨ ਜੋ ਕਤਲ ਦੌਰਾਨ ਟੁੱਟੀ ਸੀ।
ਗੁਰਪ੍ਰੀਤ ਨੇ ਪਹਿਲਾਂ ਜੁੱਤਿਆਂ ਬਾਰੇ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ। ਬਾਅਦ ਵਿੱਚ ਪੁੱਛਗਿੱਛ ਦੌਰਾਨ ਉਸ ਨੇ ਮੰਨਿਆ ਕਿ ਜੁੱਤੇ ਉਸ ਦੇ ਪਤੀ ਦੇ ਸਨ ਅਤੇ ਉਸ ਨੇ ਦਾਅਵਾ ਕੀਤਾ ਕਿ ਰਾਜਿੰਦਰ ਨੇ ਉਸ ਨੂੰ ਇਹ ਜੁੱਤੇ ਇਸ ਲਈ ਦਿੱਤੇ ਸਨ ਕਿਉਂਕਿ ਉਸ ਨੂੰ ਇਹ ਪਸੰਦ ਨਹੀਂ ਸਨ।
ਤੁਹਾਡੇ ਕੋਲ ਸਹੀ ਕੰਮ ਕਰਨ ਦਾ ਮੌਕਾ ਸੀ’
ਜਸਟਿਸ ਜੋਨਾਥਨ ਈਟਨ ਨੇ ਕਿਹਾ ਕਿ ਗੁਰਪ੍ਰੀਤ ਨੂੰ ਸਹੀ ਕੰਮ ਕਰਨ ਦਾ ਮੌਕਾ ਮਿਲਿਆ ਸੀ, ਪਰ ਉਸ ਨੇ ਅਜਿਹਾ ਨਹੀਂ ਕੀਤਾ। ਜੱਜ ਨੇ ਇਹ ਵੀ ਕਿਹਾ ਕਿ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਜੁੱਤਿਆਂ ਨੂੰ ਕੰਮ ਵਾਲੀ ਥਾਂ ’ਤੇ ਲਿਜਾਣ ਲਈ ਕੋਈ ਯੋਜਨਾ ਬਣੀ ਹੋਈ ਲੱਗਦੀ ਹੈ।
ਬਚਾਅ ਪੱਖ ਦੇ ਵਕੀਲ ਨੇ ਦਲੀਲ ਦਿੱਤੀ ਕਿ ਵਿਆਹ ਨਾਲ ਜੁੜੇ ਕੁਝ ਸੱਭਿਆਚਾਰਕ ਅਤੇ ਪਰਿਵਾਰਕ ਦਬਾਅ ਨੇ ਗੁਰਪ੍ਰੀਤ ਨੂੰ ਆਪਣੇ ਪਤੀ ਦੀ ਗੱਲ ਮੰਨਣ ਲਈ ਮਜਬੂਰ ਕੀਤਾ ਹੋ ਸਕਦਾ ਹੈ। ਉਸ ਨੇ ਕਿਹਾ ਕਿ ਉਸ ਸਮੇਂ ਗੁਰਪ੍ਰੀਤ ਡਰੀ ਹੋਈ ਸੀ ਅਤੇ ਉਸ ਨੂੰ ਕਤਲ ਬਾਰੇ ਪੂਰੀ ਜਾਣਕਾਰੀ ਨਹੀਂ ਸੀ।
ਪਰ ਜੱਜ ਨੇ ਕਿਹਾ ਕਿ ਕਤਲ ਦੇ ਸਬੂਤ ਜਾਣਬੁੱਝ ਕੇ ਲੁਕਾਉਣ ਵਾਲੇ ਮਾਮਲੇ ਵਿੱਚ ਅਦਾਲਤ ਨੂੰ ਸਖ਼ਤ ਰੁਖ ਅਪਣਾਉਂਦੇ ਹੋਏ ਨਜ਼ਰ ਆਉਣਾ ਚਾਹੀਦਾ ਹੈ।
ਕਤਲ ਦੀ ਰਾਤ ਹੋਇਆ ਸੀ ਬੇਹੱਦ ਵਹਿਸ਼ੀ ਹਮਲਾ।
ਅਦਾਲਤ ਨੂੰ ਦੱਸਿਆ ਗਿਆ ਕਿ 28 ਜਨਵਰੀ 2024 ਦੀ ਰਾਤ ਰਾਜਿੰਦਰ ਡੁਨੀਡਿਨ ਦੇ ਲਿਬਰਟਨ ਸਥਿਤ ਗੁਰਜੀਤ ਸਿੰਘ ਦੇ ਘਰ ਗਿਆ ਸੀ। ਉਸ ਨੇ ਕੁਝ ਘੰਟੇ ਪਹਿਲਾਂ ਹੀ ਇੱਕ ਹੰਟਿੰਗ ਸਟੋਰ ਤੋਂ ਚਾਕੂ ਖਰੀਦਿਆ ਸੀ।
ਪੋਸਟਮਾਰਟਮ ਵਿੱਚ ਸਾਹਮਣੇ ਆਇਆ ਕਿ ਗੁਰਜੀਤ ਸਿੰਘ ਨੂੰ ਘੱਟੋ-ਘੱਟ 46 ਵਾਰ ਚਾਕੂ ਮਾਰਿਆ ਗਿਆ ਅਤੇ ਕਾਤਲ ਨੇ ਉਸ ਦਾ ਸਿਰ ਧੜ ਤੋਂ ਵੱਖ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ।
ਮ੍ਰਿਤਕ ਦੀ ਪਤਨੀ ਕਮਲਜੀਤ ਕੌਰ, ਜੋ ਕੁਝ ਹੀ ਦਿਨਾਂ ਬਾਅਦ ਆਪਣੇ ਪਤੀ ਕੋਲ ਡੁਨੀਡਿਨ ਜਾਣ ਵਾਲੀ ਸੀ, ਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਉਸ ਦੀ ਜ਼ਿੰਦਗੀ ਇੱਕ ‘ਜਿਉਂਦਾ ਨਰਕ’ ਬਣ ਗਈ ਹੈ।
ਅਦਾਲਤ ਨੂੰ ਇਹ ਵੀ ਦੱਸਿਆ ਗਿਆ ਕਿ ਗੁਰਪ੍ਰੀਤ ਹੁਣ ਰਾਜਿੰਦਰ ਤੋਂ ਤਲਾਕ ਲੈਣ ਦੀ ਪ੍ਰਕਿਰਿਆ ਵਿੱਚ ਹੈ ਅਤੇ ਉਸ ਦੇ ਹੱਕ ਵਿੱਚ ਆਪਣੇ ਸਾਬਕਾ ਪਤੀ ਅਤੇ ਉਸ ਦੇ ਪਰਿਵਾਰ ਦੇ ਕੁਝ ਮੈਂਬਰਾਂ ਖ਼ਿਲਾਫ਼ ਸੁਰੱਖਿਆ ਹੁਕਮ ਵੀ ਜਾਰੀ ਹੋ ਚੁੱਕੇ ਹਨ।



