3 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ Merchant Navy Day।🇳🇿 ਜੰਗ ਦੇ ਮੈਦਾਨ ਤੋਂ ਵੀ ਵੱਧ ਖ਼ਤਰਨਾਕ ਸੀ ਸਮੁੰਦਰ—ਮਰਚੈਂਟ ਨੇਵੀ ਦੇ ਬਹਾਦਰਾ  ਨੂੰ  ਸਲਾਮ।

ਪ੍ਰਦੀਪ ਚਿੱਜੜ
ਆਕਲੈਂਡ:- 03 ਸਤੰਬਰ  2026

3 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ Merchant Navy Day; ਦੂਜੀ ਵਿਸ਼ਵ ਜੰਗ ਦੌਰਾਨ ਹਜ਼ਾਰਾਂ ਨਿਊਜ਼ੀਲੈਂਡ ਵਾਸੀਆਂ ਨੇ ਜਾਨ ਜੋਖ਼ਮ ਵਿੱਚ ਪਾ ਕੇ ਫੌਜ ਤੱਕ ਪਹੁੰਚਾਇਆ ਸੀ ਜ਼ਰੂਰੀ ਸਮਾਨ
ਆਕਲੈਂਡ/ਵੈਲਿੰਗਟਨ: ਹਰ ਸਾਲ 3 ਸਤੰਬਰ ਨੂੰ Merchant Navy Day ਉਨ੍ਹਾਂ ਬਹਾਦਰ ਮਰਚੈਂਟ ਜਹਾਜ਼ੀਆਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ, ਜਿਨ੍ਹਾਂ ਨੇ ਜੰਗ ਦੇ ਦੌਰਾਨ ਦੁਨੀਆ ਭਰ ਦੀਆਂ ਸਮੁੰਦਰੀ ਸਪਲਾਈ ਲਾਈਨਾਂ ਨੂੰ ਚਾਲੂ ਰੱਖਣ ਲਈ ਆਪਣੀਆਂ ਜਾਨਾਂ ਤੱਕ ਦਾਅ ’ਤੇ ਲਗਾ ਦਿੱਤੀਆਂ।
ਇਸ ਦਿਨ ਦੀ ਤਾਰੀਖ 3 ਸਤੰਬਰ 1939 ਦੀ ਉਸ ਘਟਨਾ ਨਾਲ ਜੁੜੀ ਹੈ, ਜਦੋਂ ਦੂਜੀ ਵਿਸ਼ਵ ਜੰਗ ਸ਼ੁਰੂ ਹੋਣ ਤੋਂ ਕੁਝ ਹੀ ਘੰਟਿਆਂ ਬਾਅਦ ਬ੍ਰਿਟਿਸ਼ ਯਾਤਰੀ ਜਹਾਜ਼ SS Athenia ਨੂੰ ਜਰਮਨ ਪਣਡੁੱਬੀ ਨੇ ਟਾਰਪੀਡੋ ਨਾਲ ਨਿਸ਼ਾਨਾ ਬਣਾਇਆ। ਇਸ ਹਮਲੇ ਵਿੱਚ 110 ਯਾਤਰੀਆਂ ਅਤੇ ਜਹਾਜ਼ੀ ਅਮਲੇ ਦੀ ਮੌਤ ਹੋਈ।
ਗੋਲੀਆਂ ਚਲਾਉਣ ਦੀ ਥਾਂ ਸਮੁੰਦਰ ਵਿੱਚ ਜਾਨਾਂ ਦਾਅ ’ਤੇ ਲਾਈਆਂ
ਦੂਜੀ ਵਿਸ਼ਵ ਜੰਗ ਦੌਰਾਨ ਮਰਚੈਂਟ ਨੇਵੀ ਦੇ ਨਾਗਰਿਕ ਜਹਾਜ਼ੀ ਸਿਪਾਹੀ ਨਹੀਂ ਸਨ, ਪਰ ਉਨ੍ਹਾਂ ਦੀ ਭੂਮਿਕਾ ਜੰਗੀ ਯਤਨਾਂ ਲਈ ਬੇਹੱਦ ਮਹੱਤਵਪੂਰਨ ਸੀ। ਉਹ ਖ਼ਤਰਨਾਕ ਸਮੁੰਦਰੀ ਰਸਤਿਆਂ ਰਾਹੀਂ ਫੌਜੀ ਜਵਾਨਾਂ, ਹਥਿਆਰਾਂ ਅਤੇ ਸਾਜ਼ੋ-ਸਾਮਾਨ, ਖਾਣ-ਪੀਣ, ਬਾਲਣ ਅਤੇ ਹੋਰ ਜ਼ਰੂਰੀ ਸਮਾਨ ਨੂੰ ਇੱਕ ਦੇਸ਼ ਤੋਂ ਦੂਜੇ ਦੇਸ਼ ਤੱਕ ਪਹੁੰਚਾਉਂਦੇ ਸਨ।
ਕਈ ਜਹਾਜ਼ ਟਾਰਪੀਡੋ ਅਤੇ ਬੰਬ ਹਮਲਿਆਂ ਦਾ ਸ਼ਿਕਾਰ ਹੋਏ। ਕਈ ਜਹਾਜ਼ੀ ਜਾਨ ਬਚਾਉਣ ਲਈ ਦਿਨਾਂ ਜਾਂ ਹਫ਼ਤਿਆਂ ਤੱਕ ਲਾਈਫ਼ਬੋਟਾਂ ਵਿੱਚ ਸਮੁੰਦਰ ’ਤੇ ਭਟਕਦੇ ਰਹੇ। ਨਿਊਜ਼ੀਲੈਂਡ ਤੋਂ ਵੀ ਹਜ਼ਾਰਾਂ ਲੋਕਾਂ ਨੇ ਮਰਚੈਂਟ ਨੇਵੀ ਵਿੱਚ ਸੇਵਾ ਕੀਤੀ, ਜਿਨ੍ਹਾਂ ਵਿੱਚੋਂ 140 ਤੋਂ ਵੱਧ ਨਿਊਜ਼ੀਲੈਂਡ ਦੇ ਮਰਚੈਂਟ ਜਹਾਜ਼ੀ ਦੂਜੀ ਵਿਸ਼ਵ ਜੰਗ ਦੌਰਾਨ ਮਾਰੇ ਗਏ, ਜਦਕਿ ਲਗਭਗ ਇੰਨੀ ਹੀ ਗਿਣਤੀ ਵਿੱਚ ਲੋਕ ਜੰਗੀ ਕੈਦੀ ਬਣੇ।
‘ਚੌਥੀ ਸਰਵਿਸ’ ਵਜੋਂ ਮਿਲਿਆ ਸਨਮਾਨ
ਮਿੱਤਰ ਦੇਸ਼ਾਂ ਦੀ ਜੰਗੀ ਮੁਹਿੰਮ ਲਈ ਮਰਚੈਂਟ ਨੇਵੀ ਦਾ ਯੋਗਦਾਨ ਇੰਨਾ ਮਹੱਤਵਪੂਰਨ ਸੀ ਕਿ ਇਸ ਨੂੰ ਫੌਜ, ਨੇਵੀ ਅਤੇ ਏਅਰ ਫੋਰਸ ਦੇ ਨਾਲ ‘ਚੌਥੀ ਸਰਵਿਸ’ ਵਜੋਂ ਮਾਨਤਾ ਮਿਲੀ।
ਨਿਊਜ਼ੀਲੈਂਡ ਸਰਕਾਰ ਨੇ 2010 ਵਿੱਚ ਬ੍ਰਿਟੇਨ ਅਤੇ ਹੋਰ ਕਾਮਨਵੈਲਥ ਦੇਸ਼ਾਂ ਨਾਲ ਮਿਲ ਕੇ Merchant Navy Day ਮਨਾਉਣ ਦਾ ਐਲਾਨ ਕੀਤਾ ਸੀ।
ਇਸ ਸਾਲ 3 ਸਤੰਬਰ 2026 ਨੂੰ ਵੈਲਿੰਗਟਨ ਦੇ Pukeahu National War Memorial Park ਵਿਖੇ ਰਾਸ਼ਟਰੀ ਯਾਦਗਾਰੀ ਸਮਾਗਮ ਹੋ ਰਿਹਾ ਹੈ।
ਆਕਲੈਂਡ ਵਿੱਚ New Zealand Maritime Museum ਵੱਲੋਂ ਵੀ ਸਵੇਰੇ 11 ਵਜੇ ਤੋਂ 12 ਵਜੇ ਤੱਕ ਮੁਫ਼ਤ ਯਾਦਗਾਰੀ ਸਮਾਗਮ ਕਰਵਾਇਆ ਗਿਆ। ਜਿਸ ਵਿੱਚ Merchant Navy Memorial Plaque ’ਤੇ ਸ਼ਰਧਾਂਜਲੀ ਵਜੋਂ ਫੁੱਲਮਾਲਾਵਾਂ ਭੇਟ ਕੀਤੀਆਂ ।
Merchant Navy Day ਸਿਰਫ਼ ਇੱਕ ਇਤਿਹਾਸਕ ਦਿਨ ਨਹੀਂ—ਇਹ ਉਨ੍ਹਾਂ ਆਮ ਨਾਗਰਿਕ ਜਹਾਜ਼ੀਆਂ ਨੂੰ ਯਾਦ ਕਰਨ ਦਾ ਮੌਕਾ ਹੈ, ਜਿਨ੍ਹਾਂ ਨੇ ਜੰਗ ਦੇ ਹਨੇਰੇ ਦੌਰ ਵਿੱਚ ਸਮੁੰਦਰਾਂ ਨੂੰ ਪਾਰ ਕਰਕੇ ਦੁਨੀਆ ਦੀ ਜੀਵਨ-ਰੇਖਾ ਚਾਲੂ ਰੱਖੀ।