ਨਿਊਜ਼ੀਲੈਂਡ ਦੀ ਰਾਜਧਾਨੀ   ਵੈਲਿੰਗਟਨ ਦੇ ਦੱਖਣੀ ਤੱਟ ‘ਤੇ ਰਹਿਣ ਵਾਲੇ ਸੈਂਕੜੇ ਲੋਕਾਂ ਲਈ ਆਪਣੇ ਘਰ ਖਾਲੀ ਕਰਨ ਲਈ  ਕਿਹਾ ਜਾ ਸਕਦਾ।

ਪ੍ਰਦੀਪ ਚਿੱਜੜ

ਆਕਲੈਂਡ:09 ਜੂਨ 2026

  ਵੈਲਿੰਗਟਨ ਵਿੱਚ ਖਰਾਬ ਮੌਸਮ ਕਾਰਨ ਕੁੱਕ ਸਟ੍ਰੇਟ ਫੈਰੀ ਸੇਵਾਵਾਂ ਰੱਦ, 10.5 ਮੀਟਰ ਤੱਕ ਦੀਆਂ ਲਹਿਰਾਂ ਦੀ ਭਵਿੱਖਬਾਣੀ, ਲੋਕਾਂ ਨੂੰ ਬੀਚਾਂ ਤੋਂ ਦੂਰ ਰਹਿਣ ਦੀ ਹਦਾਇਤ । ਵੈਲਿੰਗਟਨ ਦੇ ਦੱਖਣੀ ਤੱਟ ‘ਤੇ ਰਹਿਣ ਵਾਲੇ ਸੈਂਕੜੇ ਲੋਕਾਂ ਲਈ ਆਪਣੇ ਘਰ ਖਾਲੀ ਕਰਨ ਲਈ ਵੀ ਕਿਹਾ ਜਾ ਸਕਦਾ। ਮੈਟਸਰਵਿਸ (MetService) ਦੇ ਅਨੁਸਾਰ, ਵੈਲਿੰਗਟਨ ਦੇ ਦੱਖਣੀ ਤੱਟ ‘ਤੇ ਲਹਿਰਾਂ 9 ਮੀਟਰ ਤੱਕ ਅਤੇ ਵਾਇਰਾਰਾਪਾ ਤੱਟ ‘ਤੇ 10.5 ਮੀਟਰ ਤੱਕ ਉੱਚੀਆਂ ਹੋ ਸਕਦੀਆਂ ਹਨ।
ਸ਼ਹਿਰ ਦੇ ਮੇਅਰ Andrew Little ਨੇ ਰਾਜਧਾਨੀ ਦੇ ਦੱਖਣੀ ਅਤੇ ਪੂਰਬੀ ਵਾਰਡਾਂ ਵਿੱਚ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕਰ ਦਿੱਤਾ ਹੈ। ਇਹ ਫੈਸਲਾ ਮੈਟਸਰਵਿਸ ਵੱਲੋਂ ਵੈਲਿੰਗਟਨ ਵਿੱਚ ਕੇਪ ਟੇਰਾਵ੍ਹਿਟੀ ਤੋਂ ਤੁਰਾਕਿਰਾਏ ਹੈਡ ਅਤੇ ਵਾਇਰਾਰਾਪਾ ਵਿੱਚ ਤੁਰਾਕਿਰਾਏ ਹੈਡ ਤੋਂ ਮਟਾਈਕੋਨਾ ਤੱਕ ਭਾਰੀ ਸਮੁੰਦਰੀ ਲਹਿਰਾਂ ਦੀ ਚੇਤਾਵਨੀ ਜਾਰੀ ਕਰਨ ਤੋਂ ਬਾਅਦ ਲਿਆ ਗਿਆ।
ਦੇਸ਼ ਦੇ ਉੱਪਰ ਵੱਲ ਵਧ ਰਹੀ ਦੱਖਣੀ ਮੌਸਮੀ ਪ੍ਰਣਾਲੀ ਸੋਮਵਾਰ ਰਾਤ ਤੋਂ ਬੁੱਧਵਾਰ ਸਵੇਰ ਤੱਕ ਕੁੱਕ ਸਟ੍ਰੇਟ ਵਿੱਚ ਵੱਡੀਆਂ ਲਹਿਰਾਂ ਲਿਆ ਰਹੀ ਹੈ।
ਸਮੁੰਦਰ ਕਿਨਾਰੇ ਸਥਿਤ ਜਾਇਦਾਦਾਂ ਲਈ ਲਾਜ਼ਮੀ ਤੌਰ ‘ਤੇ ਘਰ ਖਾਲੀ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਓਵ੍ਹਿਰੋ ਬੇ ਤੋਂ ਬ੍ਰੇਕਰ ਬੇ ਤੱਕ ਲਗਭਗ 350 ਘਰ ਸ਼ਾਮਲ ਹਨ। ਲਾਇਲ ਬੇ ਇਸ ਹੁਕਮ ਤੋਂ ਬਾਹਰ ਹੈ।