ਪ੍ਰਦੀਪ ਚਿੱਜੜ
ਆਕਲੈਂਡ:- 24 ਜੂਨ 2026
1News-Verian ਸਰਵੇਖਣ: ਤਾਜ਼ਾ ਨਤੀਜਿਆਂ ਵਿੱਚ ਲੇਬਰ ਗਠਜੋੜ ਅੱਗੇ, ਓਪੋਰਚੂਨਿਟੀ ਪਾਰਟੀ 5% ਦੀ ਹੱਦ ਦੇ ਨੇੜੇ
ਜੇ ਅੱਜ ਚੋਣਾਂ ਹੋਣ ਤਾਂ ਮੌਜੂਦਾ ਗਠਜੋੜ ਸਰਕਾਰ ਸੱਤਾ ਤੋਂ ਬਾਹਰ ਹੋ ਸਕਦੀ ਹੈ। ਇਹ ਗੱਲ 1News-Verian ਦੇ ਤਾਜ਼ਾ ਸਰਵੇਖਣ ਦੇ ਨਤੀਜਿਆਂ ਤੋਂ ਸਾਹਮਣੇ ਆਈ ਹੈ।
ਹਾਲਾਂਕਿ ਲੇਬਰ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ, ਫਿਰ ਵੀ ਉਹ 32% ਸਮਰਥਨ (5 ਪ੍ਰਤੀਸ਼ਤ ਅੰਕ ਘਟ ਕੇ) ਨਾਲ ਸਭ ਤੋਂ ਵੱਡੀ ਪਾਰਟੀ ਬਣੀ ਹੋਈ ਹੈ। ਇਸਦੇ ਮੁਕਾਬਲੇ ਨੈਸ਼ਨਲ ਪਾਰਟੀ 29% ‘ਤੇ ਹੈ, ਜੋ ਇੱਕ ਅੰਕ ਘਟੀ ਹੈ।
ਇਸ ਦੌਰਾਨ ਇੱਕ ਛੋਟੀ ਪਾਰਟੀ, ਓਪੋਰਚੂਨਿਟੀ ਪਾਰਟੀ (TOP), ਨੂੰ ਹੈਰਾਨੀਜਨਕ ਵਾਧਾ ਮਿਲਿਆ ਹੈ। ਉਸਦਾ ਸਮਰਥਨ 1.3 ਅੰਕ ਵੱਧ ਕੇ 4.6% ਹੋ ਗਿਆ ਹੈ, ਜੋ ਸੰਸਦ ਵਿੱਚ ਦਾਖਲੇ ਲਈ ਲੋੜੀਂਦੀ 5% ਹੱਦ ਤੋਂ ਥੋੜ੍ਹਾ ਹੀ ਘੱਟ ਹੈ।
ਹੋਰ ਛੋਟੀਆਂ ਪਾਰਟੀਆਂ ਵਿੱਚ:
ਗ੍ਰੀਨ ਪਾਰਟੀ 13% (2 ਅੰਕ ਵਾਧਾ)
ਨਿਊਜ਼ੀਲੈਂਡ ਫਰਸਟ 11% (1 ਅੰਕ ਵਾਧਾ)
ਐਕਟ ਪਾਰਟੀ 6% (1 ਅੰਕ ਘਾਟਾ)
ਤੇ ਪਾਤੀ ਮਾਓਰੀ 2% ‘ਤੇ ਸਥਿਰ ਰਹੀ
1News-Verian ਦੇ ਇਨ੍ਹਾਂ ਨਤੀਜਿਆਂ ਮੁਤਾਬਕ, ਜੇ ਤੇ ਪਾਤੀ ਮਾਓਰੀ ਆਪਣੀਆਂ ਛੇ ਇਲੈਕਟੋਰੇਟ ਸੀਟਾਂ ਜਿੱਤ ਲੈਂਦੀ ਹੈ, ਤਾਂ ਲੇਬਰ, ਗ੍ਰੀਨ ਅਤੇ ਤੇ ਪਾਤੀ ਮਾਓਰੀ ਦਾ ਖੱਬਾ ਧੜਾ 64 ਸੀਟਾਂ ਨਾਲ ਸਰਕਾਰ ਬਣਾ ਸਕਦਾ ਹੈ। ਦੂਜੇ ਪਾਸੇ, ਨੈਸ਼ਨਲ, ਨਿਊਜ਼ੀਲੈਂਡ ਫਰਸਟ ਅਤੇ ਐਕਟ ਦਾ ਸੱਜਾ ਧੜਾ 60 ਸੀਟਾਂ ‘ਤੇ ਰਹੇਗਾ।
ਪਸੰਦੀਦਾ ਪ੍ਰਧਾਨ ਮੰਤਰੀ ਦੀ ਰੈਂਕਿੰਗ
ਪਸੰਦੀਦਾ ਪ੍ਰਧਾਨ ਮੰਤਰੀ ਦੀ ਸੂਚੀ ਵਿੱਚ ਨੈਸ਼ਨਲ ਦੇ ਨੇਤਾ Christopher Luxon 18% ਸਮਰਥਨ (2 ਅੰਕ ਵਾਧਾ) ਨਾਲ ਪਹਿਲੇ ਸਥਾਨ ‘ਤੇ ਹਨ।
ਲੇਬਰ ਦੇ Chris Hipkins 3 ਅੰਕ ਘਟ ਕੇ 16% ‘ਤੇ ਆ ਗਏ ਹਨ।
ਤੀਜੇ ਸਥਾਨ ‘ਤੇ ਨਿਊਜ਼ੀਲੈਂਡ ਫਰਸਟ ਦੇ ਨੇਤਾ Winston Peters ਹਨ, ਜਿਨ੍ਹਾਂ ਨੂੰ 10% ਸਮਰਥਨ ਮਿਲਿਆ।



