











ਪ੍ਰਦੀਪ ਚਿੱਜੜ
ਆਕਲੈਂਡ 11 ਅਕਤੂਬਰ 2025
ਐਨ ਜੈਡ ਸੈਂਟਰਲ ਸਿੱਖ ਅਸੈਸੋਏਸ਼ਨ ਦੀ ਪਹਿਲੀ ਸਲਾਨਾ ਮੀਟਿੰਗ ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਬਾਰ ਪਾਪਾਟੋਏਟੋਏ ਵਿਖੇ ਹੋਈ । ਸਭ ਤੋਂ ਪਹਿਲਾਂ ਗੁਰੂ ਘਰ ਦੇ ਗ੍ਰੰਥੀ ਸਿੰਘ ਵੱਲੋਂ ਅਰਦਾਸ ਕੀਤੀ ਗਈ । ਐਸੋਸੀਏਸ਼ਨ ਦੇ ਸਕੱਤਰ ਕਰਮਜੀਤ ਸਿੰਘ ਹੋਣਾਂ ਵੱਲੋਂ ਸਾਰੇ ਗੁਰੂ ਘਰਾਂ ਦੀਆ ਕਮੇਟੀਆ ਦਾ ਸਭ ਤੋਂ ਪਹਿਲਾਂ ਧੰਨਵਾਦ ਕੀਤਾ । ਅੱਜ ਦੀ ਪਹਿਲੀ ਸਲਾਨਾ ਮੀਟਿੰਗ ਬਾਰੇ ਦੱਸਿਆ। ਭਾਵੇਂ ਇਹ ਸੰਸਥਾ ਪਿੱਛਲੇ ਤਿੰਨ – ਚਾਰ ਸਾਲ ਤੋਂ ਹੋਂਦ ਵਿੱਚ ਹੈ ਪਰ ਕੁਝ ਕੁ ਗੰਭੀਰ ਮਸਲਿਆਂ ਕਰਕੇ ਸਲਾਨਾ ਮੀਟਿੰਗ ਨਹੀਂ ਕੀਤੀ ਜਾ ਸਕੀ। ਉਸ ਤੋਂ ਬਾਅਦ ਸਰਦਾਰ ਪ੍ਰਿਥੀਪਾਲ ਸਿੰਘ ਹੁਣਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਐਸੋਸੀਏਸ਼ਨ ਬਾਰੇ ਦੱਸਿਆ।
ਐਸੋਸੀਏਸ਼ਨ ਦੇ ਪ੍ਰਧਾਨ ਸਰਦਾਰ ਦਲਜੀਤ ਸਿੰਘ ਨੇ ਮੀਟਿੰਗ ਨੂੰ ਅੱਗੇ ਚਲਾਇਆ ਤੇ ਐਨ ਜੈਡ ਸੈਂਟਰਲ ਅਸੈਸੋਏਸ਼ਨ ਬਾਰੇ ਸੰਖੇਪ ਵਿੱਚ ਦੱਸਿਆ। ਉਹਨਾਂ ਨੇ ਦੱਸਿਆ ਕਿ ਸਾਨੂੰ ਅੱਜ ਤੱਕ ਦੀ ਮੀਟਿੰਗ ਤੱਕ ਪਹੁੰਚਣ ਲਈ ਸਾਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ । ਉਹਨਾਂ ਜ਼ਿਕਰ ਕੀਤਾ ਕਿ ਗੁਰੂ ਘਰਾਂ ਦੀਆਂ ਕਮੇਟੀਆਂ ਨੂੰ ਇਹ ਗੱਲ ਸਮਝਾਉਣ ਤੇ ਉਹਨਾਂ ਦੀ ਸਹਿਮਤੀ ਬਾਰੇ ਬਹੁਤ ਜ਼ੋਰ ਲਾਉਣਾ ਪਿਆ। ਇੱਕ ਗੱਲ ਉਹਨਾਂ ਨੇ ਸਾਫ ਕੀਤੀ ਕਿ ਇਹ ਅਸੈਸੋਏਸ਼ਨ ਸਿਰਫ ਤੇ ਸਿਰਫ ਆਪਣੇ ਪੰਜਾਬੀ ਭਾਈਚਾਰੇ ਦੀ ਆਵਾਜ਼ ਸਰਕਾਰਾਂ ਤੱਕ ਪਹੁੰਚਾਉਣ ਲਈ ਅਤੇ ਆਪਣੀਆ ਆਉਣ ਵਾਲੀਆ ਪੀੜੀਆ ਨੂੰ ਵਧੀਆ ਸੇਧ ਦੇਣ ਲਈ ਕੰਮ ਕਰੇਗੀ।
ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਸਾਡੇ ਭਾਈਚਾਰੇ ਦੀ ਸ਼ਮੂਲੀਅਤ ਸਰਕਾਰੀ ਕੰਮਾਂ ਕਾਰਾਂ ਵਿੱਚ ਬਹੁਤ ਘੱਟ ਹੈ ਭਾਵੇਂ ਉਹ ਲੋਕਲ ਬੋਰਡ ਹੋਵੇ ਜਾਂ ਪਾਰਲੀਮੈਂਟ ਹੋਵੇ। ਖਾਸ ਤੌਰ ਤੇ ਜਿੱਥੇ ਸਰਕਾਰੀ ਫੈਸਲੇ ਅੰਤਮ ਰੂਪ ਲੈਦੇ ਹਨ । ਜਿੱਥੇ ਕਾਨੂੰਨ ਬਣਾਏ ਜਾਂਦੇ ਹਨ ਉਹਨਾਂ ਥਾਵਾਂ ਦੇ ਵਿੱਚ ਸਾਡੀ ਸ਼ਮੂਲੀਅਤ ਨਹੀ ਹੈ। ਉਹਨਾਂ ਨੇ ਦੱਸਿਆ ਕਿ ਸਾਡੀ ਇਸ ਐਸੋਸੀਏਸ਼ਨ ਨੇ ਆਪਣੇ ਭਾਈਚਾਰੇ ਦੇ ਇਮੀਗ੍ਰੇਸ਼ਨ ਅਤੇ ਪੁਲਿਸ ਦੇ ਕੁੱਝ ਮਸਲਿਆਂ ਨੂੰ ਹੱਲ ਕਰਵਾਇਆ ਪਿਛਲੇ ਦੋ – ਤਿੰਨ ਸਾਲਾਂ ਦੇ ਵਿੱਚ। ਉਹਨਾਂ ਨੇ ਮੀਟਿੰਗ ਵਿੱਚ ਪਹੁੰਚੀਆਂ ਹੋਈਆਂ ਬੀਬੀਆਂ ਭੈਣਾਂ ਦਾ ਖਾਸ ਤੌਰ ਤੇ ਧੰਨਵਾਦ ਕੀਤਾ ਤੇ ਆਉਣ ਵਾਲੇ ਸਮੇਂ ਵਿੱਚ ਉਨਾਂ ਦੇ ਸਹਿਯੋਗ ਦੀ ਤਬੱਕੋ ਵੀ ਕੀਤੀ । ਪਿਛਲੇ ਸਾਲ ਦੇ ਹਿਸਾਬ ਕਿਤਾਬ ਦਾ ਜ਼ਿਕਰ ਵੀ ਕੀਤਾ ਗਿਆ ਤੇ ਸਾਰਾ ਵੇਰਵਾ ਦਿੱਤਾ ਗਿਆ। ਇਸ ਦੌਰਾਨ ਦਸ਼ਮੇਸ਼ ਦਰਬਾਰ ਦੀ ਕਮੇਟੀ ਨੇ ਲੰਗਰ ਛਕਣ ਲਈ ਬੇਨਤੀ ਕੀਤੀ । ਪਰ ਉਸ ਤੋਂ ਪਹਿਲਾਂ ਰਾਜਨੀਤਿਕ ਨਾਲ ਜੁੜੀ ਹੋਈ ਇੱਕ ਸ਼ਖਸ਼ੀਅਤ ਸ੍ਰੀਮਤੀ ਪਰਮਜੀਤ ਪਰਮਾਰ ਜੀ ਨੇ ਵੀ ਦੋ ਮਿੰਟ ਲਈ ਸਾਰਿਆਂ ਨੂੰ ਸੰਬੋਧਨ ਕੀਤਾ। ਇਸ ਤੋਂ ਬਾਅਦ ਸਾਰੇ ਮੈਂਬਰਾਂ ਨੇ ਲੰਗਰ ਛਕਿਆ ਉਪਰੰਤ ਦਲਜੀਤ ਸਿੰਘ ਹੋਣਾਂ ਵੱਲੋਂ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਤੇ ਪੁਰਾਣੀ ਕਮੇਟੀ ਖਾਰਜ ਕੀਤੀ ਗਈ ਤੇ ਨਵੀਂ ਕਮੇਟੀ ਵਾਸਤੇ ਨੋਮੀਨੇਸ਼ਨ ਲਏ ਗਏ।
ਸਾਰੇ ਆਏ ਹੋਏ ਮੈਂਬਰਾਂ ਨੇ ਪੁਰਾਣੀ ਕਮੇਟੀ ਨੂੰ ਇਸੇ ਤਰ੍ਹਾਂ ਹੀ ਕੰਮ ਕਰਦੇ ਰਹਿਣ ਲਈ ਕਿਹਾ। ਸਰਬ ਸੰਮਤੀ ਨਾਲ ਨਵੀਂ ਕਮੇਟੀ ਦੀ ਚੋਣ ਕੀਤੀ
ਚੇਅਰਮੈਨ ਪ੍ਰਿਥੀਪਾਲ ਸਿੰਘ ਬਸਰਾ,
ਪ੍ਰਧਾਨ ਦਲਜੀਤ ਸਿੰਘ,
ਉਪ ਪ੍ਰਧਾਨ ਜੁਗਰਾਜ ਸਿੰਘ ਮਾਹਲ,
ਸਕੱਤਰ ਕਰਮਜੀਤ ਸਿੰਘ,
ਸਹਾਇਕ ਸਕੱਤਰ ਕਸ਼ਮੀਰ ਸਿੰਘ,
ਖਜ਼ਾਨਚੀ ਮਨਜੀਤ ਸਿੰਘ ਬਾਠ,
ਸਹਾਇਕ ਖਜ਼ਾਨਚੀ ਲਾਲੀ ਰਣਵੀਰ ਸਿੰਘ,
ਆਡੀਟਰ ਨਵਨੀਤ ਸਿੰਘ।
ਉਸ ਤੋਂ ਬਾਅਦ ਕੁੱਝ 5 ਮੈਬਰੀ ਕਮੇਟੀਆਂ ਅਲੱਗ ਅਲੱਗ ਕਾਰਜਾ ਲਈ ਬਣਾਈਆਂ ਗਈਆਂ । ਸਾਰੇ ਗੁਰੂ ਘਰਾਂ ਦੇ ਮੈਂਬਰ ਇਹਨਾ ਕਮੇਟੀਆਂ ਵਿੱਚ ਲਏ ਗਏ। ਮੀਟਿੰਗ ਦੇ ਅਖੀਰ ਵਿੱਚ ਗੁਰਦੁਆਰਾ ਦਸ਼ਮੇਸ਼ ਦਰਬਾਰ ਦੀ ਪ੍ਰਬੰਧਕ ਕਮੇਟੀ ਦਾ ਖਾਸ ਤੌਰ ਤੇ ਧੰਨਵਾਦ ਕੀਤਾ ਗਿਆ ਜਿਨਾਂ ਨੇ ਚਾਹ, ਪਕੌੜੇ, ਬ੍ਰੈਡ, ਬੇਸਣ ਤੇ ਜਲੇਬੀਆਂ ਦਾ ਪ੍ਰਬੰਧ ਕੀਤਾ। ਉਸ ਤੋ ਬਾਅਦ ਸਾਂਝੀਆਂ ਤਸਵੀਰਾਂ ਵੀ ਖਚਵਾਈਆਂ ਗਈਆਂ ਤੇ ਗੁਰੂ ਫਤਿਹ ਦੀ ਸਾਝ ਪਾਈ।



