ਨਿਊਜ਼ੀਲੈਂਡ ਸਰਕਾਰ ਵਲੋ ਰਾਹਤ ਫੰਡ ਜਾਰੀ , 1.5 ਲੱਖ ਪਰਿਵਾਰਾਂ ਨੂੰ ਹਫ਼ਤੇ ਦੇ $50 ਮਿਲਣਗੇ

ਪ੍ਰਦੀਪ ਚਿੱਜੜ

ਆਕਲੈਂਡ  :- 24 ਮਾਰਚ 2026

ਮੱਧ ਪੂਰਬ ਵਿੱਚ ਜੰਗ ਕਾਰਨ ਪੈਟਰੋਲ ਅਤੇ ਖਾਣ-ਪੀਣ ਦੀਆ ਚੀਜਾਂ ਦੀਆਂ ਵਧਦੀਆਂ ਕੀਮਤਾਂ ਦੇ ਪ੍ਰਭਾਵ ਨੂੰ ਘਟਾਉਣ ਲਈ ਲਗਭਗ 1.5 ਲੱਖ ਪਰਿਵਾਰਾਂ ਨੂੰ ਇੱਕ ਸਾਲ ਤੱਕ ਹਫ਼ਤੇ ਦੇ $50 ਮਿਲਣਗੇ। ਫਾਇਨੈਂਸ ਮੰਤਰੀ ਨਿਕੋਲਾ ਵਿਲਿਸ ਨੇ ਕਿਹਾ ਕਿ ਇਹ ਰਾਹਤ “ਵਰਕਿੰਗ ਫੋਰ ਫੈਮਿਲੀਜ਼” ਸਕੀਮ ਦੇ ਹਿੱਸੇ ਵਜੋਂ ਇਨ-ਵਰਕ ਟੈਕਸ ਕਰੈਡਿਟ ਵਿੱਚ ਵਾਧੇ ਰਾਹੀਂ ਦਿੱਤੀ ਜਾਵੇਗੀ।
ਇਸਦਾ ਮਤਲਬ ਹੈ ਕਿ ਸਿਰਫ਼ ਘੱਟ ਤੋਂ ਮੱਧ ਆਮਦਨ ਵਾਲੇ ਕੰਮਕਾਜੀ ਲੋਕ ਜਿਨ੍ਹਾਂ ਦੇ ਬੱਚੇ ਹਨ, ਇਸ ਲਈ ਯੋਗ ਹੋਣਗੇ। ਇਸ ਵਿੱਚ ਬੇਨਿਫਿਸ਼ਰੀਜ਼, ਪੈਨਸ਼ਨਰ ਅਤੇ ਬਿਨਾਂ ਬੱਚਿਆਂ ਵਾਲੇ ਲੋਕ ਸ਼ਾਮਲ ਨਹੀਂ ਹਨ।
ਵਿਲਿਸ ਨੇ ਕਿਹਾ, “ਇਹ ਨੀਤੀ ਖਾਸ ਤੌਰ ‘ਤੇ ਮੱਧ ਵਰਗ ਦੇ ਉਹਨਾਂ ਪਰਿਵਾਰਾਂ ਲਈ ਬਣਾਈ ਗਈ ਹੈ ਜੋ ਕਾਫੀ ਦਬਾਅ ਵਿੱਚ ਹਨ — ਉਹ ਮਾਪੇ ਜੋ ਮਿਹਨਤ ਕਰਦੇ ਹਨ, ਮੁੱਖ ਬੇਨਿਫਿਟ ਲਈ ਯੋਗ ਨਹੀਂ ਹਨ ਅਤੇ ਆਪਣੇ ਬੱਚਿਆਂ ਦੀ ਪਰਵਿਰਸ਼ ਲਈ ਸੀਮਿਤ ਆਮਦਨ ‘ਤੇ ਨਿਰਭਰ ਹਨ।”
ਉਨ੍ਹਾਂ ਨੇ ਕਿਹਾ, “ਸਾਨੂੰ ਪਤਾ ਹੈ ਕਿ ਇਹ ਪਰਿਵਾਰ ਗਲੋਬਲ ਫਿਊਲ ਕੀਮਤਾਂ ਦੇ ਝਟਕੇ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ। ਅਸੀਂ ਉਨ੍ਹਾਂ ਨੂੰ ਸਮੇਂ-ਸਿਰ ਰਾਹਤ ਦੇ ਰਹੇ ਹਾਂ।”
ਜਦੋਂ ਪੁੱਛਿਆ ਗਿਆ ਕਿ ਬੇਨਿਫਿਸ਼ਰੀਜ਼ ਨੂੰ ਇਹ ਮਦਦ ਕਿਉਂ ਨਹੀਂ ਮਿਲੇਗੀ, ਤਾਂ ਵਿਲਿਸ ਨੇ ਕਿਹਾ ਕਿ ਅਪ੍ਰੈਲ ਦੀ ਸ਼ੁਰੂਆਤ ਤੋਂ ਮਹਿੰਗਾਈ ਦੇ ਅਨੁਸਾਰ ਵੈਲਫੇਅਰ ਭੁਗਤਾਨਾਂ ਵਿੱਚ ਆਮ ਵਾਧਾ ਕੀਤਾ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਇਹ ਅਸਥਾਈ ਵਾਧਾ ਇੱਕ ਸਾਲ ਤੱਕ ਜਾਰੀ ਰਹੇਗਾ ਜਾਂ ਫਿਰ ਉਸ ਸਮੇਂ ਤੱਕ ਜਦੋਂ 91 ਆਕਟੇਨ ਪੈਟਰੋਲ ਦੀ ਕੀਮਤ ਲਗਾਤਾਰ ਚਾਰ ਹਫ਼ਤਿਆਂ ਲਈ $3 ਪ੍ਰਤੀ ਲੀਟਰ ਤੋਂ ਘੱਟ ਨਹੀਂ ਹੋ ਜਾਂਦੀ।
ਲਗਭਗ 1,43,000 ਘਰਾਂ ਨੂੰ 7 ਅਪ੍ਰੈਲ ਤੋਂ ਆਪਣੇ ਬੈਂਕ ਖਾਤਿਆਂ ਵਿੱਚ ਪੂਰਾ ਲਾਭ ਮਿਲਣਾ ਸ਼ੁਰੂ ਹੋ ਜਾਵੇਗਾ ਜੇਕਰ ਉਨ੍ਹਾਂ ਨੂੰ ਹਫ਼ਤਾਵਾਰੀ ਭੁਗਤਾਨ ਹੁੰਦਾ ਹੈ, ਜਾਂ 14 ਅਪ੍ਰੈਲ ਤੋਂ ਜੇ ਭੁਗਤਾਨ ਦੋ ਹਫ਼ਤਿਆਂ ਵਿੱਚ ਹੁੰਦਾ ਹੈ। ਹੋਰ 14,000 ਘਰਾਂ ਨੂੰ ਵੀ ਸਹਾਇਤਾ ਮਿਲੇਗੀ ਪਰ ਘੱਟ ਦਰ ‘ਤੇ।
ਮੌਜੂਦਾ ਟੈਕਸ ਸਾਲ ਵਿੱਚ, ਇੱਕ ਬੱਚੇ ਵਾਲੇ ਪਰਿਵਾਰ ਲਈ ਟੈਕਸ ਕਰੈਡਿਟ ਦੀ ਸੀਮਾ ਲਗਭਗ $89,000 ਸਾਲਾਨਾ ਆਮਦਨ ਹੈ, ਦੋ ਬੱਚਿਆਂ ਲਈ $112,000 ਅਤੇ ਤਿੰਨ ਬੱਚਿਆਂ ਲਈ $135,000 ਹੈ।
ਵਿਲਿਸ ਨੇ ਕਿਹਾ ਕਿ ਜੇ ਇਹ ਯੋਜਨਾ ਪੂਰੇ ਸਾਲ ਲਈ ਚੱਲਦੀ ਹੈ ਤਾਂ ਇਸਦੀ ਲਾਗਤ ਲਗਭਗ $373 ਮਿਲੀਅਨ ਹੋਵੇਗੀ,। ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਕਿਹਾ ਕਿ ਇਹ ਪੈਕੇਜ ਸਹੀ ਸੰਤੁਲਨ ਬਣਾਉਂਦਾ ਹੈ।
“ਇਹ ਸੱਚਾਈ ਹੈ ਕਿ ਅਸੀਂ ਹਰ ਕਿਸੇ ਲਈ ਵਧ ਰਹੀਆਂ ਇੰਧਨ ਕੀਮਤਾਂ ਦਾ ਦਬਾਅ ਘਟਾ ਨਹੀਂ ਸਕਦੇ। ਅਤੇ ਜਿਵੇਂ ਕਿ ਅਸੀਂ ਕੋਵਿਡ ਦੇ ਦੌਰਾਨ ਸਿੱਖਿਆ, ਵੱਧ ਖਰਚਾ ਸਾਡੀ ਅਰਥਵਿਵਸਥਾ ਨੂੰ ਹੋਰ ਨੁਕਸਾਨ ਪਹੁੰਚਾ ਸਕਦਾ ਹੈ, ਜੋ ਹੁਣ ਹੀ ਮੁੜ ਵਧਣ ਲੱਗੀ ਹੈ।”
ਇਹ ਸਹਾਇਤਾ ਪੈਕੇਜ ਸੰਸਦ ਵਿੱਚ ਕਾਨੂੰਨ ਵਿੱਚ ਤਬਦੀਲੀ ਰਾਹੀਂ ਲਿਆਂਦਾ ਜਾਵੇਗਾ ।