ਨਿਊਜ਼ੀਲੈਂਡ ਵਿੱਚ  welfare law change ਹੋਣ ਦੇ ਨਾਲ  ਹਜ਼ਾਰਾਂ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਨਹੀਂ ਮਿਲੇਗਾ।

ਪ੍ਰਦੀਪ ਚਿੱਜੜ
ਆਕਲੈਂਡ:- 30 ਅਗਸਤ  2026

ਨਿਊਜ਼ੀਲੈਂਡ ਸਰਕਾਰ ਵੱਲੋਂ ਵੈਲਫੇਅਰ ਕਾਨੂੰਨ ਵਿੱਚ ਕੀਤੇ ਬਦਲਾਅ ਤੋਂ ਬਾਅਦ ਦੇਸ਼ ਭਰ ਵਿੱਚ ਹਜ਼ਾਰਾਂ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤੇ (Jobseeker Support) ਤੋਂ ਵਾਂਝਾ ਹੋਣਾ ਪੈ ਸਕਦਾ ਹੈ। ਇਹ ਬਿੱਲ ਸ਼ੁੱਕਰਵਾਰ ਰਾਤ ਨੂੰ ਤੁਰੰਤ ਪ੍ਰਕਿਰਿਆ ਤਹਿਤ ਕਾਨੂੰਨ ਬਣ ਗਿਆ ਹੈ।
ਨਵੰਬਰ 2026 ਤੋਂ 18 ਅਤੇ 19 ਸਾਲ ਦੀ ਉਮਰ ਦੇ ਉਹ ਨੌਜਵਾਨ Jobseeker ਭੱਤਾ ਨਹੀਂ ਲੈ ਸਕਣਗੇ, ਜਿਨ੍ਹਾਂ ਦੇ ਮਾਪਿਆਂ ਦੀ ਸਾਲਾਨਾ ਆਮਦਨ $67,225 ਹੈ। ਪਹਿਲਾਂ ਆਮਦਨ $65,000 ਸੀ। ਪਿਛਲੇ ਸਾਲ ਅਕਤੂਬਰ ਵਿੱਚ ਕੀਤੇ ਅੰਦਾਜ਼ੇ ਮੁਤਾਬਕ ਇਸ ਬਦਲਾਅ ਕਾਰਨ ਲਗਭਗ 4,300 ਨੌਜਵਾਨਾਂ ਦੀ ਸਰਕਾਰੀ ਵਿੱਤੀ ਸਹਾਇਤਾ ਖਤਮ ਹੋ ਸਕਦੀ ਹੈ।
ਸੋਸ਼ਲ ਡਿਵੈਲਪਮੈਂਟ ਅਤੇ ਐਂਪਲਾਇਮੈਂਟ ਮੰਤਰੀ ਲੁਈਸ ਅਪਸਟਨ ਨੇ ਕਿਹਾ ਕਿ ਇਹ ਕਾਨੂੰਨ ਸਰਕਾਰ ਦੀ ਉਸ ਵਚਨਬੱਧਤਾ ਨੂੰ ਦਰਸਾਉਂਦਾ ਹੈ ਜਿਸ ਤਹਿਤ ਲੋਕਾਂ ਦੀ ਵੈਲਫੇਅਰ ਭੱਤਿਆਂ ’ਤੇ ਨਿਰਭਰਤਾ ਘਟਾ ਕੇ ਉਨ੍ਹਾਂ ਨੂੰ ਰੋਜ਼ਗਾਰ ਵੱਲ ਲਿਜਾਣਾ ਹੈ।
ਮੰਤਰੀ ਨੇ ਕਿਹਾ ਕਿ ਜਿਹੜੇ ਨੌਜਵਾਨ ਰੋਜ਼ਗਾਰ, ਸਿੱਖਿਆ ਜਾਂ ਟ੍ਰੇਨਿੰਗ ਵਿੱਚ ਨਹੀਂ ਹਨ, ਉਨ੍ਹਾਂ ਦੀ ਵਿੱਤੀ ਜ਼ਿੰਮੇਵਾਰੀ ਮਾਪਿਆਂ ਵੱਲੋਂ ਨਿਭਾਈ ਜਾਣੀ ਚਾਹੀਦੀ ਹੈ, ਨਾ ਕਿ ਟੈਕਸਦਾਤਿਆਂ ਵੱਲੋਂ ਵੈਲਫੇਅਰ ਸਿਸਟਮ ਰਾਹੀਂ। ਬਿੱਲ ਵਿੱਚ Accommodation Supplement ਦੀ ਗਣਨਾ ਕਰਨ ਦੇ ਤਰੀਕੇ ਵਿੱਚ ਵੀ ਤਬਦੀਲੀਆਂ ਕੀਤੀਆਂ ਗਈਆਂ ਹਨ। ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਇਹ ਸਹਾਇਤਾ ਉਨ੍ਹਾਂ ਲੋਕਾਂ ਤੱਕ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚੇਗੀ, ਜਿਨ੍ਹਾਂ ਨੂੰ ਇਸਦੀ ਸਭ ਤੋਂ ਵੱਧ ਲੋੜ ਹੈ।
ਹਾਲਾਂਕਿ, ਇਹ ਬਦਲਾਅ ਉਨ੍ਹਾਂ ਘਰ ਮਾਲਕਾਂ ’ਤੇ ਲਾਗੂ ਨਹੀਂ ਹੋਵੇਗਾ ਜੋ New Zealand Superannuation, Veteran’s Pension, Supported Living Payment ਜਾਂ ਇਸਦੇ ਬਰਾਬਰ Emergency Benefit ਪ੍ਰਾਪਤ ਕਰ ਰਹੇ ਹਨ। ਇਨ੍ਹਾਂ ਭੱਤਿਆਂ ਦੇ ਪ੍ਰਾਪਤਕਰਤਾਵਾਂ ਦੇ ਪਤੀ ਜਾਂ ਪਤਨੀ ’ਤੇ ਵੀ ਇਹ ਤਬਦੀਲੀ ਲਾਗੂ ਨਹੀਂ ਹੋਵੇਗੀ।