ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿੱਚ ਹੋਇਆ ਆਪ੍ਰੇਸ਼ਨ ਬਲੈਕਆਊਟ।

ਆਕਲੈਂਡ ਵਿੱਚ ਵੱਡੇ ਕੈਨਾਬਿਸ ਤਸਕਰਾਂ ‘ਤੇ ਪੁਲਿਸ ਦੀ ਵੱਡੀ ਕਾਰਵਾਈ।

ਪ੍ਰਦੀਪ ਚਿੱਜੜ
ਆਕਲੈਂਡ:- 26 ਅਗਸਤ 2026

ਨਿਊਜ਼ੀਲੈਂਡ ਪੁਲਿਸ ਨੇ ਇੱਕ ਲੰਬੀ ਜਾਂਚ ਤੋਂ ਬਾਅਦ ਆਕਲੈਂਡ ਵਿੱਚ ਕਥਿਤ ਤੌਰ ‘ਤੇ ਕੈਨਾਬਿਸ ਉਗਾਉਣ ਵਾਲੇ ਘਰਾਂ ਦਾ ਨੈੱਟਵਰਕ ਚਲਾਉਣ ਅਤੇ ਸਪਲਾਈ ਕਰਨ ਵਾਲੇ ਸਭ ਤੋਂ ਵੱਡੇ ਸੰਗਠਿਤ ਅਪਰਾਧਿਕ ਗਿਰੋਹਾਂ ਵਿੱਚੋਂ ਇੱਕ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਇਸ ਕਾਰਵਾਈ ਦੌਰਾਨ 12 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
‘ਆਪ੍ਰੇਸ਼ਨ ਬਲੈਕਆਊਟ’ ਦੇ ਤਹਿਤ ਨੈਸ਼ਨਲ ਆਰਗੇਨਾਈਜ਼ਡ ਕ੍ਰਾਈਮ ਗਰੁੱਪ ਦੀ ਅਗਵਾਈ ਹੇਠ ਪੁਲਿਸ ਨੇ ਇਮੀਗ੍ਰੇਸ਼ਨ ਨਿਊਜ਼ੀਲੈਂਡ ਅਤੇ ਨਿਊਜ਼ੀਲੈਂਡ ਕਸਟਮਜ਼ ਦੇ ਸਹਿਯੋਗ ਨਾਲ ਕਥਿਤ ਵੀਅਤਨਾਮੀ ਸੰਗਠਿਤ ਅਪਰਾਧਿਕ ਗਿਰੋਹ ਖ਼ਿਲਾਫ਼ ਇਹ ਕਾਰਵਾਈ ਕੀਤੀ।
ਪਿਛਲੇ ਹਫ਼ਤੇ ਦੇ ਅੰਤ ਵਿੱਚ ਪੁਲਿਸ ਨੇ ਆਕਲੈਂਡ ਦੇ ਫਲੈਟ ਬੁਸ਼, ਹੋਵਿਕ, ਸਿਲਵੀਆ ਪਾਰਕ, ਵਿਰੀ ਅਤੇ ਮੈਸੀ ਸਮੇਤ ਵੱਖ-ਵੱਖ ਇਲਾਕਿਆਂ ਵਿੱਚ ਕੁੱਲ 19 ਸਰਚ ਵਾਰੰਟਾਂ ਤਹਿਤ ਛਾਪੇ ਮਾਰੇ।
ਡਿਟੈਕਟਿਵ ਸੀਨੀਅਰ ਸਰਜੰਟ ਜੌਨ ਬਰੰਟਨ ਨੇ ਕਿਹਾ ਕਿ ਇਹ ਜਾਂਚ ਆਮ ਪੁਲਿਸ ਕਾਰਵਾਈਆਂ ਦੌਰਾਨ ਬੇਨਕਾਬ ਹੋਣ ਵਾਲੇ ਕੈਨਾਬਿਸ ਗਰੋਅ ਹਾਊਸਾਂ ਤੋਂ ਕਾਫ਼ੀ ਵੱਡੀ ਅਤੇ ਗਹਿਰੀ ਸੀ। ਪੁਲਿਸ ਨੇ ਗਿਰੋਹ ਦੇ ਪੂਰੇ ਨੈੱਟਵਰਕ ਅਤੇ ਉਸ ਦੀਆਂ ਕਥਿਤ ਅਪਰਾਧਿਕ ਗਤੀਵਿਧੀਆਂ ਦੀ ਤਸਵੀਰ ਤਿਆਰ ਕਰਨ ਲਈ ਲੰਬੇ ਸਮੇਂ ਤੱਕ ਜਾਂਚ ਕੀਤੀ।
ਪੁਲਿਸ ਦੇ ਅਨੁਸਾਰ ਗਿਰੋਹ ‘ਤੇ ਕੈਨਾਬਿਸ ਉਗਾਉਣ ਲਈ ਸਾਜ਼ੋ-ਸਾਮਾਨ ਦੀ ਸਪਲਾਈ, ਕੈਨਾਬਿਸ ਦੀ ਖੇਤੀ ਅਤੇ ਮਨੀ ਲਾਂਡਰਿੰਗ ਦੇ ਦੋਸ਼ ਹਨ।
ਇਸ ਮਾਮਲੇ ਵਿੱਚ ਫਲੈਟ ਬੁਸ਼ ਦੇ ਇੱਕ 36 ਸਾਲਾ ਵਿਅਕਤੀ, ਜਿਸ ਨੂੰ ਪੁਲਿਸ ਕਥਿਤ ਤੌਰ ‘ਤੇ ਇਸ ਆਪ੍ਰੇਸ਼ਨ ਦਾ ਮੁੱਖ ਸਰਗਨਾ ਮੰਨਦੀ ਹੈ, ਉੱਤੇ ਛੇ ਦੋਸ਼ ਲਗਾਏ ਗਏ ਹਨ। ਇਨ੍ਹਾਂ ਵਿੱਚ ਸੰਗਠਿਤ ਅਪਰਾਧਿਕ ਗਰੁੱਪ ਵਿੱਚ ਸ਼ਾਮਲ ਹੋਣਾ, ਮਨੀ ਲਾਂਡਰਿੰਗ, ਕੈਨਾਬਿਸ ਉਗਾਉਣ ਲਈ ਵਰਤੇ ਜਾਣ ਵਾਲੇ ਸਾਜ਼ੋ-ਸਾਮਾਨ ਦੀ ਸਪਲਾਈ ਅਤੇ ਸਪਲਾਈ ਲਈ ਕੈਨਾਬਿਸ ਰੱਖਣਾ ਸ਼ਾਮਲ ਹੈ।
ਉਹ 20 ਅਗਸਤ ਨੂੰ ਮਨੁਕਾਉ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਇਆ ਸੀ ਅਤੇ ਹੁਣ ਉਸ ਦੀ ਅਗਲੀ ਪੇਸ਼ੀ ਨਵੰਬਰ ਵਿੱਚ ਹੋਵੇਗੀ।
ਗਿਰੋਹ ਨਾਲ ਕਥਿਤ ਤੌਰ ‘ਤੇ ਜੁੜੇ ਹੋਰ ਦੋ ਔਰਤਾਂ ਅਤੇ ਨੌਂ ਮਰਦਾਂ ਉੱਤੇ ਵੀ ਸੰਗਠਿਤ ਅਪਰਾਧਿਕ ਗਰੁੱਪ ਵਿੱਚ ਸ਼ਾਮਲ ਹੋਣ, ਮਨੀ ਲਾਂਡਰਿੰਗ ਅਤੇ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਅਪਰਾਧਾਂ ਦੇ ਦੋਸ਼ ਲਗਾਏ ਗਏ ਹਨ।
ਛਾਪਿਆਂ ਦੌਰਾਨ ਪੁਲਿਸ ਨੇ ਲਗਭਗ 12 ਲੱਖ 50 ਹਜ਼ਾਰ ਡਾਲਰ ਮੁੱਲ ਦਾ ਕੈਨਾਬਿਸ ਉਗਾਉਣ ਵਾਲਾ ਸਾਜ਼ੋ-ਸਾਮਾਨ, ਕਰੀਬ 80 ਹਜ਼ਾਰ ਡਾਲਰ ਨਕਦ, ਮੈਸੀ ਦੀ ਇੱਕ ਜਾਇਦਾਦ ਤੋਂ ਇੱਕ ਪਿਸਤੌਲ ਅਤੇ ਗੋਲੀਆਂ, ਲਗਭਗ 35 ਕਿਲੋਗ੍ਰਾਮ ਕੈਨਾਬਿਸ ਅਤੇ ਵੱਡੀ ਮਾਤਰਾ ਵਿੱਚ MDMA ਗੋਲੀਆਂ ਬਰਾਮਦ ਕੀਤੀਆਂ।
ਡਿਟੈਕਟਿਵ ਸੀਨੀਅਰ ਸਰਜੰਟ ਬਰੰਟਨ ਨੇ ਇਸ ਨੂੰ ਸ਼ਾਨਦਾਰ ਨਤੀਜਾ ਕਰਾਰ ਦਿੰਦਿਆਂ ਕਿਹਾ ਕਿ ਇਹ ਕਾਰਵਾਈ ਅਜਿਹੇ ਸੰਗਠਿਤ ਅਪਰਾਧਿਕ ਗਿਰੋਹਾਂ ਲਈ ਸਪੱਸ਼ਟ ਸੰਦੇਸ਼ ਹੈ ਕਿ ਪੁਲਿਸ ਉਨ੍ਹਾਂ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖ ਰਹੀ ਹੈ।
ਉਨ੍ਹਾਂ ਕਿਹਾ ਕਿ ਪੁਲਿਸ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਅਤੇ ਸਰਕਾਰੀ ਏਜੰਸੀਆਂ ਨਾਲ ਮਿਲ ਕੇ ਇਸ ਕਿਸਮ ਦੀ ਸੰਗਠਿਤ ਅਪਰਾਧਿਕ ਸਰਗਰਮੀ ਵਿੱਚ ਸ਼ਾਮਲ ਗਿਰੋਹਾਂ ਨੂੰ ਨਿਸ਼ਾਨਾ ਬਣਾਉਂਦੀ ਰਹੇਗੀ।