ਪ੍ਰਦੀਪ ਚਿੱਜੜ
ਆਕਲੈਂਡ :- 12 ਫਰਵਰੀ 2026
ਏਅਰਲਾਈਨ ਦੀਆਂ ਬੋਇੰਗ 777 ਅਤੇ 787 ਲੰਬੀ ਦੂਰੀ ਵਾਲੀਆਂ ਉਡਾਨਾਂ ‘ਤੇ ਕੰਮ ਕਰਨ ਵਾਲੀਆਂ ਫਲਾਈਟ ਅਟੈਂਡੈਂਟਾਂ ਨੇ ਤਨਖ਼ਾਹ ਅਤੇ ਸ਼ਰਤਾਂ ਬਾਰੇ ਸਹਿਮਤੀ ਨਾ ਬਣਨ ਕਰਕੇ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਕੰਮ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ।
ਫਲਾਈਟ ਅਟੈਂਡੈਂਟ ਹੜਤਾਲ ਦਾ ਯਾਤਰੀਆਂ ‘ਤੇ ਅਸਰ
ਏਅਰ ਨਿਊਜ਼ੀਲੈਂਡ ਨੇ ਕਿਹਾ ਹੈ ਕਿ ਹਾਲਾਤਾਂ ਦੇ ਬਾਵਜੂਦ ਉਸਦਾ ਕੰਮ “ਬਿਜ਼ਨਸ ਆਮ ਵਾਗ ਚੱਲ ਰਿਹਾ ਹੈ, ਭਾਵੇਂ ਹੜਤਾਲ ਕਾਰਨ ਹਜ਼ਾਰਾਂ ਯਾਤਰੀਆਂ ਨੂੰ ਉਡਾਨ ਰੱਦ ਹੋਣ ਦਾ ਸਾਹਮਣਾ ਕਰਨਾ ਪਿਆ ਹੈ।
ਬੋਇੰਗ 777 ਅਤੇ 787 ਜਹਾਜ਼ਾਂ ‘ਤੇ ਕੰਮ ਕਰਨ ਵਾਲਿਆਂ ਫਲਾਈਟ ਅਟੈਂਡੈਂਟਾਂ ਨੇ ਤਨਖ਼ਾਹ ਅਤੇ ਕੰਮ ਦੀਆਂ ਸ਼ਰਤਾਂ ਬਾਰੇ ਗੱਲਬਾਤ ਫੇਲ੍ਹ ਹੋਣ ਤੋਂ ਬਾਅਦ ਵੀਰਵਾਰ ਤੇ ਸ਼ੁੱਕਰਵਾਰ ਨੂੰ ਕੰਮ ਛੱਡਣ ਦਾ ਐਲਾਨ ਕੀਤਾ ਹੈ।
ਫਲਾਈਟ ਅਟੈਂਡੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਕ੍ਰੇਗ ਫੈਦਰਬੀ ਨੇ ਕਿਹਾ ਕਿ ਮੈਂਬਰ ਹੜਤਾਲ ਨਹੀਂ ਕਰਨਾ ਚਾਹੁੰਦੇ ਸਨ । ਯੂਨੀਅਨ ਨੇ ਸਮਝੌਤਾ ਕਰਨ ਲਈ ਹਰ ਜਤਨ ਕੀਤਾ ਪਰ ਕੋਈ ਨਤੀਜਾ ਨਹੀਂ ਨਿਕਲਿਆ।ਫੈਦਰਬੀ ਨੇ ਦੱਸਿਆ ਕਿ ਪਹਿਲਾਂ ਤਿੰਨ ਦਿਨ ਦੀ ਹੜਤਾਲ ਦੀ ਯੋਜਨਾ ਬਣਾਈ ਗਈ ਸੀ, ਪਰ ਹੁਣ ਇਸਨੂੰ ਦੋ ਦਿਨਾਂ ਤੱਕ ਘਟਾ ਦਿੱਤਾ ਗਿਆ ਹੈ।
ਏਅਰ ਨਿਊਜ਼ੀਲੈਂਡ ਦੇ ਚੀਫ਼ ਕਸਟਮਰ ਅਤੇ ਡਿਜ਼ਿਟਲ ਅਫਸਰ ਜੇਰੇਮੀ ਓ’ਬ੍ਰਾਇਨ ਨੇ ਮਾਰਨਿੰਗ ਰਿਪੋਰਟ ਨੂੰ ਦੱਸਿਆ ਕਿ ਕੰਪਨੀ ਨੇ ਹੜਤਾਲ ਨਾਲ ਪ੍ਰਭਾਵਿਤ ਸਾਰੇ ਗ੍ਰਾਹਕਾਂ ਨਾਲ ਪਹਿਲਾਂ ਹੀ ਸੰਪਰਕ ਕਰਕੇ ਉਨ੍ਹਾਂ ਨੂੰ ਵਿਕਲਪਕ ਉਡਾਨਾਂ ਦੀ ਪੇਸ਼ਕਸ਼ ਕੀਤੀ ਹੈ—ਆਪਣੀ ਜਾਂ ਸਾਂਝੇਦਾਰ ਏਅਰਲਾਈਨਾਂ ਰਾਹੀਂ।
ਉਨ੍ਹਾਂ ਕਿਹਾ ਕਿ “ਵੱਡੀ ਗਿਣਤੀ” ਯਾਤਰੀਆਂ ਨੂੰ ਹੜਤਾਲ ਤੋਂ ਪਹਿਲਾਂ ਜਾਂ ਬਾਅਦ ਕੁਝ ਦਿਨਾਂ ਅੰਦਰ ਯਾਤਰਾ ਦੀ ਤਾਰੀਖ ਦਿੱਤੀ ਗਈ ਹੈ। ਸਭ ਤੋਂ ਵੱਧ ਪ੍ਰਭਾਵਿਤ ਉਡਾਨਾਂ ਉੱਤਰ ਅਮਰੀਕਾ ਅਤੇ ਏਸ਼ੀਆ ਵੱਲ ਜਾਣ ਵਾਲੀਆਂ ਹਨ।
ਓ’ਬ੍ਰਾਇਨ ਨੇ ਕਿਹਾ ਕਿ ਕੰਪਨੀ ਨੂੰ ਪਤਾ ਹੈ ਕਿ ਹਰ ਗ੍ਰਾਹਕ ਲਈ ਦਿੱਤੇ ਵਿਕਲਪ ਇਕੋ ਜਿਹੇ ਨਹੀਂ ਹੋ ਸਕਦੇ, ਇਸ ਲਈ ਪੂਰਾ ਰੀਫੰਡ ਜਾਂ ਕਰੈਡਿਟ ਦਿੱਤਾ ਜਾ ਰਿਹਾ ਹੈ। ਜੇਕਰ ਹੜਤਾਲ ਕਾਰਨ ਰਹਿਣ ਜਾਂ ਹੋਰ ਖ਼ਰਚੇ ਪ੍ਰਭਾਵਿਤ ਹੋਏ ਹਨ ਤਾਂ ਉਹ ਵੀ ਵਾਪਸ ਕੀਤੇ ਜਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਉਡਾਨਾਂ ਵਿੱਚ ਰੁਕਾਵਟ ਆਉਣਾ ਦੁਨੀਆ ਭਰ ਦੀਆਂ ਏਅਰਲਾਈਨਾਂ ਲਈ ਆਮ ਗੱਲ ਹੈ। ਇਹ ਸਾਡੇ ਲਈ ਵੀ ਵੱਖਰਾ ਨਹੀਂ ਹੈ—ਅਜਿਹੀਆਂ ਸਥਿਤੀਆਂ ਸਾਡੇ ਰੋਜ਼ਾਨਾ ਦੇ ਕੰਮ ਦਾ ਹਿੱਸਾ ਹਨ।”
ਉਨ੍ਹਾਂ ਕਿਹਾ ਕਿ ਏਅਰ ਨਿਊਜ਼ੀਲੈਂਡ ਫਲਾਈਟ ਅਟੈਂਡੈਂਟਾਂ ਦੇ ਹੜਤਾਲ ਦੇ ਅਧਿਕਾਰ ਦਾ ਆਦਰ ਕਰਦੀ ਹੈ ।



