
ਪ੍ਰਦੀਪ ਚਿੱਜੜ
ਆਕਲੈਂਡ:- 06 ਅਗਸਤ 2026
ਨਿਊਜ਼ੀਲੈਂਡ ਕਸਟਮਜ਼ ਅਤੇ ਪੁਲਿਸ ਦੀ ਸਾਂਝੀ ਕਾਰਵਾਈ ਦੌਰਾਨ 24 ਕਿਲੋ ਅਫ਼ੀਮ ਦੇਸ਼ ਅੰਦਰ ਤਸਕਰੀ ਕਰਕੇ ਲਿਆਉਣ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ ਗਈ। ਇਸ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਅਫ਼ੀਮ ਦੀ ਦਰਾਮਦ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਤੀਜੇ ਵਿਅਕਤੀ ‘ਤੇ ਨੁਸਖ਼ੇ ਵਾਲੀਆਂ ਦਵਾਈਆਂ ਗੈਰ-ਕਾਨੂੰਨੀ ਤੌਰ ‘ਤੇ ਆਪਣੇ ਕੋਲ ਰੱਖਣ ਦਾ ਦੋਸ਼ ਲਗਾਇਆ ਗਿਆ ਹੈ।
ਡਿਟੈਕਟਿਵ ਸੀਨੀਅਰ ਸਰਜੰਟ ਮਾਈਕਲ ਵਾਰਨਮ ਨੇ ਦੱਸਿਆ ਕਿ 1 ਜੂਨ ਤੋਂ 19 ਜੁਲਾਈ ਦਰਮਿਆਨ ਕਸਟਮਜ਼ ਅਧਿਕਾਰੀਆਂ ਨੇ ਸਰਹੱਦ ‘ਤੇ ਕਈ ਪਾਰਸਲਾਂ ਨੂੰ ਰੋਕਿਆ, ਜਿਨ੍ਹਾਂ ਵਿੱਚ ਕਲਾਸ-ਬੀ ਸ਼੍ਰੇਣੀ ਦੀ ਅਫ਼ੀਮ ਬਰਾਮਦ ਹੋਈ। ਇਹ ਪਾਰਸਲ ਬਰਤਾਨੀਆ ਅਤੇ ਭਾਰਤ ਤੋਂ ਭੇਜੇ ਗਏ ਸਨ। ਭਾਵੇਂ ਇਹ ਆਕਲੈਂਡ ਵਿੱਚ ਜ਼ਬਤ ਕੀਤੇ ਗਏ, ਪਰ ਇਨ੍ਹਾਂ ਦੀ ਮੰਜ਼ਿਲ ਵੈਸਟਰਨ ਬੇ ਆਫ਼ ਪਲੇਂਟੀ ਇਲਾਕਾ ਸੀ।
ਪਿਛਲੇ ਹਫ਼ਤੇ ਪੁਲਿਸ ਨੇ ਟੌਰਾਂਗਾ, ਪਾਪਾਮੋਆ, ਓਮੋਕੋਰੋਆ ਅਤੇ ਤੇ ਪੁਕੇ ਵਿੱਚ 11 ਥਾਵਾਂ ‘ਤੇ ਛਾਪੇਮਾਰੀ ਕਰਕੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਇਸ ਦੌਰਾਨ ਵੱਡੀ ਮਾਤਰਾ ਵਿੱਚ ਅਫ਼ੀਮ, ਸਟੀਰਾਇਡ, ਨਕਦੀ ਅਤੇ ਇਲੈਕਟ੍ਰਾਨਿਕ ਉਪਕਰਨ ਵੀ ਬਰਾਮਦ ਕੀਤੇ ਗਏ।
31 ਅਤੇ 36 ਸਾਲਾ ਦੋ ਵਿਅਕਤੀਆਂ ‘ਤੇ ਅਫ਼ੀਮ ਦਰਾਮਦ ਕਰਨ ਦੇ ਦੋਸ਼ ਲਗਾਏ ਗਏ ਹਨ। ਇਨ੍ਹਾਂ ਵਿੱਚੋਂ ਇੱਕ ਉੱਤੇ ਪਿਛਲੇ 12 ਮਹੀਨਿਆਂ ਦੌਰਾਨ 48 ਕਿਲੋ ਅਫ਼ੀਮ ਦਰਾਮਦ ਕਰਨ ਦਾ ਵੀ ਦੋਸ਼ ਹੈ। 38 ਸਾਲਾ ਤੀਜੇ ਵਿਅਕਤੀ ‘ਤੇ ਨੁਸਖ਼ੇ ਵਾਲੀਆਂ ਦਵਾਈਆਂ ਗੈਰ-ਕਾਨੂੰਨੀ ਤੌਰ ‘ਤੇ ਆਪਣੇ ਕੋਲ ਰੱਖਣ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਤਿੰਨਾਂ ਦੋਸ਼ੀਆਂ ਨੂੰ ਆਉਣ ਵਾਲੇ ਹਫ਼ਤਿਆਂ ਵਿੱਚ ਟੌਰਾਂਗਾ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ ਵਿੱਚ ਵੀ ਟੌਰਾਂਗਾ ਦੇ ਇੱਕ ਘਰ ਵਿੱਚੋਂ 24 ਕਿਲੋ ਅਫ਼ੀਮ ਬਰਾਮਦ ਹੋਈ ਸੀ। ਉਸ ਮਾਮਲੇ ਵਿੱਚ ਗ੍ਰਿਫ਼ਤਾਰ 38 ਸਾਲਾ ਵਿਅਕਤੀ ਖ਼ਿਲਾਫ਼ ਅਦਾਲਤੀ ਕਾਰਵਾਈ ਜਾਰੀ ਹੈ।
ਪੁਲਿਸ ਨੇ ਚੇਤਾਵਨੀ ਦਿੱਤੀ ਹੈ ਕਿ ਅਫ਼ੀਮ ਇੱਕ ਬਹੁਤ ਹੀ ਨਸ਼ੀਲਾ ਅਤੇ ਖ਼ਤਰਨਾਕ ਪਦਾਰਥ ਹੈ, ਜਿਸ ਦੀ ਵਰਤੋਂ ਦਿਮਾਗ, ਜਿਗਰ, ਫੇਫੜਿਆਂ, ਗੁਰਦਿਆਂ, ਆਂਤਾਂ, ਚਮੜੀ, ਅੱਖਾਂ ਅਤੇ ਸਰੀਰ ਦੀ ਰੋਗ-ਰੋਧਕ ਸਮਰੱਥਾ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੀ ਹੈ।


