ਜੈਕ ਐਂਡ ਜਿਲ ਰੈਸਟੋਰੈਂਟ ‘ਚ ਗੁਰਨਾਮ ਭੁੱਲਰ ਨਾਲ ‘ਮੀਟ ਐਂਡ ਗ੍ਰੀਟ’ ਡਿਨਰ ਰਿਹਾ ਯਾਦਗਾਰ ।

ਪ੍ਰਦੀਪ ਚਿੱਜੜ
ਆਕਲੈਂਡ:- 06  ਅਗਸਤ  2026

ਆਕਲੈਂਡ ਦੇ ਪ੍ਰਸਿੱਧ ਜੈਕ ਐਂਡ ਜਿਲ ਰੈਸਟੋਰੈਂਟ ਵਿੱਚ ਬੀਤੀ ਰਾਤ ਪੰਜਾਬੀ ਗਾਇਕੀ ਦੇ ਮਸ਼ਹੂਰ ਸਿਤਾਰੇ ਗੁਰਨਾਮ ਭੁੱਲਰ ਨਾਲ ਕਰਵਾਇਆ ਗਿਆ ਵਿਸ਼ੇਸ਼ Meet & Greet Dinner ਸਮਾਗਮ ਸ਼ਾਨਦਾਰ ਢੰਗ ਨਾਲ ਸੰਪੰਨ ਹੋਇਆ। ਸਮਾਗਮ ਦੌਰਾਨ ਗੁਰਨਾਮ ਭੁੱਲਰ ਦੇ ਪ੍ਰਸ਼ੰਸਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ, ਜਿਨ੍ਹਾਂ ਨੇ ਆਪਣੇ ਮਨਪਸੰਦ ਗਾਇਕ ਨਾਲ ਮੁਲਾਕਾਤ ਕਰਕੇ ਤਸਵੀਰਾਂ ਖਿਚਵਾਈਆਂ, ਗੱਲਬਾਤ ਕੀਤੀ ਅਤੇ ਇਸ ਖ਼ਾਸ ਸ਼ਾਮ ਨੂੰ ਯਾਦਗਾਰ ਬਣਾਇਆ।
ਸ਼ਾਮ ਦਾ ਸਭ ਤੋਂ ਭਾਵੁਕ ਅਤੇ ਖ਼ਾਸ ਪਲ ਉਸ ਵੇਲੇ ਆਇਆ ਜਦੋਂ ਇੱਕ ਮਹਿਲਾ ਪ੍ਰਸ਼ੰਸਕ ਨੇ ਆਪਣੇ ਹੱਥਾਂ ਨਾਲ ਤਿਆਰ ਕੀਤਾ ਗਿਆ ਸੁੰਦਰ ਕੇਕ ਗੁਰਨਾਮ ਭੁੱਲਰ ਨੂੰ ਭੇਟ ਕੀਤਾ। ਗੁਰਨਾਮ ਭੁੱਲਰ ਨੇ ਇਸ ਪਿਆਰ ਭਰੇ ਸਨਮਾਨ ਲਈ ਪ੍ਰਸ਼ੰਸਕ ਦਾ ਦਿਲੋਂ ਧੰਨਵਾਦ ਕੀਤਾ ਅਤੇ ਸਾਰਿਆਂ ਦੀ ਮੌਜੂਦਗੀ ਵਿੱਚ ਕੇਕ ਕੱਟ ਕੇ ਖੁਸ਼ੀ ਸਾਂਝੀ ਕੀਤੀ। ਇਸ ਮੌਕੇ ਹਾਜ਼ਰ ਲੋਕਾਂ ਨੇ ਤਾਲੀਆਂ ਦੀ ਗੂੰਜ ਨਾਲ ਉਨ੍ਹਾਂ ਦਾ ਸਵਾਗਤ ਕੀਤਾ।
ਸਮਾਗਮ ਦੌਰਾਨ ਸਵਾਦਿਸ਼ਟ ਡਿਨਰ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ, ਜਿੱਥੇ ਮਹਿਮਾਨਾਂ ਨੇ ਗੁਰਨਾਮ ਭੁੱਲਰ ਨਾਲ ਨਿੱਘੇ ਮਾਹੌਲ ਵਿੱਚ ਸਮਾਂ ਬਿਤਾਇਆ। ਪੂਰਾ ਮਾਹੌਲ ਸੰਗੀਤ, ਉਤਸ਼ਾਹ ਅਤੇ ਪ੍ਰਸ਼ੰਸਕਾਂ ਦੇ ਪਿਆਰ ਨਾਲ ਰੰਗਿਆ ਹੋਇਆ ਨਜ਼ਰ ਆਇਆ।
ਸਮਾਗਮ ਦੇ ਆਯੋਜਕਾਂ ਨੇ ਇਸ ਮੌਕੇ ‘ਤੇ ਸਾਰੇ ਮੀਡੀਆ ਸਾਥੀਆਂ, ਸਪਾਂਸਰਾਂ, ਸਹਿਯੋਗੀਆਂ ਅਤੇ ਵਲੰਟੀਅਰਾਂ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਮੂਹ ਭਾਈਚਾਰੇ ਦੇ ਸਹਿਯੋਗ ਅਤੇ ਪ੍ਰਸ਼ੰਸਕਾਂ ਦੇ ਅਥਾਹ ਪਿਆਰ ਨੇ ਇਸ ਸ਼ਾਮ ਨੂੰ ਬੇਹੱਦ ਸਫ਼ਲ ਅਤੇ ਯਾਦਗਾਰ ਬਣਾ ਦਿੱਤਾ।