
ਪ੍ਰਦੀਪ ਚਿੱਜੜ
ਆਕਲੈਂਡ:- 03 ਜਨਵਰੀ 2026
ਸਾਵਿਤ੍ਰੀਬਾਈ ਫੂਲੇ ਜੀ ਦਾ 3 ਜਨਵਰੀ 1831ਜਨਮ ਹੋਇਆ.ਉਹ ਇੱਕ ਭਾਰਤੀ educator, ਸਮਾਜ ਸੁਧਾਰਕ ਅਤੇ poet ਸਨ ।ਜਿਨ੍ਹਾਂ ਨੂੰ ਆਧੁਨਿਕ ਭਾਰਤ ਦੀ ਪਹਿਲੀ ਮਹਿਲਾ ਅਧਿਆਪਕਾ ਮੰਨਿਆ ਜਾਂਦਾ ਹੈ। ਆਪਣੇ ਪਤੀ ਜੋਤੀਰਾਓ ਫੂਲੇ ਨਾਲ ਮਿਲ ਕੇ ਉਨ੍ਹਾਂ ਨੇ ਮਹਾਰਾਸ਼ਟਰ ਵਿੱਚ ਔਰਤਾਂ ਦੇ ਅਧਿਕਾਰ ਅਤੇ ਸਿੱਖਿਆ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਅਤੇ ਇੱਕ ਐਸੀ ਵਿਰਾਸਤ ਛੱਡੀ ਜੋ ਅੱਜ ਵੀ ਭਾਰਤ ਦੇ ਸਮਾਜਿਕ ਸੁਧਾਰ ਅੰਦੋਲਨਾਂ ਨੂੰ ਪ੍ਰੇਰਿਤ ਕਰਦੀ ਹੈ।
ਉਹ ਭਾਰਤ ਦੇ ਨਾਰੀ ਅੰਦੋਲਨ ਦੀ ਅਗਵਾਈ ਕਰਨ ਵਾਲੀਆਂ ਸਭ ਤੋਂ ਪਹਿਲੀਆਂ ਮਹਿਲਾਵਾਂ ਵਿੱਚੋਂ ਇੱਕ ਸਨ। ਉਨ੍ਹਾਂ ਨੇ ਜਾਤਿ ਅਤੇ ਲਿੰਗ ਆਧਾਰਿਤ ਭੇਦਭਾਵ ਅਤੇ ਅਨਿਆਇ ਦੇ ਖ਼ਾਤਮੇ ਲਈ ਜ਼ੋਰਦਾਰ ਸੰਗਰਸ਼ ਕੀਤਾ। ਸਾਵਿਤ੍ਰੀਬਾਈ ਅਤੇ ਉਨ੍ਹਾਂ ਦੇ ਪਤੀ ਜੋਤੀਰਾਓ ਫੂਲੇ ਨੇ ਭਾਰਤ ਵਿੱਚ ਮਹਿਲਾ ਸਿੱਖਿਆ ਦੀ ਨੀਂਹ ਰੱਖੀ।
1848 ਵਿੱਚ, ਉਨ੍ਹਾਂ ਨੇ ਤਾਤਿਆ ਸਾਹਿਬ ਭੀਡੇ ਦੇ ਘਰ, ਜਿਸਨੂੰ ਪੂਨੇ ਵਿੱਚ ਭੀਡੇ ਵਾਡਾ ਕਿਹਾ ਜਾਂਦਾ ਹੈ, ਵਿੱਚ ਕੁੜੀਆਂ ਲਈ ਪਹਿਲਾ ਸਕੂਲ ਖੋਲ੍ਹਿਆ।
ਸਾਵਿਤ੍ਰੀਬਾਈ “ਮਾਲੀ” ਭਾਈਚਾਰੇ ਵਿੱਚ ਜਨਮੀ ਅਤੇ ਛੋਟੀ ਉਮਰ ਵਿੱਚ ਜੋਤੀਰਾਓ ਫੂਲੇ ਨਾਲ ਵਿਆਹ ਹੋਇਆ। ਉਸ ਸਮੇ ਉਹ ਅਣਪੜ੍ਹ ਸਨ। ਪਰ ਉਨ੍ਹਾਂ ਦੇ ਪਤੀ ਨੇ ਘਰ ਵਿੱਚ ਹੀ ਉਨ੍ਹਾਂ ਨੂੰ ਪੜ੍ਹਨਾ ਲਿਖਣਾ ਸਿਖਾਇਆ। ਬਾਅਦ ਵਿੱਚ ਉਨ੍ਹਾਂ ਨੇ ਸਖਾਰਾਮ ਯਸ਼ਵੰਤ ਪਰਾਂਜਪੇ ਅਤੇ ਕੇਸ਼ਵ ਸ਼ਿਵਰਾਮ ਭਵਾਲਕਰ ਤੋਂ ਵਿਦਿਆ ਪ੍ਰਾਪਤ ਕੀਤੀ। ਉਨ੍ਹਾਂ ਨੇ ਪੂਨੇ ਅਤੇ ਅਹਿਮਦਨਗਰ ਵਿੱਚ ਅਧਿਆਪਕ ਬਣਨ ਦੀ ਤਾਲੀਮ ਲਈ ਅਤੇ ਇਸ ਤਰ੍ਹਾਂ ਭਾਰਤ ਦੀ ਪਹਿਲੀ ਪ੍ਰੋਫੈਸ਼ਨਲੀ ਤਾਲੀਮਯਾਫ਼ਤਾ ਮਹਿਲਾ ਮੁਖ ਅਧਿਆਪਕਾ ਬਣੀ ।
1848 ਵਿੱਚ ਜੋਤੀਰਾਓ ਅਤੇ ਸਗੁਨਾਬਾਈ ਖ਼ਿਰਸਾਗਰ ਨਾਲ ਮਿਲ ਕੇ ਉਨ੍ਹਾਂ ਨੇ ਭੀਡੇਵਾਡਾ, ਪੂਨੇ ਵਿੱਚ ਗਣਿਤ, ਵਿਗਿਆਨ ਅਤੇ ਸਮਾਜਿਕ ਅਧਿਐਨ ਦੇ ਪ੍ਰਗਤਸ਼ੀਲ ਪਾਠਕ੍ਰਮ ਨਾਲ ਕੁੜੀਆਂ ਲਈ ਭਾਰਤ ਦਾ ਪਹਿਲਾ ਸਕੂਲ ਖੋਲ੍ਹਿਆ । ਹਾਲਾਂਕਿ ਸਮਾਜ ਵੱਲੋਂ ਤਿੱਖੀ ਵਿਰੋਧਤਾ ਦਾ ਸਾਹਮਣਾ ਕਰਨਾ ਪਿਆ।
ਸਾਵਿਤ੍ਰੀਬਾਈ ਦਾ ਸਾਰਾ ਜੀਵਨ ਕੁੜੀਆਂ ਅਤੇ ਪਿੱਛੜੇ ਵਰਗਾਂ ਦੀ ਸਿੱਖਿਆ ਲਈ ਸਮਰਪਿਤ ਰਿਹਾ। 1851 ਤੱਕ ਉਹ ਅਤੇ ਜੋਤੀਰਾਓ ਪੂਨੇ ਵਿੱਚ ਤਿੰਨ ਕੁੜੀਆਂ ਦੇ ਸਕੂਲ ਚਲਾ ਰਹੇ ਸਨ, ਜਿਨ੍ਹਾਂ ਵਿੱਚ ਕਰੀਬ 150 ਵਿਦਿਆਰਥਣਾਂ ਪੜ੍ਹਦੀਆਂ ਸਨ। ਉਨ੍ਹਾਂ ਨੇ ਕੁੱਲ 18 ਸਕੂਲ ਖੋਲ੍ਹੇ ਅਤੇ ਇਸਦੇ ਨਾਲ ਹੀ 1851 ਵਿੱਚ “ਮਹਿਲਾ ਸੇਵਾ ਮੰਡਲ” ਦੀ ਸਥਾਪਨਾ ਕੀਤੀ ਜੋ ਔਰਤਾਂ ਦੇ ਹੱਕਾਂ ਲਈ ਕੰਮ ਕਰਦਾ ਸੀ।
ਉਨ੍ਹਾਂ ਦੇ ਸਾਹਿਤਕ ਯੋਗਦਾਨਾਂ ਵਿੱਚ ਕਾਵ੍ਯ ਫੂਲੇ (1854) ਅਤੇ ਬਾਵਨ ਕਸ਼ੀ ਸੁਬੋਧ ਰਤਨਾਕਰ (1892) ਸ਼ਾਮਲ ਹਨ। ਸਾਵਿਤ੍ਰੀਬਾਈ ਦੀ ਮੌਤ 10 ਮਾਰਚ 1897 ਨੂੰ ਪਲੇਗ ਦੀ ਬੀਮਾਰੀ ਕਾਰਨ ਹੋਈ।
ਅੱਜ ਉਨ੍ਹਾਂ ਨੂੰ “ਭਾਰਤ ਦੀ ਆਧੁਨਿਕ ਸਿੱਖਿਆ ਦੀ ਮਾਤਾ” ਦੇ ਤੌਰ ‘ਤੇ ਯਾਦ ਕੀਤਾ ਜਾਂਦਾ ਹੈ, ਅਤੇ ਉਨ੍ਹਾਂ ਦੀ ਯਾਦ ਵਿੱਚ ਕਈ ਸਮਾਰਕ, ਸਿੱਖਿਆ ਸੰਸਥਾਵਾਂ ਅਤੇ ਸੱਭਿਆਚਾਰਕ ਪ੍ਰਤੀਕ ਬਣਾਏ ਗਏ ਹਨ।


