ਮੁਰਦੇ ਦੀ ਸ਼ੋਹ ( ਕਹਾਣੀ)

ਪ੍ਰਦੀਪ ਚਿੱਜੜ

ਬੱਚਾ ਜਨਮ ਲੈਂਦਾ ਕਿਸੇ ਜਾਤ ਪਾਤ ਤੇ ਧਰਮਾਂ ਤੋਂ ਮੁਕਤ ਪਰ ਜਿਵੇਂ – ਜਿਵੇਂ ਉਹ ਵੱਡਾ ਹੁੰਦਾ ਤੇ ਮਾਪਿਆਂ ਵਾਲੀ ਜਾਤ ਤੇ ਉਸਦਾ ਧਰਮ ਵੀ ਉਸ ਨੂੰ ਮਿਲ ਜਾਂਦਾ । ਹਮੇਸ਼ਾ ਉਹ ਬੱਚਾ ਉਲਝਣ ਵਿੱਚ ਹੀ ਰਹਿੰਦਾ ਤੇ ਜਦੋਂ ਵੀ ਕਿਸੇ ਨੂੰ ਉਹ ਬੱਚਾ ਸਵਾਲ ਕਰਦਾ ਇਹਨਾਂ ਜਾਤਾ , ਧਰਮਾ ਬਾਰੇ ਤੇ ਉਸਨੂੰ ਕੋਈ ਸਾਰਥਿਕ ਜਵਾਬ ਨਹੀਂ ਮਿਲਦਾ। ਮੈਂ ਵੀ ਪੰਜਾਬ ਦੇ ਇੱਕ ਪਿੰਡ ਦਾ ਜੰਮਪਲ ਹੋਣ ਕਰਕੇ ਪਿੰਡ ਦੀ ਹੀ ਜਿਆਦਾ ਗੱਲਬਾਤ ਕਰਦਾ ਹਾਂ । ਭਾਵੇ ਮੈ ਹੁਣ  ਵਿਦੇਸ਼ ਵਿਚ ਰਹਿੰਦਾ ਹਾ।  ਪਿੰਡਾਂ ਦੇ ਲੋਕ ਜਿਆਦਾ ਤਰ  ਸਿੱਖ ਧਰਮ ਨੂੰ ਮੰਨਣ ਵਾਲੇ ਜੋ  ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋਣ ਵਾਲੇ ਲੋਕ ਹਨ । ਪਰ ਪਿੰਡਾਂ ਵਿੱਚ ਗੁਰਦੁਆਰਿਆਂ ਤੋਂ ਇਲਾਵਾ ਮੜੀਆਂ, ਮਸੀਤਾਂ, ਕਬਰਾਂ ਨੂੰ ਪੂਜਣਾ ਵੀ ਬਹੁਤ ਹੁੰਦਾ ਹੈ। ਜਿਮੀਦਾਰ ਲੋਕ ਬਹੁਤਾਤ ਵਿੱਚ ਸ਼ਾਮਿਲ ਹੁੰਦੇ ਤੇ ਸਲਾਨਾ ਮੇਲਿਆਂ ਵਿੱਚ ਇਹਨਾਂ ਦੀ ਸ਼ਿਰਕਤ ਜਿਆਦਾ ਹੁੰਦੀ।  ਇਹ ਲੋਕ ਮੋਹਰੇ ਹੁੰਦੇ ਤੇ ਉਹਨਾਂ ਦੇ ਪਿੱਛੇ ਲੱਗ ਹੋਰ ਲੋਕ ਵੀ ਭਾਰੀ ਸੰਖਿਆ ਵਿੱਚ ਪਿੰਡਾਂ ਵਿੱਚੋਂ ਜਾਂਦੇ।  ਮੁਸਲਮਾਨੀ ਸਥਾਨਾਂ ਤੇ ਲੋਕ ਅੰਨੀ ਸ਼ਰਧਾ ਦਿਖਾਉਂਦੇ ਭਾਵੇਂ ਉਹਨਾਂ ਨੂੰ ਉਸ ਸਥਾਨ ਬਾਰੇ ਕੁਝ ਵੀ ਇਲਮ ਨਹੀਂ ਹੁੰਦਾ। ਜਿਹੜਾ ਇਨਸਾਨ  ਉਹਨਾ  ਸਥਾਨਾਂ (  ਕਬਰਾ , ਦਰਗਾਹਾ) ਦੀ ਦੇਖ ਰੇਖ ਕਰਦੇ ਹੁੰਦਾ ਲੋਕ ਉਹਨਾਂ ਨੂੰ ਵੀ ਰੱਬ ਵਾਂਗ ਪੂਜਦੇ । ਜਿਵੇਂ ਮੈਂ ਉਪਰ ਜ਼ਿਕਰ ਕੀਤਾ ਕਿ ਪਿੰਡਾਂ ਵਿੱਚ ਬਹੁਤ ਸਾਰੀਆਂ ਮਾਨਤਾਵਾਂ  ਹੁੰਦੀਆਂ ਹਨ ਜਿਨਾਂ ਵਿੱਚ ਅਲੱਗ – ਅਲੱਗ ਹੋਰ ਵੀ ਬਹੁਤ ਸਾਰੀਆਂ ਥਾਵਾਂ ਹਨ ਜਿਵੇਂ ਕਿ ਗੁਗਾ ਪੀਰ ਨੂੰ ਪੂਜਣਾ ਵੀ ਸ਼ਾਮਲ ਹੈ । ਜਿੱਥੇ ਤੱਕ ਮੈਂ ਦੇਖਿਆ ਇਸ ਗੂਗੇ ਪੀਰ ਬਾਰੇ , ਉਹ ਤਾਂ ਸੱਪਾਂ ਦੇ ਬਣਾਏ ਹੋਏ ਮਿੱਟੀ ਦੇ ਸਥਾਨ ਹਨ । ਸੱਪਾਂ ਦੇ ਘਰ ਹਨ ਜਿੱਥੇ ਲੋਕ ਉਹਨਾਂ ਨੂੰ ਪੂਜਦੇ ਹਨ।  ਮੈਂ ਆਪਣੇ ਪਿੰਡ ਦੀ ਹੀ ਗੱਲ ਸਾਂਝੀ ਕਰਦਾ ਹਾਂ।  ਇਹ ਅਸਲ ਕਹਾਣੀ ਤੇ ਅੱਖੀ ਦੇਖੀ ਤੇ ਮੈਂ ਵੀ ਪੂਜਾ ਦਾ ਹਿੱਸਾ ਬਣਿਆ । ਪਿੰਡ ਸਾਡਾ ਇੱਕ ਵੱਡੇ ਮਾਰਗ (ਵੱਡੀ ਸੜਕ) ਦੇ ਨੇੜੇ ਸਥਿਤ , ਕੋਈ 400 ਮੀਟਰ ਦੀ ਦੂਰੀ ਤੇ ਹੈ  ਅਤੇ  ਇਹ ਸੱਪਾਂ ਦਾ ਸਥਾਨ ਵੀ ਵੱਡੀ ਸੜਕ ਦੇ ਨੇੜੇ ਹੀ ਸਥਾਪਿਤ ਹੈ , ਜਿਥੇ ਗੂਗੇ ਦੀ ਪੂਜਾ ਹੁੰਦੀ। ਇਸ ਸੜਕ ਦੇ ਕਿਨਾਰੇ ਅੱਕ ਦੇ ਬੂਟੇ ਹੁੰਦੇ ਸੀ ਤੇ ਬਹੁਤ ਸਾਰੀ ਖਾਲੀ  ਜਗ੍ਹਾ ਹੁੰਦੀ ਸੀ।  ਇਹ ਗੱਲ ਕੋਈ 1989 – 90 ਦੀ ਹੈ ਸਾਡੇ ਘਰ ਪਿੰਡ ਵੜਦਿਆਂ ਹੀ ਆਉਂਦੇ ਹਨ।  ਪਿੰਡ ਨੂੰ ਆਉਣ ਵਾਲੀ ਸੜਕ ਕੱਚੀ ਹੁੰਦੀ ਸੀ । ਪਿੰਡ ਦਾ ਗੇਟ ਦੂਰੋਂ ਦਿਸਦਾ ਹੁੰਦਾ ਸੀ ਜਿਹੜਾ ਕਿ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਨਾਂ ਦੇ ਉੱਪਰ ਰੱਖਿਆ ਹੋਇਆ ਹੈ। ਗੇਟ ਦੇ ਕੋਲ ਅੱਕ ਦੇ ਬੂਟੇ ਬਹੁਤ ਸਾਰੇ ਹੁੰਦੇ ਸਨ ਤੇ ਉੱਥੇ ਸੱਪਾਂ ਦਾ ਬਸੇਰਾ ਹੁੰਦਾ ਸੀ ਸੱਪਾਂ ਦੀਆਂ ਮਟੀਆਂ ਕਾਫੀ ਵੱਡੀਆਂ ਵੱਡੀਆਂ ਹੁੰਦੀਆਂ ਸੀ ਤੇ ਪਿੰਡ ਵਾਲੇ ਸਾਲ ਵਿੱਚ ਇੱਕ ਵਾਰ ਉੱਥੇ ਜਿਸ ਨੂੰ ਗੁੱਗਾ ਨਾਮੀ ਕਿਹਾ ਜਾਂਦਾ ਹੈ ਦੇ ਨਾਂ ਦੇ ਉੱਪਰ ਪੂਜਦੇ ਸਨ। ਇਸ ਤਰਾਂ ਇੱਕ ਵੱਡਾ ਤਿਉਹਾਰ ਮਨਾਇਆ ਜਾਂਦਾ ਹੈ ਆਟੇ ਦੀਆਂ ਸੇਵੀਆਂ ਜਿਨਾਂ ਵਿੱਚ ਰੰਗ ਬਰੰਗੀਆਂ ਸੇਵੀਆਂ ਵੀ ਹੁੰਦੀਆਂ । ਪੂਰਾ ਦਿਨ ਲੋਕਾਂ ਦਾ ਉਥੇ ਹਜੂਮ ਹੁੰਦਾ । ਕੁਝ ਲੋਕ ਲਾਲਚ ਵਿੱਚ ਜਿਆਦਾ ਸੇਵੀਆਂ ਖਾ ਲੈਂਦੇ ਤੇ ਬਿਮਾਰ ਵੀ ਹੋ ਜਾਂਦੇ।  ਇਹ ਜਿਹੜੀਆਂ ਥਾਂਵਾਂ ਪੂਜਣ ਦੇ ਵਿੱਚ ਜਿਆਦਾ ਵਰਤੀਆਂ ਜਾਂਦੀਆਂ ਸਨ ਉੱਥੇ ਹੁਣ ਇਮਾਰਤਾਂ ਬਣ ਗਈਆਂ। ਜਿਹੜੀ ਥਾਂ ਕਦੇ ਰੱਬ ਵਾਂਗ ਪੂਜੀ ਜਾਂਦੀ ਸੀ ਦੇਖਦਿਆਂ ਦੇਖਦਿਆਂ ਉਹ ਅਲੋਪ ਹੋ ਗਈ।
ਮੈਂ ਇਹ ਗੱਲ ਇਸ ਲਈ ਨਸ਼ਰ ਕਰ ਰਿਹਾ ਹਾਂ ਕਿ ਉਸ ਸਮੇਂ ਦੇ ਲੋਕਾਂ ਦੀ ਕੀਤੀ ਹੋਈ ਪੂਜਾ ਕਿਸ ਅਰਥ ਆਈ। ਇਸੇ ਤਰਜ ਤੇ ਮੁਸਲਮਾਨੀ ਜਗ੍ਹਾ ਦੀ ਮਾਨਤਾ ਵੀ ਪਿੰਡਾਂ ਵਿੱਚ ਬਹੁਤ ਹੁੰਦੀ ਜਿਹੜਾ ਵਿਅਕਤੀ  ਉਸ ਸਥਾਨ ਦੀ, ਉਸ ਕਬਰ ਦੀ ਦੇਖ ਰੇਖ ਕਰਦਾ ਪਿੰਡ ਦੇ ਲੋਕ ਉਸ ਵਿਅਕਤੀ ਦੀ ਪੂਜਾ ਵੀ ਰੱਬ ਦੀ ਤਰ੍ਹਾਂ ਕਰਦੇ ਤੇ ਉਸ ਨੂੰ ਬਾਬਾ ਤੇ ਸਾਈ ਦਾ ਰੁਤਬਾ ਦੇ ਦਿੰਦੇ। ਜਿਹੜਾ ਵਿਅਕਤੀ ਉਸ ਸਥਾਨ ਦੇ ਉੱਪਰ ਬੈਠਦਾ, ਦੇਖ ਰੇਖ ਕਰਦਾ ਉਸ ਦੇ ਪਿਛੋਕੜ ਬਾਰੇ ਪਿੰਡ ਵਾਲਿਆਂ ਨੂੰ ਕੋਈ ਇਲਮ ਨਹੀਂ ਹੁੰਦਾ । ਉਹ ਵਿਅਕਤੀ ਜੋ ਦਰਗਾਹ ਜਾਂ ਕਬਰ ਦੀ ਦੇਖ ਰੇਖ ਕਰਦਾ ਹੁੰਦਾ ਜਦੋਂ ਉਹ ਵੀ ਫੌਤ ਹੋ ਜਾਂਦਾ ਤੇ ਲੋਕ ਉਸਦੇ ਬਾਰੇ ਗੱਲਾਂ ਕਰਦੇ ਕਿ ਇਹ ਬੰਦਾ ਫਕੀਰ ਸੀ ਤੇ ਦੁਨੀਆਦਾਰੀ ਤੋਂ ਦੂਰ ਸਾਡੇ ਸਾਰਿਆਂ ਦਾ ਕਲਿਆਣ ਕਰਨ ਵਾਸਤੇ ਸਾਡੇ ਪਿੰਡ ਆਇਆ ਸੀ । ਉਸ  ਵਿਆਕਤੀ ਦੀ ਵੀ  ਕਬਰ ਬਣਾ ਦਿੰਦੇ। ਕੁਝ ਪਰਿਵਾਰ ਤਾਂ ਮੈਂ ਇਹੋ ਜਿਹੇ ਵੀ ਦੇਖੇ ਜਿਹੜੇ ਕਿਸੇ ਦੀ ਕਬਰ ਨੂੰ ਪੂਜਦੇ ਤੇ ਗੁਰੂ ਘਰ ਦੀ ਵੀ ਪ੍ਰਧਾਨਗੀ ਕਰਦੇ ਕਿਉਂ ਉਹ ਲੋਕ ਇਹ ਕਹਿੰਦੇ ਹਨ ਕਿ ਫਕੀਰ ਕਿਸੇ ਨਾਲ ਭੇਦਭਾਵ ਨਹੀਂ ਕਰਦੇ। ਪਿੰਡ ਦਾ ਕੋਈ ਇਕ ਪਰਿਵਾਰ ਕਬਰ , ਦਰਗਾਹ  ਦੇ  ਫਕੀਰ ਦੇ ਬਹੁਤ ਨੇੜੇ ਹੋ ਜਾਂਦਾ ਕਿ ਜਦੋਂ ਉਹ ਫਕੀਰ ਫੌਤ ਹੋ ਜਾਂਦਾ ਤਾਂ ਉਹ  ਪਰਿਵਾਰ ਉਸ ਫਕੀਰ ਦੀ ਕਵਰ ਨੂੰ ਵੀ ਪੂਜਦੇ ਤੇ ਆਪਣੇ ਧਰਮ ਨੂੰ ਵੀ ਭੁੱਲ ਜਾਂਦੇ । ਉਸ ਪਰਿਵਾਰ ਦੇ ਸਾਰੇ ਰਿਸ਼ਤੇਦਾਰ ਵੀ ਉਹਨਾਂ ਦੇ ਪਿੱਛੇ ਲੱਗ ਮੇਲੇ ਲਗਵਾਉਂਦੇ ਸਾਲ ਵਿੱਚ ਇੱਕ ਨਹੀਂ ਦੋ – ਦੋ , ਤਿੰਨ -ਤਿੰਨ ਮੇਲੇ ਉਥੇ ਕਰਵਾਉਂਦੇ।  ਮੇਲੇ ਹਰੇਕ ਸਾਲ ਵੱਡੀ ਪੱਧਰ ਤੇ ਹੁੰਦੇ। ਇੱਕ ਵਾਰ ਮੈਨੂੰ ਵੀ ਮੌਕਾ ਮਿਲਿਆ ਇਸ ਪਰਿਵਾਰ ਦੇ ਵਿੱਚ ਵਿਚਰਨ ਦਾ।  ਮੈਂ ਬਹੁਤ ਵਾਰ ਇਹਨਾ ਪਰਿਵਾਰਾ ਨੂੰ ਸਵਾਲ ਕੀਤੇ  ਕਿ ਜਿੱਥੇ ਤੁਸੀਂ ਮੱਥਾ ਟੇਕਦੇ ਹੋ ਉਸ ਬਾਰੇ ਤੁਹਾਨੂੰ ਕੁੱਝ ਗਿਆਨ ਹੈ ਜਾਂ ਦੇਖੋ  ਦੇਖੀ ਹੀ ਮੱਥੇ ਘਸਾਈ ਜਾਂਦੇ  ਹੋ।
ਮੈਂ ਉਹਨਾਂ ਨੂੰ ਬਹੁਤੀ ਵਾਰ ਇਹ ਸਵਾਲ ਪੁੱਛਦਾ ਕਿ ਜਦੋਂ ਉਹਨਾਂ ਪਰਿਵਾਰਾਂ ਵਿੱਚ ਕੋਈ ਵਿਆਹ ਦੀ ਰਸਮ ਹੁੰਦੀ ਤਾਂ ਉਹ ਸਿੱਖ ਮਰਿਆਦਾ ਨਾਲ ਕਰਦੇ ਗੁਰੂ ਘਰਾਂ ਵਿੱਚ ਜਾ ਕੇ ਪ੍ਰੋਗਰਾਮ ਕਰਦੇ ਤੇ ਦੂਸਰੇ ਪਾਸੇ ਸਾਰਾ ਸਾਲ ਉਹ ਪੂਜਾ ਕਬਰਾਂ ਦੀ ਕਰਦੇ ਰਹਿੰਦੇ । ਇਹ ਦੋਗਲਾਪਨ ਹੋ ਰਿਹਾ ਸੀ। ਮੈਂ ਇਸ ਬਾਰੇ ਬਹੁਤ ਵਾਰ ਸਵਾਲ ਕੀਤੇ ਪਰ ਮੈਨੂੰ ਕੋਈ ਸਾਰਥਿਕ ਜਵਾਬ ਨਹੀਂ ਮਿਲਿਆ ਕਿ ਜਿਸ ਦਰਗਾਹ , ਮੜੀ,  ਕਬਰ ਨੂੰ ਉਹ ਪੂਜਦੇ
ਹਨ।  ਉਸ ਦਾ ਕੀ ਮਤਲਬ ਹੈ ਤੇ ਪਿਛੋਕੜ ਕੀ ਹੈ। ਗੁਰਦੁਆਰੇ ਜਾਣ ਦਾ ਕੀ ਮਕਸਦ ਰਹਿ ਜਾਂਦਾ ਹੈ। ਮੈਂ ਵਿਦੇਸ਼ ਦੀ ਧਰਤੀ ਤੋਂ ਆਪਣੇ ਵਤਨ ਆਪਣੇ ਘਰ ਗਿਆ ਹੋਇਆ ਸੀ।   ਰਿਸ਼ਤੇਦਾਰੀ ਵਿੱਚੋਂ ਇੱਕ ਦਿਨ ਸਾਨੂੰ ਸੁਨੇਹਾ ਆਇਆ ਕਿ ਇੱਕ ਬਜ਼ੁਰਗ ਮਾਤਾ ਫੌਤ ਹੋ ਗਈ ਹੈ।  ਉਸ ਦਾ ਸਾਈ ( ਪਤੀ )  ਕਾਫੀ ਸਮਾਂ     ਪਹਿਲਾ ਹੀ ਗੁਜ਼ਰ ਗਿਆ ਸੀ ਤੇ ਹੁਣ ਮਾਤਾ ਦੇ ਗੁਜਰਨ ਦੀ ਖਬਰ ਸੁਣ ਕੇ ਅਸੀਂ ਵੀ ਪਰਿਵਾਰ ਦੇ ਦੁੱਖ ਵਿੱਚ ਸ਼ਾਮਿਲ ਹੋਣ ਵਾਸਤੇ ਗਏ। ਇਹ ਪਰਿਵਾਰ ਵੀ  ਕਬਰਾਂ ਨੂੰ ਪੂਜਣ ਵਾਲ ਤੇ    ਗੱਦੀ ਆਪਣੇ ਪਰਿਵਾਰਾਂ ਵਿੱਚ ਅੱਗੇ ਤੋਂ ਅੱਗੇ ਦਿੰਦੇ ਹਨ। ਜੇ ਇੱਕ ਬੰਦਾ ਫੌਤ ਹੋ ਜਾਂਦਾ ਤੇ ਦੂਸਰਾ ਉਸਦਾ ਵੱਡਾ ਪੁੱਤਰ ਜਾਂ ਪੋਤਾ ਉਸ ਗੱਦੀ ਨੂੰ ਸੰਭਾਲਦਾ । ਇਸ ਪਰਿਵਾਰ ਨੇ ਜਨਾਜੇ ਦੀਆ ਰਸਮਾਂ ਮੁਸਲਮਾਨੀ  ਢੰਗ ਦੇ ਨਾਲ ਸਭ ਕੁਝ ਕਰਨਾ ਸੀ ਪਰ ਇਸ ਪਰਿਵਾਰ ਦੇ ਸਾਰੇ ਰਿਸ਼ਤੇਦਾਰ ਗੈਰ ਮੁਸਲਮਾਨੀ ਸੀ । ਸਾਰੀਆਂ ਰਸਮਾਂ ਰਿਸ਼ਤੇਦਾਰ  ਨਹੀਂ ਸੀ ਜਾਣਦੇ । ਹੌਲੀ ਹੌਲੀ ਹੋਰ ਰਿਸ਼ਤੇਦਾਰ ਵੀ ਇਕੱਠੇ ਹੋਣੇ ਸ਼ੁਰੂ ਹੋ ਗਏ। ਪਰ ਉਹਨਾਂ ਨੂੰ  ਇਹ ਇਲਮ ਨਹੀਂ ਸੀ ਕਿ ਸਾਰਾ ਕੁਝ ਮੁਸਲਮਾਨੀ ਰੀਤੀ ਰਿਵਾਜਾਂ ਨਾਲ ਕੀਤਾ ਜਾਣਾ ਹੈ। ਜਿਹੜੀਆਂ ਰਸਮਾਂ ਮੌਤ ਉੱਪਰ ਘਰ ਦੇ ਮੈਂਬਰ  ਨਿਭਾਉਦੇ  ਹੁੰਦੇ ਹਨ ਉੱਥੇ ਸਭ ਕੁਝ ਉਲਟ ਸੀ । ਪਹਿਲਾਂ ਤਾਂ ਮੌਲਵੀ ਨੇ ਆਪਣੇ ਹਿਸਾਬ ਨਾਲ ਸਮਾਨ ਇਕੱਠਾ ਕੀਤਾ ਤੇ ਫਿਰ ਉਸ ਦੇ  ਸਾਥੀਆਂ ਨੇ ਜਿਹਨਾਂ ਵਿੱਚ ਚਾਰ ਔਰਤਾਂ ਸਨ ਨੇ ਸਾਰਾ ਕਾਰਜ ਕੀਤਾ । ਘਰ ਵਾਲੇ ਇਸ ਸਾਰੇ ਕਾਰਜ ਤੋਂ ਦੂਰ ਸਨ। ਪਰਦੇ ਦੇ ਪਿੱਛੇ ਕੋਈ ਤਿੰਨ ਘੰਟੇ ਲਗਾ ਦਿੱਤੇ ਇਹ ਸਭ ਕੁਝ ਕਰਨ ਵਾਸਤੇ , ਵੇਹੜੇ ਵਿੱਚ ਰਿਸ਼ਤੇਦਾਰ ਬੈਠੇ ਘੁਸਰ ਮੁਸਰ ਕਰਨ ਲੱਗ ਪਏ।  ਲੋਕਾਂ ਨੂੰ ਆਪਣੇ – ਆਪਣੇ ਘਰ ਜਾਣ ਦੀ ਕਾਹਲ ਸੀ । ਸਭ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਕਬਰ ਸਥਾਨ ਨੂੰ ਜਾਣਾ ਸ਼ੁਰੂ ਕੀਤਾ। ਜਿੱਥੇ ਜਮੀਨ ਵਿੱਚ ਇੱਕ ਵੱਡਾ ਖੱਡਾ ( ਕਬਰ) ਪੱਟਿਆ ਗਿਆ ਸੀ । ਇੱਕ ਕਬਰ ਬਣਾਈ ਗਈ ਸੀ ਕਿਉਂਕਿ ਉਸ ਲਾਸ਼ ਨੂੰ ਦਫਨ ਕਰਨਾ ਸੀ । ਮਰਨ ਵਾਲੀ ਬੀਬੀ 100 ਸਾਲ ਤੋਂ ਉੱਪਰ ਦੀ ਉਮਰ ਭੋਗ ਕੇ ਗਈ ਸੀ। ਬਹੁਤ ਸਾਰੇ ਰਿਸ਼ਤੇਦਾਰਾ ਤੇ ਘਰ ਦੇ ਮੈਂਬਰਾਂ ਨੇ ਮਾਤਾ ਦੀ ਦੇਹ ਉੱਪਰ ਕੋਈ 10 – 12 ਰੇਸ਼ਮੀ ਚਾਦਰਾਂ ਕੰਬਲੀਆਂ ਭੇਂਟ ਕੀਤੀਆਂ ਅਤੇ  ਮਾਇਆ ਭੇਂਟ ਕਰ ਕੇ  ਮੱਥਾ ਟੇਕਿਆ। ਮੰਜੇ ਦੇ ਉੱਪਰ ਢੇਰ ਲੱਗ ਗਿਆ  । ਜਨਾਜ਼ਾ ਚੁੱਕਣ  ਤੋ ਪਹਿਲਾਂ ਮੌਲਵੀ ਨੇ ਸਾਰੀ ਮਾਇਆ ਚੁੱਕ ਲਈ। ਮੌਲਵੀ ਨੇ ਕਲਮਾਂ ਪੜਿਆ ਤੇ ਮਾਤਾ ਨੂੰ ਕਬਰ ਦੇ ਵਿੱਚ ਦਫਨ ਕਰ ਦਿੱਤਾ ।   ਮੰਜੇ ਉੱਪਰ ਪਈਆਂ ਰੇਸ਼ਮੀ ਚਾਦਰਾਂ ਲੋਈਆਂ ਵੱਲ ਇਸ਼ਾਰਾ ਕਰਕੇ ਮਾਤਾ ਦੇ ਬੇਟੇ ਨੇ ਮੌਲਵੀ ਨੂੰ ਕਿਹਾ ਕਿ ਤੁਸੀਂ ਇਹ ਚਾਦਰਾਂ  ਆਪਣੇ ਨਾਲ ਲੈ ਜਾਵੋ ਤੇ ਮੌਲਵੀ ਨੇ ਸਾਫ ਇਨਕਾਰ ਕਰ ਦਿੱਤਾ ਉਸਨੇ ਕਿਹਾ ਕਿ ਮੈਂ ਇਹ ਚਾਦਰਾਂ , ਕੰਬਲੀਆਂ ਨਹੀਂ ਲੈ ਕੇ ਜਾ ਸਕਦਾ । ਮੈਂ ਉਸ ਸਮੇਂ ਉੱਥੇ ਹੀ ਮੌਜੂਦ ਸੀ ਜਦੋ ਮੌਲਵੀ ਨੇ ਸਾਫ ਮਨਾ ਕਰ ਦਿੱਤਾ । ਮੈਂ ਉਸ ਦੇ ਮੂੰਹ ਵੱਲ ਤੱਕਦਾ ਰਿਹਾ । ਦੂਸਰੇ ਮੌਲਵੀ ਨੂੰ ਪੁੱਛਿਆ ਤੇ ਉਸ ਨੇ ਵੀ ਇਨਕਾਰ ਕਰ ਦਿੱਤਾ।
ਦੋਨਾਂ ਮੌਲਵੀਆਂ ਨੇ ਮਨਾ ਕਰ ਦਿੱਤਾ ਇਹਨਾਂ ਚਾਦਰਾਂ ਨੂੰ ਘਰ ਲੈ ਕੇ ਜਾਣ ਵਾਸਤੇ । ਮੌਲਵੀ  ਆਪਣਾ ਪਿੱਛਾ ਛੜਾ ਗਏ। ਫਿਰ    ਮੌਲਵੀ ਨੇ ਕਿਹਾ ਤੁਸੀਂ ਆਪਣੇ ਘਰ ਵਾਪਸ ਲੈ ਜਾਵੋ ਪਰ ਉਸ “ਸਾਈ ” , ਮਾਤਾ ਦੇ ਲੜਕੇ ਨੇ ਵੀ ਇਹ ਕਹਿ ਦਿੱਤਾ ਕਿ ਇਹ ਮੁਰਦੇ ਦੀ ਸ਼ੋਹ ਵਾਲੇ ਕੱਪੜੇ ਹਨ। ਮੈਂ ਆਪਣੇ ਘਰ ਵਾਪਸ ਨਹੀਂ ਲੈ ਕੇ ਜਾ ਸਕਦਾ। 
ਮਾਤਾ ਦਾ ਲੜਕਾ ਜਿਹੜਾ ਕਿ ਆਪਣੇ ਆਪ ਨੂੰ ਦਰਗਾਹ ਦਾ ਸਾਈ ਕਹਾਉਂਦਾ ਸੀ ਉਸ ਨੇ ਵੀ ਮਨਾ ਕਰ ਦਿੱਤਾ ਆਪਣੀ ਮਰੀ ਹੋਈ  ਮਾਂ ਦੇ ਜਨਾਜੇ ਵਾਲੇ  ਕੱਪੜੇ ਚੱਕਣ ਵਾਸਤੇ।   ਮੌਲਵੀਆਂ ਨੇ ਪਹਿਲਾਂ  ਹੀ ਮਨਾ ਕਰ ਦਿੱਤਾ ਸੀ ।  ਮੇਰੇ ਜਿਹਨ ਵਿੱਚ ਇੱਕ ਗੱਲ ਆ ਰਹੀ ਸੀ ਕਿ ਜਿਹੜੇ ਮੁਰਦੇ ਦੇ ਉੱਪਰ ਪੈਸੇ ਰੱਖੇ ਸੀ,  ਨੋਟ ਰੱਖੇ ਸਨ ਉਹ ਤਾਂ ਫਟਾਫਟ ਇਹਨਾਂ ਮੌਲਵੀਆਂ ਨੇ ਚੱਕ ਕੇ ਆਪਣੀਆਂ ਜੇਬਾਂ ਵਿੱਚ ਪਾ ਲਏ।  ਇਹਨਾਂ ਨੂੰ ਉਹ ਨਹੀਂ ਲੱਗਿਆ ਕਿ ਇਹ ਮੁਰਦੇ ਦੀ ਸ਼ੋਹ ਵਾਲੇ ਪੈਸੇ ਹਨ।   ਮੈਂ ਹੈਰਾਨ ਹੁੰਦਾ ਰਿਹਾ ਉੱਥੇ ਖੜਾ ਤੇ ਇੱਕ ਦੂਜੇ ਦਾ ਮੂੰਹ ਤੱਕਦਾ ਰਿਹਾ ਤੇ ਮੇਰੇ ਜਿਹਨ ਵਿੱਚ ਇੱਕ ਗੱਲ ਵਾਰ ਵਾਰ ਆ ਰਹੀ ਸੀ ਕਿ ਇਨਸਾਨ ਦੇ ਸਾਹ ਖਤਮ ਹੋਣ ਦੇ ਨਾਲ ਨਾਲ ਰਿਸ਼ਤੇ ਵੀ ਪਲਾਂ ਵਿੱਚ ਖਤਮ ਹੋ ਜਾਂਦੇ ।   ਮੁਰਦੇ ਦੀ ਸ਼ੋਹ ਵਾਲੇ ਕੱਪੜੇ ਘਰ ਵਿੱਚ ਨਹੀਂ ਰੱਖਣੇ ਪਰ ਲੋਕਾਂ ਲੱਗੀ ਸਲਾਨਾ ਮੇਲੇ ਉਹਨਾਂ ਦੇ ਨਾਵਾਂ ਉੱਪਰ ਜਰੂਰ ਕਰਵਾਉਣੇ ਤੇ ਆਪਣੇ ਘਰ ਦਾ ਗੁਜ਼ਾਰਾ ਉਹਨਾਂ ਮੇਲਿਆਂ ਤੇ ਇਕੱਠੇ ਹੋਏ ਪੈਸਿਆਂ ਤੋਂ ਕਰਨਾ। ਮੁਰਦੇ ਦੀ ਸ਼ੋਹ ਵਾਲੇ ਕੱਪੜਿਆਂ ਵਾਲੀ ਗੱਲ ਮੇਰੀ ਰੂਹ ਨੂੰ ਚੀਰ ਗਈ ਪਰ ਉੱਥੇ ਕਿਸੇ ਨੂੰ ਕੁੱਝ ਨਾ ਕਹਿ ਸਕਿਆ ਤੇ ਵਾਪਸ ਆਪਣੇ ਪਿੰਡ ਆਪਣੇ ਘਰ ਆ ਗਿਆ।