
ਪ੍ਰਦੀਪ ਚਿੱਜੜ
ਆਕਲੈਂਡ:- 06 ਜੁਲਾਈ 2026
ਆਸਟ੍ਰੇਲੀਆ ਨੇ ਐਤਵਾਰ ਨੂੰ ਲਾਰਡਜ਼ ਵਿੱਚ ਇੰਗਲੈਂਡ ਨੂੰ ਸੱਤ ਵਿਕਟਾਂ ਨਾਲ ਹਰਾਕੇ 2026 ਦਾ ਫਾਈਨਲ ਜਿੱਤ ਲਿਆ
ਆਸਟ੍ਰੇਲੀਆ ਨੇ ਐਤਵਾਰ ਨੂੰ ਆਈ ਸੀ ਸੀ ਮਹਿਲਾ ਟੀ20 ਵਿਸ਼ਵ ਕੱਪ 2026 ਦਾ ਖਿਤਾਬ ਜਿੱਤ ਕੇ ਆਪਣੇ ਸ਼ਾਨਦਾਰ ਵਿਸ਼ਵ ਕੱਪ ਇਤਿਹਾਸ ਵਿੱਚ ਇੱਕ ਹੋਰ ਸੁਨਹਿਰਾ ਅਧਿਆਇ ਜੋੜ ਦਿੱਤਾ। ਲਾਰਡਜ਼ ਕ੍ਰਿਕਟ ਮੈਦਾਨ ਵਿੱਚ 28,000 ਤੋਂ ਵੱਧ ਦਰਸ਼ਕਾਂ ਦੀ ਰਿਕਾਰਡ ਭੀੜ ਦੇ ਸਾਹਮਣੇ, ਆਸਟ੍ਰੇਲੀਆ ਨੇ ਫਾਈਨਲ ਵਿੱਚ ਇੰਗਲੈਂਡ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਆਪਣੇ ਘਰੇਲੂ ਵਿਸ਼ਵ ਕੱਪਾਂ ਵਿੱਚ ਇੰਗਲੈਂਡ ਦਾ ਅਜੇਤੂ ਰਿਕਾਰਡ ਤੋੜ ਦਿੱਤਾ।
ਆਸਟ੍ਰੇਲੀਆ ਨੇ ਪੂਰੇ ਟੂਰਨਾਮੈਂਟ ਦੌਰਾਨ ਆਪਣਾ ਅਜੇਤੂ ਸਫ਼ਰ ਸ਼ਾਨਦਾਰ ਅੰਦਾਜ਼ ਵਿੱਚ ਖਤਮ ਕੀਤਾ। ਉਸਨੇ ਇੰਗਲੈਂਡ ਵੱਲੋਂ ਬਣਾਏ 150/4 ਦੇ ਸਕੋਰ ਦਾ ਸਫਲਤਾਪੂਰਵਕ ਪਿੱਛਾ ਕਰਦੇ ਹੋਏ ਮਹਿਲਾ ਟੀ20 ਵਿਸ਼ਵ ਕੱਪ ਦੇ ਕਿਸੇ ਵੀ ਫਾਈਨਲ ਵਿੱਚ ਸਭ ਤੋਂ ਵੱਡਾ ਸਫਲ ਰਨ ਚੇਜ਼ ਦਰਜ ਕੀਤਾ।
ਬੈਥ ਮੂਨੀ ਨੇ ਇੱਕ ਵਾਰ ਫਿਰ ਆਸਟ੍ਰੇਲੀਆ ਦੀ ਪਾਰੀ ਨੂੰ ਸੰਭਾਲਿਆ ਅਤੇ 49 ਗੇਂਦਾਂ ਵਿੱਚ 64 ਦੌੜਾਂ ਬਣਾਈਆਂ। ਆਸਟ੍ਰੇਲੀਆ ਨੇ 17.1 ਓਵਰਾਂ ਵਿੱਚ 153/3 ਬਣਾਕੇ ਮੈਚ ਆਪਣੇ ਨਾਮ ਕਰ ਲਿਆ।
ਇਹ ਆਸਟ੍ਰੇਲੀਆ ਦਾ ਸੱਤਵਾਂ ਮਹਿਲਾ ਟੀ20 ਵਿਸ਼ਵ ਕੱਪ ਖਿਤਾਬ ਅਤੇ ਕੁੱਲ ਮਿਲਾਕੇ ਮਹਿਲਾ ਵਿਸ਼ਵ ਕੱਪਾਂ ਵਿੱਚ 14ਵਾਂ ਵਿਸ਼ਵ ਖਿਤਾਬ ਹੈ।
ਮੇਜ਼ਬਾਨ ਇੰਗਲੈਂਡ ਵੀ ਫਾਈਨਲ ਤੋਂ ਪਹਿਲਾਂ ਆਪਣੇ ਸਾਰੇ ਛੇ ਮੈਚ ਜਿੱਤ ਕੇ ਆਇਆ ਸੀ, ਪਰ ਆਪਣੇ ਸਭ ਤੋਂ ਵੱਡੇ ਵਿਰੋਧੀ ਆਸਟ੍ਰੇਲੀਆ ਤੋ ਹਾਰ ਦਾ ਸਾਹਮਣਾਂ ਕਰਨਾ ਪਿਆ।



