
ਕੈਂਟਰਬਰੀ ਵਿੱਚ 1867 ਦੌਰਾਨ ਕੀਤੀ ਗਈ ਇੱਕ ਕੋਸ਼ਿਸ਼ ਨੇ ਬਦਲ ਦਿੱਤੀ ਪੰਛੀਆਂ ਨਾਲ ਜੁੜੀ ਖੇਤੀ ਦੀ ਕਹਾਣੀ।
ਪ੍ਰਦੀਪ ਚਿੱਜੜ
ਆਕਲੈਂਡ:-19 ਅਗਸਤ 2026
ਨਿਊਜ਼ੀਲੈਂਡ ਵਿੱਚ ਖੇਤੀਬਾੜੀ ਦੀਆਂ ਫ਼ਸਲਾਂ ਨੂੰ ਕੀੜੇ-ਮਕੌੜਿਆਂ ਤੋਂ ਬਚਾਉਣ ਲਈ 1867 ਵਿੱਚ ਯੂਰਪ ਤੋਂ ਲਿਆਂਦੇ ਗਏ 40 ਹਾਊਸ ਸਪੈਰੋ ( ਚਿੜੀਆਂ) ਕੁੱਝ ਹੀ ਸਾਲਾਂ ਵਿੱਚ ਕਿਸਾਨਾਂ ਲਈ ਵੱਡੀ ਸਮੱਸਿਆ ਬਣ ਗਈਆਂ। ਜਿਸ ਪੰਛੀ ਨੂੰ ਫ਼ਸਲਾਂ ਦੇ ਨੁਕਸਾਨਦਾਇਕ ਕੀੜਿਆਂ ਨੂੰ ਖਾਣ ਲਈ ਲਿਆਂਦਾ ਗਿਆ ਸੀ, ਉਸੇ ਨੇ ਬਾਅਦ ਵਿੱਚ ਅਨਾਜ ਦੀਆਂ ਫ਼ਸਲਾਂ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੱਤਾ।
ਕੈਂਟਰਬਰੀ ਐਕਲੀਮੈਟਾਈਜ਼ੇਸ਼ਨ ਸੋਸਾਇਟੀ ਨੇ 1867 ਵਿੱਚ ਇਹ ਪੰਛੀ ਇਸ ਉਮੀਦ ਨਾਲ ਛੱਡੇ ਸਨ ਕਿ ਉਹ ਖੇਤਾਂ ਵਿੱਚ ਮੌਜੂਦ ਕੀੜਿਆਂ ਦੀ ਗਿਣਤੀ ਘਟਾਉਣ ਵਿੱਚ ਮਦਦ ਕਰਨਗੇ। ਸ਼ੁਰੂ ਵਿੱਚ ਚਿੜੀਆਂ ਨੇ
ਕੀੜੇ-ਮਕੌੜੇ ਖਾਂਦੇ ਵੀ ਰਹੇ। ਖ਼ਾਸ ਕਰਕੇ ਆਪਣੇ ਬੱਚਿਆਂ ਨੂੰ ਪਾਲਣ ਸਮੇਂ ਉਹ ਕੈਟਰਪਿਲਰ, ਬੀਟਲ, ਮੱਖੀਆਂ ਅਤੇ ਮਕੜੀਆਂ ਆਦਿ ਖੁਆਉਂਦੇ ਸਨ।
ਪਰ ਸਮੱਸਿਆ ਇਹ ਸੀ ਕਿ ਚਿੜੀਆਂ ਦੀ ਖੁਰਾਕ ਸਿਰਫ਼ ਕੀੜਿਆਂ ਤੱਕ ਸੀਮਤ ਨਹੀਂ ਸੀ। ਉਹ ਅਨਾਜ ਅਤੇ ਫਲਾਂ ਵੱਲ ਵੀ ਤੇਜ਼ੀ ਨਾਲ ਆਕਰਸ਼ਿਤ ਹੋਣ ਲੱਗੇ। ਨਤੀਜੇ ਵਜੋਂ ਕਣਕ, ਜੌਂ ਅਤੇ ਮੱਕੀ ਦੀਆਂ ਫ਼ਸਲਾਂ ਨੂੰ ਨੁਕਸਾਨ ਹੋਣ ਲੱਗਾ। ਤੇਜ਼ੀ ਨਾਲ ਪ੍ਰਜਨਨ ਕਰਨ ਦੀ ਸਮਰੱਥਾ ਕਾਰਨ ਇਨ੍ਹਾਂ ਦੀ ਗਿਣਤੀ ਵੀ ਥੋੜ੍ਹੇ ਸਮੇਂ ਵਿੱਚ ਕਾਫ਼ੀ ਵਧ ਗਈ।
ਹਾਲਾਤ ਇੰਨੇ ਬਦਲੇ ਕਿ ਲਗਭਗ 15 ਸਾਲਾਂ ਦੇ ਅੰਦਰ ਕਿਸਾਨ ਅਤੇ ਅਧਿਕਾਰੀ ਇਨ੍ਹਾਂ ਪੰਛੀਆਂ ਨੂੰ ਕਾਬੂ ਕਰਨ ਲਈ ਜ਼ਹਿਰ ਵਰਤਣ ਅਤੇ ਇਨ੍ਹਾਂ ਨੂੰ ਮਾਰਨ ਵਾਲਿਆਂ ਨੂੰ ਇਨਾਮ ਦੇਣ ਤੱਕ ਪਹੁੰਚ ਗਏ। ਇਸ ਤਰ੍ਹਾਂ ਫ਼ਸਲਾਂ ਦੇ ਕੀੜਿਆਂ ਤੋਂ ਛੁਟਕਾਰਾ ਦਿਵਾਉਣ ਲਈ ਲਿਆਂਦਾ ਗਿਆ ਪੰਛੀ ਖੁਦ ਖੇਤੀਬਾੜੀ ਲਈ ਇੱਕ ਨਵੀਂ ਚੁਣੌਤੀ ਬਣ ਗਿਆ।
ਉਸ ਸਮੇਂ ਨਿਊਜ਼ੀਲੈਂਡ ਵਿੱਚ ਯੂਰਪੀ ਪੰਛੀਆਂ ਨੂੰ ਲਿਆਉਣ ਦਾ ਰੁਝਾਨ ਆਮ ਸੀ। ਯੂਰਪੀ ਵਸਨੀਕ ਬਰਤਾਨੀਆ ਵਿੱਚ ਜਾਣ-ਪਛਾਣ ਵਾਲੇ ਪੰਛੀਆਂ ਨੂੰ ਇੱਥੇ ਲਿਆਉਂਦੇ ਸਨ ਅਤੇ ਉਮੀਦ ਕਰਦੇ ਸਨ ਕਿ ਇਹ ਖੇਤੀਬਾੜੀ ਵਿੱਚ ਵੀ ਲਾਭਦਾਇਕ ਸਾਬਤ ਹੋਣਗੇ। ਸਰਕਾਰੀ ਐਨਸਾਈਕਲੋਪੀਡੀਆ Te Ara ਅਨੁਸਾਰ, ਨਿਊਜ਼ੀਲੈਂਡ ਵਿੱਚ ਕੁੱਲ ਲਗਭਗ 130 ਪੰਛੀ ਪ੍ਰਜਾਤੀਆਂ ਲਿਆਂਦੀਆਂ ਗਈਆਂ, ਜਿਨ੍ਹਾਂ ਵਿੱਚੋਂ 41 ਨੇ ਬਾਅਦ ਵਿੱਚ ਜੰਗਲੀ ਆਬਾਦੀ ਵਜੋਂ ਆਪਣਾ ਪੱਕਾ ਵਸੇਬਾ ਬਣਾ ਲਿਆ।
ਖੇਤੀਬਾੜੀ ਦੇ ਫੈਲਾਅ ਨਾਲ ਕੀੜੇ-ਮਕੌੜਿਆਂ ਦੀ ਸਮੱਸਿਆ ਵੀ ਵਧ ਰਹੀ ਸੀ। 1850 ਦੇ ਦਹਾਕੇ ਦੇ ਸ਼ੁਰੂ ਤੱਕ ਮੌਥ, ਕੈਟਰਪਿਲਰ, ਬੀਟਲ ਅਤੇ ਟਿੱਡੀਆਂ ਵਰਗੇ ਕੀੜੇ ਖੇਤੀਬਾੜੀ ਵਾਲੇ ਇਲਾਕਿਆਂ ਵਿੱਚ ਗੰਭੀਰ ਨੁਕਸਾਨ ਕਰ ਰਹੇ ਸਨ। ਇਸੇ ਕਾਰਨ ਵਿਦੇਸ਼ੀ ਪੰਛੀਆਂ ਨੂੰ ਲਿਆ ਕੇ ਕੁਦਰਤੀ ਤਰੀਕੇ ਨਾਲ ਕੀੜਿਆਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ।
ਪਰ ਚਿੜੀਆਂ ਦੀ ਕਹਾਣੀ ਨੇ ਇਹ ਸਬਕ ਜ਼ਰੂਰ ਦਿੱਤਾ ਕਿ ਕੁਦਰਤੀ ਵਾਤਾਵਰਣ ਵਿੱਚ ਕਿਸੇ ਵਿਦੇਸ਼ੀ ਪ੍ਰਜਾਤੀ ਨੂੰ ਛੱਡਣ ਤੋਂ ਪਹਿਲਾਂ ਉਸਦੇ ਲੰਬੇ ਸਮੇਂ ਦੇ ਪ੍ਰਭਾਵਾਂ ਨੂੰ ਸਮਝਣਾ ਕਿੰਨਾ ਜ਼ਰੂਰੀ ਹੈ।


