ਪ੍ਰਦੀਪ ਚਿੱਜੜ
ਆਕਲੈਂਡ:-03 ਜੁਲਾਈ 2026
ਆਕਲੈਂਡ ਵਿੱਚ ਇੱਕ ਮਹੀਨੇ ਦੌਰਾਨ 4,800 ਡਾਲਰ ਦੀ ਗਿਰਾਵਟ ਦੇਖੀ ਗਈ। ਘਰਾਂ ਦੀਆਂ ਕੀਮਤਾਂ ਕਦੋਂ ਡਿੱਗਣੀਆਂ ਬੰਦ ਹੋਣਗੀਆਂ ?
ਘਰਾਂ ਦੀਆਂ ਕੀਮਤਾਂ ਵਿੱਚ ਇੱਕ ਵਾਰ ਫਿਰ ਗਿਰਾਵਟ ਦਰਜ ਕੀਤੀ ਗਈ ਹੈ – ਪਰ ਕੀ ਹੁਣ ਬਾਜ਼ਾਰ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ ਗਿਆ ਹੈ? ਬਹੁਤ ਸਾਰੇ ਲੋਕਾ ਨੂੰ ਲੱਖਾਂ ਡਾਲਰ ਦਾ ਘਾਟਾ ਹੋਇਆ।
ਨਵੇਂ Cotality ਦੇ ਅੰਕੜਿਆਂ ਮੁਤਾਬਕ, ਜੂਨ ਮਹੀਨੇ ਵਿੱਚ ਦੇਸ਼ ਭਰ ਵਿੱਚ ਜਾਇਦਾਦਾਂ ਦੀਆਂ ਕੀਮਤਾਂ ਵਿੱਚ 0.2 ਫੀਸਦੀ ਦੀ ਕਮੀ ਆਈ। ਮੁੱਖ ਪ੍ਰਾਪਰਟੀ ਅਰਥਸ਼ਾਸਤਰੀਆਂ ਦਾ ਕਹਿਣਾ ਕਿ ਇਸ ਦਾ ਸੰਭਾਵਿਤ ਕਾਰਨ ਮੱਧ ਪੂਰਬ ਦੇ ਟਕਰਾਅ ਨੂੰ ਲੈ ਕੇ ਬਣੀ ਅਣਿਸ਼ਚਿਤਤਾ ਅਤੇ ਵਧ ਰਹੀਆਂ ਵਿਆਜ ਦਰਾਂ ਹਨ।
ਪਿਛਲੇ ਤਿੰਨ ਮਹੀਨਿਆਂ ਦੌਰਾਨ ਜਾਇਦਾਦਾਂ ਦੀਆਂ ਕੀਮਤਾਂ ਵਿੱਚ 0.8 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਇੱਕ ਸਾਲ ਪਹਿਲਾਂ ਦੇ ਮੁਕਾਬਲੇ ਕੀਮਤਾਂ 0.9 ਫੀਸਦੀ ਘੱਟ ਹਨ ਅਤੇ ਬਾਜ਼ਾਰ ਦੀ ਚੋਟੀ ਦੇ ਮੁਕਾਬਲੇ ਅਜੇ ਵੀ 17.5 ਫੀਸਦੀ ਜਾਂ ਪ੍ਰਤੀ ਜਾਇਦਾਦ 170,875 ਡਾਲਰ ਘੱਟ ਹਨ।
ਦੇਸ਼ ਭਰ ਵਿੱਚ ਹੁਣ ਇੱਕ ਜਾਇਦਾਦ ਦੀ ਮੱਧਮ ਕੀਮਤ 806,512 ਡਾਲਰ ਹੈ।
ਜੇ ਮਹਿੰਗਾਈ ਨੂੰ ਧਿਆਨ ਵਿੱਚ ਰੱਖਿਆ ਜਾਵੇ ਤਾਂ ਅਸਲ ਗਿਰਾਵਟ ਲਗਭਗ 30 ਫੀਸਦੀ ਬਣਦੀ ਹੈ।
ਜੂਨ ਮਹੀਨੇ ਵਿੱਚ Christchurch ਅਤੇ Dunedin ਵਿੱਚ ਜਾਇਦਾਦਾਂ ਦੀਆਂ ਕੀਮਤਾਂ ਵਿੱਚ ਵਾਧਾ ਦਰਜ ਕੀਤਾ ਗਿਆ, ਜਦਕਿ Tauranga, Wellington ਅਤੇ Auckland ਵਿੱਚ ਕੀਮਤਾਂ ਘਟੀਆਂ।
ਮੁੱਖ ਸ਼ਹਿਰਾਂ ਵਿੱਚੋਂ ਸਭ ਤੋਂ ਵੱਧ ਗਿਰਾਵਟ Auckland ਵਿੱਚ ਦਰਜ ਕੀਤੀ ਗਈ, ਜਿੱਥੇ ਇੱਕ ਮਹੀਨੇ ਵਿੱਚ ਕੀਮਤਾਂ 0.5 ਫੀਸਦੀ ਘਟ ਗਈਆਂ।
ਆਕਲੈਂਡ ਦੇ ਅੰਦਰ Manukau ਵਿੱਚ ਜੂਨ ਦੌਰਾਨ ਕੀਮਤਾਂ 0.7 ਫੀਸਦੀ ਘਟੀਆਂ।



