ਨਿਊਜ਼ੀਲੈਂਡ ਦੀ ਲੇਬਰ ਪਾਰਟੀ ਦਾ ਚੋਣ ਨਾਅਰਾ, ‘ਬਿਹਤਰ ਦੀ ਸ਼ੁਰੂਆਤ ਹੁਣ’

ਪ੍ਰਦੀਪ ਚਿੱਜੜ
ਆਕਲੈਂਡ: 24 ਅਗਸਤ 3026
ਨਿਊਜ਼ੀਲੈਂਡ ਦੀ ਲੇਬਰ ਪਾਰਟੀ ਨੇ 2026 ਦੀਆਂ ਆਮ ਚੋਣਾਂ ਲਈ ਆਪਣਾ ਅਧਿਕਾਰਤ ਚੋਣ ਮੁਹਿੰਮ ਨਾਅਰਾ ‘Better starts now’ (ਬਿਹਤਰ ਦੀ ਸ਼ੁਰੂਆਤ ਹੁਣ) ਜਾਰੀ ਕਰ ਦਿੱਤਾ ਹੈ। ਪਾਰਟੀ ਆਗੂ ਕ੍ਰਿਸ ਹਿਪਕਿਨਜ਼ ਨੇ ਕ੍ਰਾਈਸਟਚਰਚ ਦੇ ਇੱਕ ਰਿਹਾਇਸ਼ੀ ਇਲਾਕੇ ਵਿੱਚ ਇਹ ਨਾਅਰਾ ਜਾਰੀ ਕਰਦਿਆਂ ਕਿਹਾ ਕਿ ਲੇਬਰ ਆਉਣ ਵਾਲੀਆਂ ਚੋਣਾਂ ਵਿੱਚ ਰੋਜ਼ਗਾਰ, ਸਿਹਤ, ਘਰਾਂ ਅਤੇ ਜੀਵਨ-ਯਾਪਨ ਦੀ ਵਧਦੀ ਲਾਗਤ ਵਰਗੇ ਮੁੱਖ ਮੁੱਦਿਆਂ ਨੂੰ ਕੇਂਦਰ ਵਿੱਚ ਰੱਖੇਗੀ।
ਇਹ ਐਲਾਨ ਉਸ ਸਮੇਂ ਹੋਇਆ ਹੈ ਜਦੋਂ ਤਾਜ਼ਾ RNZ–Reid Research ਪੋਲ ਵਿੱਚ ਲੇਬਰ ਪਾਰਟੀ ਦੀ ਹਮਾਇਤ 1.8 ਅੰਕ ਘਟ ਕੇ ਚੋਣਾਂ ਤੋਂ ਬਾਅਦ ਦੇ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਈ ਹੈ। ਇਸੇ ਪੋਲ ਵਿੱਚ Opportunity Party ‘ਕਿੰਗਮੇਕਰ’ ਦੀ ਸਥਿਤੀ ਵਿੱਚ ਦਿਖਾਈ ਦਿੱਤੀ ਹੈ।
ਕ੍ਰਿਸ ਹਿਪਕਿਨਜ਼ ਦੀ ਪਸੰਦੀਦਾ ਪ੍ਰਧਾਨ ਮੰਤਰੀ ਵਜੋਂ ਰੇਟਿੰਗ ਵੀ 2.6 ਅੰਕ ਘਟ ਕੇ 21.3 ਫ਼ੀਸਦੀ ਰਹਿ ਗਈ ਹੈ। ਹਾਲਾਂਕਿ ਉਹ ਅਜੇ ਵੀ ਨੈਸ਼ਨਲ ਪਾਰਟੀ ਦੇ ਆਗੂ ਕ੍ਰਿਸਟੋਫਰ ਲਕਸਨ ਤੋਂ ਅੱਗੇ ਹਨ, ਪਰ ਦੋਵਾਂ ਵਿਚਕਾਰ ਫ਼ਰਕ ਘੱਟ ਹੋ ਰਿਹਾ ਹੈ। ਲਕਸਨ ਦੀ ਰੇਟਿੰਗ ਸਿਰਫ਼ 0.1 ਅੰਕ ਘਟ ਕੇ 19.9 ਫ਼ੀਸਦੀ ਰਹੀ।
ਨੈਸ਼ਨਲ ਪਾਰਟੀ ਦੇ ਕੈਂਪੇਨ ਮੈਨੇਜਰ ਸਿਮਿਓਨ ਬਰਾਊਨ ਨੇ ਲੇਬਰ ਦੇ ਨਵੇਂ ਨਾਅਰੇ ’ਤੇ ਤਿੱਖਾ ਤਨਜ਼ ਕਰਦਿਆਂ ਕਿਹਾ ਕਿ ਇਹ ਕ੍ਰਿਸ ਹਿਪਕਿਨਜ਼ ਵੱਲੋਂ “ਲਗਭਗ ਇਕਬਾਲੀਆ ਬਿਆਨ” ਹੈ। ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਲਗਭਗ 10 ਹਫ਼ਤੇ ਬਾਕੀ ਹਨ, ਇਸ ਲਈ ਹਿਪਕਿਨਜ਼ ਨੂੰ “ਬਿਹਤਰ ਦੀ ਸ਼ੁਰੂਆਤ ਹੁਣ ਹੀ ਕਰਨੀ ਪਵੇਗੀ।”
ਬਰਾਊਨ ਨੇ ਲੇਬਰ ਦੇ ਪਿਛਲੇ ਕਾਰਜਕਾਲ ਦੀ ਆਲੋਚਨਾ ਕਰਦਿਆਂ ਦੋਸ਼ ਲਾਇਆ ਕਿ ਨਿਊਜ਼ੀਲੈਂਡ ਵਾਸੀਆਂ ਨੇ ਪਹਿਲਾਂ ਹੀ ਲੇਬਰ ਦੇ “ਬਿਹਤਰ” ਦਾ ਤਜਰਬਾ ਕਰ ਲਿਆ ਹੈ, ਜਿਸ ਦੌਰਾਨ ਦੇਸ਼ ਦਾ ਕਰਜ਼ਾ ਵਧਿਆ, ਨਵੇਂ ਟੈਕਸ ਲੱਗੇ ਅਤੇ ਜੀਵਨ-ਯਾਪਨ ਦਾ ਸੰਕਟ ਤੇ ਉੱਚੀਆਂ ਮੌਰਗੇਜ ਦਰਾਂ ਲੋਕਾਂ ਲਈ ਵੱਡੀ ਚੁਣੌਤੀ ਬਣੀਆਂ।