ਪ੍ਰਦੀਪ ਚਿੱਜੜ
ਆਕਲੈਂਡ:- 21 ਜੁਲਾਈ 2026
ਨਿਊਜ਼ੀਲੈਂਡ ਸਰਕਾਰ ਵੱਲੋਂ ਮਈ ਵਿੱਚ ਐਲਾਨਿਆ ਗਿਆ ਨਾਗਰਿਕਤਾ ਲੈਣ ਦਾ ਟੈਸਟ । ਹੁਣ 2027 ਦੇ ਦੂਜੇ ਅੱਧ ਤੋਂ ਜ਼ਿਆਦਾਤਰ ਨਵੇਂ ਨਾਗਰਿਕਤਾ ਬਿਨੈਕਾਰਾਂ ਲਈ ਲਾਜ਼ਮੀ ਹੋਵੇਗਾ।
ਬਿਨੈਕਾਰਾਂ ਨੂੰ 20 ਬਹੁ-ਚੋਣ ਪ੍ਰਸ਼ਨਾਂ ਵਿੱਚੋਂ ਘੱਟੋ-ਘੱਟ 15 ਸਹੀ ਜਵਾਬ ਦੇ ਕੇ ਸਾਹਮਣੇ ਬੈਠ ਕੇ (In-person) ਟੈਸਟ ਪਾਸ ਕਰਨਾ ਹੋਵੇਗਾ। ਸਰਕਾਰੀ ਅੰਦਾਜ਼ੇ ਮੁਤਾਬਕ 85 ਫ਼ੀਸਦੀ ਉਮੀਦਵਾਰ ਪਹਿਲੀ ਕੋਸ਼ਿਸ਼ ਵਿੱਚ ਅਤੇ 96 ਫ਼ੀਸਦੀ ਆਖ਼ਿਰਕਾਰ ਟੈਸਟ ਪਾਸ ਕਰ ਲੈਣਗੇ। ਨਿਊਜ਼ੀਲੈਂਡ ਸਰਕਾਰ ਨੇ ਪਹਿਲਾਂ ਆਨਲਾਈਨ ਟੈਸਟ ਬਾਰੇ ਸੋਚਿਆ ਸੀ, ਪਰ ਨਕਲ, AI ਦੀ ਵਰਤੋਂ ਅਤੇ ਸੁਰੱਖਿਆ ਤੇ ਪਰਦੇਦਾਰੀ ਨਾਲ ਜੁੜੀਆਂ ਚਿੰਤਾਵਾਂ ਕਾਰਨ ਇਸ ਨੂੰ ਰੱਦ ਕਰ ਦਿੱਤਾ ਗਿਆ।
ਅੰਦਰੂਨੀ ਮਾਮਲਿਆਂ ਦੀ ਮੰਤਰੀ ਬਰੂਕ ਵੈਨ ਵੇਲਡਨ ਨੇ ਕਿਹਾ ਕਿ ਸਾਹਮਣੇ ਬੈਠ ਕੇ ਟੈਸਟ ਕਰਵਾਉਣ ਨਾਲ ਇਹ ਯਕੀਨੀ ਬਣੇਗਾ ਕਿ ਬਿਨੈਕਾਰ ਨਿਊਜ਼ੀਲੈਂਡ ਦੇ ਨਾਗਰਿਕ ਵਜੋਂ ਆਪਣੇ ਹੱਕਾਂ ਅਤੇ ਜ਼ਿੰਮੇਵਾਰੀਆਂ ਬਾਰੇ ਸਹੀ ਜਾਣਕਾਰੀ ਰੱਖਦੇ ਹਨ।
ਹਰ ਟੈਸਟ ਕੋਸ਼ਿਸ਼ ਲਈ ਵੱਖਰੀ ਫੀਸ ਲਈ ਜਾਵੇਗੀ ਅਤੇ ਜੇ ਕੋਈ ਪਹਿਲੀ ਵਾਰ ਫੇਲ੍ਹ ਹੁੰਦਾ ਹੈ ਤਾਂ ਦੁਬਾਰਾ ਟੈਸਟ ਦੇਣ ਲਈ 30 ਕੰਮਕਾਜੀ ਦਿਨ ਉਡੀਕ ਕਰਨੀ ਪਵੇਗੀ।
16 ਸਾਲ ਤੋਂ ਘੱਟ ਅਤੇ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਸਮੇਤ ਕੁਝ ਹੋਰ ਖ਼ਾਸ ਸ਼੍ਰੇਣੀਆਂ ਦੇ ਬਿਨੈਕਾਰਾਂ ਨੂੰ ਇਸ ਟੈਸਟ ਤੋਂ ਛੋਟ ਦਿੱਤੀ ਜਾਵੇਗੀ।



