ਆਕਲੈਂਡ ਦੇ ਹੈਰਲਡ ਆਈਲੈਂਡ ‘ਤੇ E. coli ਮਿਲਣ ਤੋਂ ਬਾਅਦ ਉਬਾਲਿਆ ਪਾਣੀ ਪੀਣ ਦੀ ਚੇਤਾਵਨੀ ਜਾਰੀ

ਪ੍ਰਦੀਪ ਚਿੱਜੜ

ਆਕਲੈਂਡ:- 06 ਫਰਵਰੀ  2026

   E.coli ਦਾ ਪੂਰਾ ਨਾਮ Escherichia coli ਹੈ। ਇਹ ਇੱਕ ਕਿਸਮ ਦਾ ਬੈਕਟੀਰੀਆ (ਜੀਵਾਣੂ) ਹੈ ।
ਵਾਟਰਕੇਅਰ (Watercare) ਨੇ ਆਕਲੈਂਡ ਦੇ ਇੱਕ ਟਾਪੂ ਦੇ ਨਿਵਾਸੀਆਂ ਲਈ ਸਾਵਧਾਨੀ ਵਜੋਂ ਉਬਾਲਿਆ ਪਾਣੀ ਪੀਣ ਦੀ ਸਲਾਹ ਜਾਰੀ ਕੀਤੀ ਹੈ, ਕਿਉਂਕਿ ਇੱਕ ਨਮੂਨਾ E. coli ਬੈਕਟੀਰੀਆ ਲਈ ਪੌਜ਼ਿਟਿਵ ਆਇਆ ਹੈ।
ਚੀਫ਼ ਓਪਰੇਸ਼ਨ ਅਧਿਕਾਰੀ ਮਾਰਕ ਬੋਰਨ ਨੇ ਕਿਹਾ ਕਿ ਅੱਪਰ ਵੈਟੇਮਾਟਾ ਹਾਰਬਰ ਵਿੱਚ ਸਥਿਤ ਹੈਰਲਡ ਆਈਲੈਂਡ ਲਈ ਇਹ ਨੋਟਿਸ ਜਨਤਾ ਦੀ ਸਿਹਤ ਦੀ ਰੱਖਿਆ ਲਈ ਜਾਰੀ ਕੀਤਾ ਗਿਆ ਹੈ।
ਉਸ ਨੇ ਕਿਹਾ, “ਭਾਵੇਂ ਹੋਰ ਸਾਰੇ ਟੈਸਟ ਨਾਰਮਲ ਸਨ, ਅਸੀਂ ਸਾਵਧਾਨੀ ਤੌਰ ‘ਤੇ ਇਹ ਕਦਮ ਚੁੱਕ ਰਹੇ ਹਾਂ। ਅਸੀਂ ਹੈਰਲਡ ਆਈਲੈਂਡ ਦੇ ਰਹਿਣ ਵਾਲਿਆਂ ਨੂੰ ਬੇਨਤੀ ਕਰਦੇ ਹਾਂ ਕਿ ਅਸੀਂ ਹੋਰ ਟੈਸਟ ਪੂਰੇ ਕਰਨ ਤੱਕ ਪਾਣੀ ਉਬਾਲ ਕੇ ਹੀ ਵਰਤੋ।”
ਬੋਰਨ ਨੇ ਦੱਸਿਆ ਕਿ ਕੱਲ੍ਹ ਦੁਪਹਿਰ ਕੀਤੇ ਗਏ ਹੋਰ ਟੈਸਟਾਂ ਵਿੱਚ ਸਥਾਨਕ ਸਪਲਾਈ ਖੇਤਰ ਦੇ ਕਈ ਸਥਾਨਾਂ ‘ਤੇ ਕਲੋਰੀਨ ਦੀ ਮਾਤਰਾ ਸਧਾਰਨ ਮਿਲੀ।
ਉਸ ਨੇ ਕਿਹਾ, “ਇਹ ਨਤੀਜਾ ਹੌਸਲਾਅਫ਼ਜ਼ਾਈ ਕਰਦਾ ਹੈ, ਪਰ ਜਨਤਕ ਸਿਹਤ ਸਾਡੀ ਪਹਿਲੀ ਤਰਜੀਹ ਹੈ। ਹੋਰ E. coli ਟੈਸਟ ਨਤੀਜਿਆਂ ਦੀ ਉਡੀਕ ਦੌਰਾਨ ਉਬਾਲਿਆ ਪਾਣੀ ਪੀਣ ਦੀ ਚੇਤਾਵਨੀ ਜਾਰੀ ਕਰਨਾ ਸਭ ਤੋਂ ਠੀਕ ਕਦਮ ਹੈ।”
ਇਹ ਨਵੇਂ ਟੈਸਟ ਨਤੀਜੇ ਅੱਜ ਉਪਲਬਧ ਹੋਣ ਦੀ ਉਮੀਦ ਹੈ।
ਟਾਪੂ ਦੇ 271 ਘਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਅਗਲੀ ਸੂਚਨਾ ਤੱਕ ਪੀਣ, ਬਰਫ ਬਣਾਉਣ, ਬਰਤਨ ਧੋਣ ਅਤੇ ਖਾਣਾ ਤਿਆਰ ਕਰਨ ਲਈ ਸਿਰਫ਼ ਉਬਾਲਿਆ ਜਾਂ ਬੋਤਲਬੰਦ ਪਾਣੀ ਹੀ ਵਰਤਣ।
ਇਲੈਕਟ੍ਰਿਕ ਕੇਟਲ ਵਿੱਚ ਇੱਕ ਵਾਰ ਪਾਣੀ ਉਬਾਲਣਾ ਬੈਕਟੀਰੀਆ ਨੂੰ ਮਾਰਣ ਲਈ ਕਾਫ਼ੀ ਹੈ।
ਵਾਟਰਕੇਅਰ ਨੇ ਕਿਹਾ ਹੈ ਕਿ ਇਹ ਚੇਤਾਵਨੀ ਸਿਰਫ਼ ਹੈਰਲਡ ਆਈਲੈਂਡ ‘ਤੇ ਹੀ ਲਾਗੂ ਹੁੰਦੀ ਹੈ।