ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਦੂਜੇ ਹਾਰਬਰ ਕ੍ਰਾਸਿੰਗ ਲਈ ਸਰਕਾਰ ਵੱਲੋਂ ਵੱਡਾ ਕਦਮ।

ਪ੍ਰਦੀਪ ਚਿੱਜੜ
ਆਕਲੈਂਡ:- 18 ਅਗਸਤ 2026

ਆਕਲੈਂਡ ਦੇ ਵੈਟਮਾਟਾ ਹਾਰਬਰ ’ਤੇ ਦੂਜੇ ਕ੍ਰਾਸਿੰਗ ਦੀ ਯੋਜਨਾ ਨੂੰ ਲੈ ਕੇ ਨਿਊਜ਼ੀਲੈਂਡ ਸਰਕਾਰ ਨੇ ਅਹਿਮ ਫੈਸਲਾ ਲਿਆ ਹੈ। ਸਰਕਾਰ ਹੁਣ ਇਸ ਵੱਡੇ ਪ੍ਰਾਜੈਕਟ ਲਈ ਇੱਕ ਸੁਤੰਤਰ ਅਤੇ ਵਿਸਥਾਰਤ ਬਿਜ਼ਨਸ ਕੇਸ ਤਿਆਰ ਕਰਵਾਏਗੀ, ਜਿਸ ਦੇ ਆਧਾਰ ’ਤੇ ਅਗਲਾ ਵਿਕਲਪ ਚੁਣਿਆ ਜਾਵੇਗਾ।
ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਅਤੇ ਟਰਾਂਸਪੋਰਟ ਮੰਤਰੀ ਕ੍ਰਿਸ ਬਿਸ਼ਪ ਨੇ ਦੱਸਿਆ ਕਿ ਇਸ ਕੰਮ ਦੀ ਅਗਵਾਈ ਲਈ ਦੁਨੀਆ ਭਰ ਵਿੱਚੋਂ ਤਜਰਬੇਕਾਰ ਵਿਅਕਤੀ ਦੀ ਚੋਣ ਕੀਤੀ ਜਾਵੇਗੀ। ਇਹ ਅਧਿਕਾਰੀ ਸਿੱਧੇ ਮੰਤਰੀਆਂ ਨੂੰ ਜਵਾਬਦੇਹ ਹੋਵੇਗਾ, ਨਾ ਕਿ ਨਿਊਜ਼ੀਲੈਂਡ ਟਰਾਂਸਪੋਰਟ ਏਜੰਸੀ (NZTA) ਨੂੰ।
ਕੈਬਿਨੇਟ ਨੇ Meola Reef ਵਾਲੇ ਵਿਕਲਪ ’ਤੇ ਵੀ ਅਧਿਐਨ ਕਰਵਾਉਣ ਲਈ ਸਹਿਮਤੀ ਦਿੱਤੀ ਹੈ। ਇਹ ਵਿਕਲਪ ਆਕਲੈਂਡ ਦੇ ਮੇਅਰ ਵੇਨ ਬਰਾਊਨ ਵੱਲੋਂ ਲੰਮੇ ਸਮੇਂ ਤੋਂ ਸਮਰਥਿਤ ਕੀਤਾ ਜਾ ਰਿਹਾ ਹੈ। ਹਾਲਾਂਕਿ ਸਰਕਾਰ ਦਾ ਕਹਿਣਾ ਹੈ ਕਿ ਇਸ ਵਿਕਲਪ ਬਾਰੇ ਪਹਿਲਾਂ ਵੀ ਕਈ ਸਮੀਖਿਆਵਾਂ ਹੋ ਚੁੱਕੀਆਂ ਹਨ ਅਤੇ ਇਸ ਨੂੰ ਅਮਲੀ ਤੌਰ ’ਤੇ ਮੁਸ਼ਕਲ ਮੰਨਿਆ ਗਿਆ ਹੈ।
ਮੰਤਰੀ ਬਿਸ਼ਪ ਮੁਤਾਬਕ ਨਵਾਂ ਬਿਜ਼ਨਸ ਕੇਸ ਸਿਰਫ਼ ਕ੍ਰਾਸਿੰਗ ਦੇ ਨਿਰਮਾਣ ਬਾਰੇ ਹੀ ਨਹੀਂ ਹੋਵੇਗਾ, ਸਗੋਂ ਫੰਡਿੰਗ, ਵਿੱਤੀ ਮਾਡਲ, ਨਿਰਮਾਣ ਦੀ ਵਿਧੀ ਅਤੇ ਆਕਲੈਂਡ ਦੇ ਪੂਰੇ ਟਰਾਂਸਪੋਰਟ ਨੈੱਟਵਰਕ ਨੂੰ ਵੀ ਧਿਆਨ ਵਿੱਚ ਰੱਖੇਗਾ।
ਇਸ ਬਿਜ਼ਨਸ ਕੇਸ ਦੇ ਅਗਲੇ ਸਾਲ (2027)ਤੱਕ ਪੂਰਾ ਹੋਣ ਦੀ ਉਮੀਦ ਹੈ। ਸਰਕਾਰ ਦਾ ਕਹਿਣਾ ਹੈ ਕਿ ਵੈਟਮਾਟਾ ਹਾਰਬਰ ਕ੍ਰਾਸਿੰਗ ਨਿਊਜ਼ੀਲੈਂਡ ਦੇ ਇਤਿਹਾਸ ਵਿੱਚ ਸਭ ਤੋਂ ਵੱਡੇ ਅਤੇ ਮਹਿੰਗੇ ਇੰਫਰਾਸਟਰੱਕਚਰ ਪ੍ਰਾਜੈਕਟਾਂ ਵਿੱਚੋਂ ਇੱਕ ਹੋ ਸਕਦਾ ਹੈ, ਇਸ ਲਈ ਅੰਤਿਮ ਫੈਸਲਾ ਪੂਰੀ ਜਾਂਚ ਅਤੇ ਤੱਥਾਂ ਦੇ ਆਧਾਰ ’ਤੇ ਲੈਣਾ ਬਹੁਤ ਜ਼ਰੂਰੀ ਹੈ।