
“ਪਿੰਡ” ਸ਼ਬਦ ਸੁਣ ਕੇ ਬਹੁਤ ਸਾਰੀਆਂ ਚੀਜ਼ਾਂ ਦੀ ਤਸਵੀਰ ਅੱਖਾਂ ਸਾਹਮਣੇ ਆ ਜਾਂਦੀ ਹੈ। ਬਹੁਤ ਹੀ ਦੇਸੀ ਤੇ ਸਧਾਰਨ ਜ਼ਿੰਦਗੀ ਦਾ ਵੀ ਖ਼ਿਆਲ ਆ ਜਾਂਦਾ ਹੈ। ਬਹੁਤ ਸਾਰੀਆਂ ਖੇਡਾਂ, ਖੁੱਲਾ ਖਾਣਾ, ਖੁੱਲਾ ਮਾਹੌਲ, ਖੁੱਲੇ ਸੁਭਾਅ ਵਾਲੇ ਲੋਕ ਯਾਦ ਆਉਂਦੇ ਹਨ।
ਪਰ ਅੱਜ ਵੀ ਕੁਝ ਅਨਪੜ੍ਹ ਪਿੰਡਾਂ ਦੇ ਲੋਕ “ਧਰਤੀ ਗੋਲ ਹੈ” ਨੂੰ ਮੰਨਣ ਤੋਂ ਇਨਕਾਰ ਕਰਦੇ ਹਨ। ਇਹ ਗੱਲ ਅਲੱਗ ਹੈ ਕਿ ਪੁਰਾਣੀਆਂ ਚੀਜ਼ਾਂ ਸਮੇਂ ਦੇ ਅਨੁਸਾਰ ਅਲੋਪ ਹੋ ਗਈਆਂ। ਮਸ਼ੀਨੀ ਜ਼ਮਾਨਾ ਆ ਗਿਆ, ਕੰਪਿਊਟਰ ਦਾ ਸਮਾਂ ਆ ਗਿਆ, ਪਰ ਪਿੰਡਾ ਵਿੱਚ ਕੁੱਝ ਕੁ ਲੋਕਾਂ ਦੀ ਸੋਚ ਅਜੇ ਵੀ ਪਿੱਛੜੀ ਹੈ।
ਮੇਰੇ ਪਿੰਡ ਦੀ ਤਸਵੀਰ, ਉਸਦਾ ਖ਼ਿਆਲ ਹਮੇਸ਼ਾ ਮਨ ਵਿੱਚ ਰਹਿੰਦਾ ਹੈ। 1980 ਤੋਂ ਲੈ ਕੇ 2001 ਤੱਕ ਦੀ ਤਸਵੀਰ ਕੁਝ ਇਸ ਤਰ੍ਹਾਂ ਬਿਆਨ ਕਰਦੀ ਹੈ:ਮੇਰੀ ਜਨਮਭੂਮੀ ਅੰਮ੍ਰਿਤਸਰ ਤੋਂ ਅਸੀ ਪਿੰਡ ਗੜੂਪੱੜ ਆਣ ਵਸੇ, ਜਿੱਥੇ ਸਾਡੇ ਪੂਰਵਜ ਖੇਤੀਬਾੜੀ ਕਰਦੇ ਸਨ। ਵੱਡਾ ਪਰਿਵਾਰ ਸੀ, ਜਿਵੇਂ ਪੁਰਾਣੇ ਸਮੇਂ ਵਿੱਚ ਹੁੰਦਾ ਸੀ। ਸਾਡੇ ਦਾਦਾ ਜੀ ਖੇਤੀ ਕਰਦੇ ਸਨ, ਉਨਾਂ ਦੇ ਚਾਚੇ-ਤਾਏ ਦੇ ਮੁੰਡੇ ਸਭ ਖੱਡੀਆਂ ਦਾ ਕੰਮ ਕਰਦੇ , ਖੇਸੀਆਂ ਬਨਾਉਣ ਦਾ ਕੰਮ ਕਰਦੇ। ਪਿੰਡ ਕੋਈ ਵੱਡਾ ਨਹੀਂ ਸੀ, ਪਰ ਵੱਡੇ – ਵੱਡੇ ਬਿਹੜੇ ਸਨ। ਦੂਰ-ਦੂਰ ਤੱਕ ਨਜ਼ਰ ਘੁਮਾਈ ਜਾ ਸਕਦੀ ਸੀ, ਕਿਉਂਕਿ ਉੱਚੀਆਂ ਕੰਧਾਂ ਨਹੀਂ ਹੁੰਦੀਆਂ ਸਨ। ਪਿੰਡ ਵਿੱਚ ਸਿਰਫ ਸਾਡੇ ਘਰਾਂ ਵਿੱਚ ਹੀ ਖੱਡੀਆਂ ਦਾ ਕੰਮ ਹੁੰਦਾ ਸੀ। ਵਿਹੜੇ ਵਿੱਚ ਪੂਰਾ ਦਿਨ ਰੌਣਕ ਲੱਗੀ ਰਹਿੰਦੀ।
ਬਿਹੜੇ ਵਿੱਚ ਫਲਾਂ ਦੇ ਬੂਟੇ ਲਗਾਏ ਹੋਏ ਸਨ, ਖਾਸ ਕਰਕੇ ਅਮਰੂਦਾਂ ਦੇ। ਵੱਡਾ ਨਿੰਮ ਦਾ ਦਰੱਖਤ ਵੀ ਸੀ। ਨਿੰਮ ਦੇ ਟਾਂਹਣੇ ਉੱਪਰ ਕੁੜੀਆਂ ਪੀਂਘ
ਪਾ ਲੈਂਦੀਆਂ। ਵਿਹੜੇ ਵਿੱਚ ਹਮੇਸ਼ਾ ਰੌਣਕ ਰਹਿੰਦੀ। ਜੇ ਕਿਸੇ ਦੇ ਸਰੀਰ ਉੱਪਰ “ਧਫੜੀ” ਹੁੰਦੀ, ਤਾਂ ਖੇਸੀਆਂ ਲਈ ਇੱਕ ਔਜ਼ਾਰ ਹੁੰਦਾ ਸੀ ਜਿਸਨੂੰ “ਕੌਚ” ਕਹਿੰਦੇ ਸਨ। ਇਹ ਕੌਚ ਪੀੜਤ ਦੇ ਸਰੀਰ ਉੱਪਰ ਫੇਰਿਆ ਜਾਂਦਾ ਸੀ ਤਾਂ ਤਫੜੀ ਤੋਂ ਨਜਾਤ ਮਿਲ ਜਾਦੀ ਸੀ।


ਦੂਜੇ ਪਾਸੇ, ਪਿੰਡ ਵਿੱਚ ਕੁੱਝ ਲੋਕ ਘਰੇਲੂ ਤਰੀਕੇ ਨਾਲ ਦੇਸੀ ਸ਼ਰਾਬ ਅਤੇ ਨਸ਼ੇ ਵੇਚਦੇ ਸਨ। ਸਾਡੇ ਘਰਾ ਦੀ ਚਾਰਦੀਵਾਰੀ ਨਹੀ ਹੁੰਦੀ ਸੀ ਤੇ ਪਿੰਡ ਦੇ ਮੱਥੇ ਉੱਤੇ ਹੋਣ ਕਰਕੇ, ਇਹ ਲੋਕ ਰਾਤ ਨੂੰ ਕਈ ਵਾਰ ਸਾਡੇ ਬਿਹੜੇ ਵਿੱਚ ਮੰਜਿਆਂ ਉੱਤੇ ਆ ਬੈਠਦੇ। ਪਿੰਡ ਪੱਕੀ ਸੜਕ (ਮੇਨ ਰੋਡ) ਤੋਂ ਕਰੀਬ 200 -300 ਮੀਟਰ ਦੀ ਦੂਰੀ ਤੇ ਹੈ। ਸੜਕ ਦੇ ਕਿਨਾਰੇ ਬਾਕਲ ਬੋਰਡ (ਮੁਰਦਾਘਰ )ਦੀ ਜਗ੍ਹਾ ਵੀ ਸੀ, ਉਸ ਦੇ ਕੁੱਝ ਹਿੱਸੇ ਵਿੱਚੋ ਬਹੁਤ ਸਾਰੇ ਲੋਕ ਮਿੱਟੀ ਲੈਣ ਆਇਆ ਕਰਦੇ ਸਨ, ਕੁੱਝ ਕੁ ਕੋਠਿਆਂ ਨੂੰ ਲਿੱਪਣ ਵਾਸਤੇ ਤੇ ਕੁੱਝ ਕੁ ਨੀਵੇ ਘਰਾਂ ਵਿੱਚ ਭਰਤੀ ਪਾਉਣ ਲਈ। ਇਹ ਬਾਕਲ ਬੋਰਡ ਦੀ ਜਮੀਨ ਕਿਸੇ ਇਕ ਪਰਿਵਾਰ ਨੇ 99 ਞੇ ਸਾਲ ਲਈ ਪਟੇ ਤੇ ਲਈ ਹੋਈ ਸੀ ਤੇ ਉਹ ਉਥੋ ਮਿਟੀ ਪੁੱਟਕੇ ਬੇਚਦੇ। ਨਤੀਜਾ ਇਹ ਹੋਇਆ ਕਿ ਉਹ ਥਾਂ ਕਾਫੀ ਡੂੰਘੀ ਹੁੰਦੀ ਗਈ । ਮਿੱਟੀ ਪੁੱਟਦਿਆਂ – ਪੁੱਟਦਿਆਂ ਹੇਠਾਂ ਤੋਂ ਮੁਰਦਿਆਂ ਦੀਆਂ ਹੱਡੀਆਂ ਤੇ ਖਾਲੀ ਘੜੇ ਨਿਕਲਦੇ ਰਹੇ, ਕੁਝ ਲੋਕ ਵਹਿਮ ਵੀ ਕਰਨ ਲੱਗ ਜਾਂਦੇ ਜਦੋਂ ਕੋਈ ਘਰ ਵਿੱਚ ਅਚਾਨਕ ਬਿਮਾਰ ਹੋ ਜਾਂਦਾ ਜਿਹਨਾਂ ਨੇ ਉਸ ਥਾਂ ਤੋਂ ਮਿੱਟੀ ਲਿਆ ਕੇ ਵਰਤੀ ਹੋਵੇ , ਪਰ ਫਿਰ ਵੀ ਬਹੁਤ ਸਾਰੇ ਲੋਕ ਮਿੱਟੀ ਲੈਣ ਆਉਂਦੇ । ਪਿੰਡ ਵਿੱਚ ਕੁੱਝ ਵੱਡੀਆਂ ਵੱਡੀਆਂ ਢਿਗਾਂ ਵੀ ਕਾਫੀ ਸਨ , ਜਿਥੇ ਬਹੁਤ ਸਾਰੇ ਪੰਛੀਆਂ ਦਾ ਰਹਿਣ ਬਸੇਰਾ ਵੀ ਸੀ । ਪਿੰਡ ਦੇ ਹੇਠਲੇ ਪਾਸੇ ਰੇਤੇ ਦੀਆਂ ਵੱਡੀਆਂ ਵੱਡੀਆਂ ਢਿਗਾਂ ਵੀ ਕਾਫੀ ਸਨ। ਪਿੰਡ ਦੇ ਲੋਕ ਤਾਂ ਇਥੋਂ ਰੇਤਾ ਲੈਂਦੇ ਹੀ ਸਨ,ਉੱਥੇ ਬਾਹਰਲੇ ਪਿੰਡਾਂ ਤੋਂ ਲੋਕ ਆ ਕੇ ਵੀ ਇਥੋਂ ਰੇਤਾ ਕੱਢ ਕੇ ਲੈ ਕੇ ਜਾਂਦੇ। ਕੁੱਝ ਕੁ ਲੋਕ ਵੇਚਣ ਵਾਸਤੇ ਵੀ ਇਥੋਂ ਰੇਤਾ ਲੈ ਕੇ ਜਾਂਦੇ ਤੇ ਆਪਣੇ ਘਰ ਦਾ ਗੁਜ਼ਾਰਾ ਕਰਦੇ । ਸਭ ਤੋਂ ਵੱਡੀ ਗੱਲ ਇਹ ਹੈ ਕਿ ਪਿੰਡ ਮੁੱਖ ਮਾਰਗ (ਸੜਕ ) ਦੇ ਨਜ਼ਦੀਕ ਹੋਣ ਕਰਕੇ ਪਿੰਡ ਨੂੰ ਆਉਣਾ ਜਾਣਾ ਸੋਖਾ ਸੀ। ਬਹੁਤ ਸਾਰੇ ਬਾਹਰਲੇ ਲੋਕ ਰੇਤਾ ਲੈ ਕੇ ਜਾਂਦੇ ,ਉਸ ਦੇ ਨਾਲ ਨਾਲ ਪਿੰਡ ਵਿੱਚ ਇੱਕ ਬਜ਼ੁਰਗ ਵੱਲੋਂ ਸੱਪਾਂ ਦਾ ਇਲਾਜ ਵੀ ਕੀਤਾ ਜਾਂਦਾ ਸੀ ਤੇ ਬਹੁਤ ਸਾਰੇ ਲੋਕ ਸੱਪਾਂ ਦੇ ਡੱਸੇ ਹੋਏ ਦਾ ਇਲਾਜ ਕਰਾਉਣ ਵਾਸਤੇ ਆਉਂਦੇ । ਪਿੰਡ ਵਾਲਿਆਂ ਦਾ ਆਪਸੀ ਇਤਫਾਕ ਬਹੁਤ ਜਿਆਦਾ ਸੀ, ਸ਼ਾਇਦ ਇਸ ਕਰਕੇ ਕਿ ਬਹੁਤ ਸਾਰੇ ਲੋਕਾਂ ਦਾ ਗੋਤ ਇੱਕ ਹੀ ਸੀ । ਪਿੰਡ ਵਿੱਚ ਦੋ ਖੂਹ ਵੀ ਹੁੰਦੇ ਸਨ ਜਿਨਾਂ ਤੋਂ ਲੋਕ ਲੋੜ ਅਨੁਸਾਰ ਪਾਣੀ ਲੈਂਦੇ ਤੇ ਦਰੱਖਤਾਂ ਦੀ ਛਾਵੇ ਬਹਿੰਦੇ । ਖੂਹਾਂ ਉੱਪਰ ਗਰਮੀਆਂ ਨੂੰ ਮੇਲਾ ਹੀ ਲੱਗਿਆ ਰਹਿੰਦਾ ਕਿਉਂਕਿ ਖੂਹ ਤੇ ਇੱਕ ਬਹੁਤ ਵੱਡਾ ਨਿਮ ਦਾ ਦਰਖਤ ਲੱਗਿਆ ਹੋਇਆ ਸੀ ਜਿਸ ਦੇ ਹੇਠਾਂ ਬੈਠ ਕਈ ਨੌਜਵਾਨ , ਬਜ਼ੁਰਗ 12 ਟਾਣੀ ਖੇਡਦੇ ਜਾਂ ਕੌਡੀਆਂ ਨਾਲ ਖੇਡਦੇ ਤੇ ਕੁੱਝ ਤਾਸ਼ ਖੇਡਦੇ। ਕੁੜੀਆਂ , ਬੁਢੀਆਂ ਵੀ ਇਕੱਠੀਆਂ ਹੋ ਬੈਠਦੀਆਂ । ਬਹੁਤ ਸਾਰੀਆਂ ਮਾਤਾਵਾਂ ਇੱਥੇ ਖੂਹ ਦੇ ਉੱਪਰ ਆ ਕੇ ਸਵੇਰ ਤੋਂ ਸ਼ਾਮ ਤੱਕ ਕੱਪੜੇ ਵੀ ਧੋਦੀਆਂ ਤੇ ਕੁੱਝ ਕੁ ਲੋਕ ਪਸ਼ੂਆਂ ਵਾਸਤੇ ਪਾਣੀ ਵੀ ਇਥੋਂ ਇਕੱਠਾ ਕਰਕੇ ਲੈ ਕੇ ਜਾਂਦੇ । ਕੁੱਝ ਲੋਕ ਗਰਮੀਆਂ ਦੀ ਦੁਪਹਿਰ ਨੂੰ ਦਰੱਖਤਾਂ ਦੀ ਠੰਡੀ ਛਾਂ ਹੇਠਾਂ ਆਪਣੀ ਨੀਂਦ ਪੂਰੀ ਕਰਦੇ। ਸਮਾਂ ਆਪਣੀ ਚਾਲ ਚੱਲਦਾ ਗਿਆ 10 ਕੁ ਸਾਲਾਂ ਵਿੱਚ ਬਹੁਤ ਕੁੱਝ ਬਦਲਣਾ ਸ਼ੁਰੂ ਹੋ ਗਿਆ। ਪਿੰਡ ਦੇ ਕੁੱਝ ਨੌਜਵਾਨ ਮੁੰਡਿਆਂ ਨੇ ਰਲ ਕੇ ‘ ਨਵਾ ਚਿਰਾਗ ਨਵੀ ਰੌਸ਼ਨੀ ” ਨਾਮ ਹੇਠਾਂ ਇਕ ਸਟੇਜ ਡਰਾਮਾ ਸ਼ੁਰੂ ਕੀਤਾ। ਇਹ ਨਾਟਕ ਉਚੇ ਵਰਗ ਅਤੇ ਨੀਵੇ ਵਰਗ ਦੇ ਭੇਦਭਾਵ ਨੂੰ ਦਰਸਾਉਂਦਾ ਸੀ।ਇਸ ਵਿੱਚ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਜਿਕਰ ਸੀ। ਇਸ ਡਰਾਮੇ ਨੂੰ ਕਾਫੀ ਪਿੰਡਾਂ ਵਿੱਚ ਖੇਡਿਆ ਗਿਆ ਤੇ ਬਹੁਤ ਪਸੰਦ ਵੀ ਕੀਤਾ ਗਿਆ। ਇਹ ਨਵਾਂ ਚਿਰਾਗ ਨਵੀਂ ਰੌਸ਼ਨੀ ਨਾਂ ਦਾ ਡਰਾਮਾ ਰਾਜਨੀਤੀ ਦੀ ਭੇਟ ਚੜ ਗਿਆ ਕਿਉਂਕਿ ਦੋ ਤਿੰਨ ਇਸ ਨਾਟਕ ਵਿੱਚ ਕੰਮ ਕਰਨ ਵਾਲੇ ਮੁੰਡੇ ਰਾਜਨੀਤੀ ਵਿੱਚ ਚਲੇ ਗਏ ਇਸ ਨਾਟਕ ਵਿੱਚ ਸਿਰਫ ਮੁੰਡੇ ਹੀ ਸਨ , ਤੇ ਇੱਕ ਬਲਵੀਰ ਨਾਮ ਦਾ ਲੜਕਾ ਜੋ ਕੁੜੀ ਦਾ ਕਿਰਦਾਰ ਨਿਭਾਉਂਦਾ ਸੀ। ( ਬਲਵੀਰ ਇੱਕ ਵਧੀਆ ਅਦਾਕਾਰ ਹੋਣ ਦੇ ਨਾਲ-ਨਾਲ ਕੰਠ ਦਾ ਵੀ ਸੁਰੀਲਾ ਸੀ ਤੇ ਢੋਲਕੀ ਬਣਾਉਣ ਦਾ ਵੀ ਮਾਹਿਰ ਸੀ )
ਸਾਰੇ ਮੁੰਡਿਆਂ ਨੇ ਨਾਟਕ ਉਪਰ ਬਹੁਤ ਮਿਹਨਤ ਕੀਤੀ। ਇਹਨਾਂ ਦਿਨਾਂ ਵਿੱਚ ਪਿੰਡ ਵਿੱਚ ਕੁੱਝ ਰਾਜਨੀਤਿਕ ਲੋਕਾਂ ਦਾ ਆਉੇਣਾ ਜਾਣਾਂ ਵੀ ਵੱਧ ਗਿਆ ਤੇ ਪਿੰਡ ਦੇ ਕੁਝ ਮੋਹਤਵਾਰ ਮੁੰਡਿਆਂ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ। ਨਾਟਕ ਦੇ ਮੁੱਖ ਕਿਰਦਾਰ ਰਾਜਨੀਤੀ ਵਿੱਚ ਜਾ ਕੇ ਰਲ ਗਏ। ਜਿੱਥੇ ਇਹ ਨਾਟਕ ਲੋਕਾਂ ਦੀਆਂ ਅੱਖਾਂ ਨਮ ਕਰ ਦਿੰਦਾ ਸੀ ਹੁਣ ਉਸ ਨਾਟਕ ਦੇ ਕਿਰਦਾਰ ਆਪਣੇ ਹੀ ਨਾਟਕ ਦਾ ਸੰਸਕਾਰ ਕਰਕੇ ਘਰ ਬੈਠ ਗਏ, ਦੂਜੇ ਪਾਸੇ ਰਾਜਨੀਤੀ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ । ਪਿੰਡ ( ਗੜੂਪੱੜ) ਤੋਂ ਸ਼ਹਿਰ ( ਨਵਾਂਸ਼ਹਿਰ)12 – 14 ਕਿਲੋਮੀਟਰ ਦੀ ਦੂਰੀ ਤੇ ਹੈ । ਪਿੰਡ ਇੱਕ ਮੁਖ ਮਾਰਗ ਦੇ ਉੱਪਰ ਹੈ ਜਿਸ ਨੂੰ ਅਸੀਂ ਪੱਕੀ ਸੜਕ ਕਹਿੰਦੇ , ਮੁਖ ਮਾਰਗ ਹੋਣ ਕਰਕੇ , ਸ਼ਹਿਰ ਨੂੰ ਲੰਘਦੇ ਵੜਦੇ ਰਾਜਨੀਤਿਕ ਲੋਕ ਸਾਡੇ ਪਿੰਡ ਆ ਜਾਂਦੇ । ਨਤੀਜਾ ਉਹੀ ਹੋਇਆ ਜੋ ਆਮ ਤੌਰ ਤੇ ਰਾਜਨੀਤਿਕ ਲੋਕ ਕਰਦੇ ਹਨ ਪਿੰਡ ਵਿੱਚ ਧੜੇਬੰਦੀ ਹੋ ਗਈ , ਪਿੰਡ ਜੋ ਇੱਕ ਮੁੱਠ ਸੀ ਹੁਣ ਉਹ ਖਿਲਰ ਗਿਆ । ਨਸ਼ੇ ਦੀ ਭਰਮਾਰ ਹੋ ਗਈ। ਇਹ ਨਸ਼ੇ ਦੀ ਭਰਮਾਰ ਦਾ ਇਕ ਹਿਸਾ ਵਿਦੇਸ਼ ਤੋ ਆਏ ਹੋਏ ਕੁੱਝ ਲੋਕ ਵੀ ਸ਼ਾਮਲ ਸਨ। ਜਿਵੇਂ ਸੂਝਵਾਨ ਲੋਕ ਕਹਿੰਦੇ ਹਨ ਕਿ ਪੈਸਾ ਕਿਸੇ ਕਿਸੇ ਨੂੰ ਸੰਭਾਲਣਾ ਆਉਦਾ । ਪਿੰਡ ਦੇ ਬਹੁਤ ਸਾਰੇ ਲੋਕਾਂ ਨੇ ਵਿਦੇਸ਼ਾਂ ਵਿੱਚੋਂ ਬਹੁਤ ਮਿਹਨਤ ਕਰਕੇ ਪੈਸਾ ਕਮਾਇਆ ਪਰ ਉਹ ਪੈਸਾ ਕੁਝ ਲੋਕਾਂ ਨੂੰ ਸੰਭਾਲਣਾ ਨਹੀਂ ਆਇਆ। ਬਹੁਤ ਸਾਰੇ ਲੋਕ ਵਿਦੇਸ਼ ਤੋ ਪੱਕੇ ਤੌਰ ਤੇ ਵਾਪਸ ਪਿੰਡ ਪਰਤ ਆਏ ਉਹਨਾਂ ਵਿੱਚੋਂ ਇੱਕ ਬੰਦਾ ਇਹੋ ਜਿਹਾ ਸੀ ਕਿ ਉਹ ਰਾਤ ਨੂੰ ਆਪਣੇ ਬੈਡ ਹੇਠਾਂ ਸ਼ਰਾਬ ਰੱਖ ਕੇ ਸੌਂਦਾ ਤੇ ਸਵੇਰ ਦੀ ਸ਼ੁਰੂਆਤ ਲੱਸੀ ,ਚਾਹ ਤੋਂ ਨਹੀਂ ਬਲਕਿ ਸ਼ਰਾਬ ਪੀਣ ਤੋਂ ਹੁੰਦੀ ਪਿੰਡ ਦੇ ਕਿਸੇ ਵੀ ਬੰਦੇ ਕੋਲ ਉਹ ਆਪਣੇ ਨਾਂ ਦੀ ਪਰਚੀ ਭੇਜ ਦਿੰਦਾ ਤੇ ਠੇਕੇ ਤੋਂ ਸ਼ਰਾਬ ਘਰ ਪਹੁੰਚ ਜਾਂਦੀ । ਜਿਵੇਂ ਅਸੀਂ ਜਾਣਦੇ ਹੀ ਹਾਂ ਕਿ ਇਸ ਤਰ੍ਹਾਂ ਦੇ ਸਿਲਸਿਲੇ ਜਿਆਦਾ ਸਮਾਂ ਨਹੀਂ ਚਲਦੇ, ਸਹੀ ਉਸੇ ਤਰ੍ਹਾਂ ਹੀ ਇਸ ਬੰਦੇ ਦੇ ਨਾਲ ਵੀ ਹੋਇਆ ਕਿ ਪਰਚੀ ਤੇ ਸ਼ਰਾਬ ਆਉਣ ਵਾਲਾ ਸਿਲਸਿਲਾ ਬਹੁਤ ਦੇਰ ਨਹੀਂ ਚੱਲਿਆ ਹਾਲਾਤ ਇਹ ਹੋ ਗਏ ਕਿ ਉਹ ਬੰਦਾ ਹੁਣ ਖੁਦ ਵੀ ਸ਼ਰਾਬ ਲੈਣ ਜਾਂਦਾ ਤਾਂ ਉਸ ਨੂੰ ਸ਼ਰਾਬ ਨਹੀਂ ਮਿਲਦੀ। ਘਰ ਦੀ ਹਾਲਤ ਬੱਦ ਤੋਂ ਬਦਤਰ ਹੋ ਗਈ । ਦਿਨ ਪਰ ਦਿਨ ਰਾਜਨੀਤਿਕ ਲੋਕਾਂ ਦਾ ਪਿੰਡ ਵਿੱਚ ਆਉਣਾ ਜਾਣਾ ਵੱਧ ਗਿਆ ਤੇ ਸ਼ਰਾਬ ਦਾ ਵੀ ਵਰਤਾਰਾ ਵੱਧ ਗਿਆ ਰਾਜਨੀਤਿਕ ਲੋਕਾਂ ਨੇ ਪਿੰਡ ਨੂੰ ਨਸ਼ਿਆਂ ਵੱਲ ਨੂੰ ਧੱਕ ਦਿੱਤਾ ਤੇ ਪਿੰਡ ਦੇ ਸਕੂਲ ਦੀ ਕਿਸੇ ਨੇ ਵੀ ਕਦੇ ਸਾਰ ਨਹੀਂ ਪੁੱਛੀ। ਅਧਿਆਪਕਾਂ ਦੇ ਸਹਾਰੇ ਸਕੂਲ ਦਾ ਥੋੜਾ ਬਹੁਤ ਸੁਧਾਰ ਹੁੰਦਾ ਰਿਹਾ। ਪਰ ਸਕੂਲ ਪੰਜਵੀਂ ਤੋਂ ਅੱਠਵੀਂ ਕਲਾਸ ਤੱਕ ਵੀ ਨਾ ਹੋ ਸਕਿਆ ਕਿਉਂਕਿ ਰਾਜਨੀਤਿਕ ਧੜੇਬੰਦੀਆਂ ਪਿੰਡ ਦੇ ਲੋਕਾਂ ਨੂੰ ਹਮੇਸ਼ਾ ਦੋ ਫਾੜ ਕਰਕੇ ਰੱਖਦੀਆਂ ਹਨ। ਉਸੇ ਤਰ੍ਹਾਂ ਸਾਡੇ ਪਿੰਡ ਦਾ ਵੀ ਹਸ਼ਰ ਹੋਇਆ। ਪਿੰਡ ਦੇ ਬਹੁਤ ਸਾਰੇ ਨੌਜਵਾਨ ਵਿਦੇਸ਼ਾਂ ਵਿੱਚ ਪ੍ਰਵਾਸ ਕਰ ਗਏ ਤੇ ਜੋ ਪਿੰਡ ਦੇ ਵਿੱਚੋਂ ਚੰਗੇ ਪੜ੍ਹ ਜਾਂਦੇ ਉਹ ਚੰਗੇ ਭਵਿੱਖ ਲਈ ਪਿੰਡ ਛੱਡ ਕੇ ਸ਼ਹਿਰ ਚਲੇ ਜਾਂਦੇ । ਪਿੰਡ ਵਿੱਚ ਜੋ ਨਵਾਂ ਸਰਪੰਚ ਬਣਦਾ ਉਹ ਆਪਣਾ ਜਾਂ ਆਪਣਿਆਂ ਦਾ ਹੀ ਸੋਚਦਾ ਜਿਵੇਂ ਕਹਿੰਦੇ ਹਨ ਕਿ ਅੰਨਾ ਵੰਡੇ ਰੇੜੀਆਂ ਤੇ ਮੁੜ ਮੁੜ ਘਰਦਿਆਂ ਨੂੰ ਦੇਵੇ, ਪਰ ਪਿੰਡ ਦੇ ਹਾਲਾਤਾਂ ਵਿੱਚ ਕੋਈ ਸੁਧਾਰ ਨਹੀਂ ਕੀਤਾ । ਸਮਾਂ ਬੀਤਦਾ ਗਿਆ ਘਰਾਂ ਦੀਆਂ ਦੀਵਾਰਾਂ ਉੱਚੀਆਂ ਹੁੰਦੀਆਂ ਗਈਆਂ ਤੇ ਪਿੰਡ ਦੇ ਮੱਥੇ ਦੀ ਜਮੀਨ ਵੀ ਵਿਕ ਗਈ ਤੇ ਉੱਥੇ ਵੱਡੀਆਂ ਵੱਡੀਆਂ ਕੋਠੀਆਂ ਬਣ ਗਈਆਂ । ਪਿੰਡ ਦੇ ਮੱਥੇ ਤੇ ਲੱਗਦੀ ਬਾਕਲ ਬੋਰਡ ਦੀ ਜਮੀਨ ਨੂੰ ਇਧਰ ਉਧਰ ਕਿਸੇ ਹੋਰ
ਦੇ ਹੱਥਾਂ ਵਿੱਚ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਜਿਹੜੀ ਕਿ 99 ਸਾਲਾ ਪਟੇ ਦੀ ਜਮੀਨ ਸੀ ਉਹ ਕਿਸੇ ਹੋਰ ਕਾਰੋਬਾਰੀ ਨੂੰ ਦੇ ਦਿੱਤੀ।
ਸਾਡਾ ਵੀ ਪਰਿਵਾਰ ਵਿਦੇਸ਼ ਵਿੱਚ ਹੋਣ ਕਰਕੇ ਮੈਂ ਵੀ ਵਿਦੇਸ਼ ਨੂੰ ਉਡਾਰੀ ਮਾਰ ਦਿੱਤੀ, ਪਰ ਆਪਣੇ ਪਿੰਡ ਦੀ ਖਬਰਸਾਰ ਆਪਣੇ ਸਾਥੀਆਂ ਤੋਂ ਸਮੇਂ ਸਮੇਂ ਤੇ ਜਰੂਰ ਲੈਂਦਾ ਰਿਹਾ। ਛੇ ਸਾਲਾ ਵਿੱਚ ਮੈਂ ਦੋ ਵਾਰ ਹੀ ਪਿੰਡ ਦੀ ਫੇਰੀ ਮਾਰ ਸਕਿਆ। 2007 ਵਿੱਚ ਜਦੋਂ ਮੈਂ ਪਿੰਡ ਆਇਆ ਤਾਂ ਪਿੰਡ ਦੇ ਸਕੂਲ ਦੀ ਫੇਰੀ ਮਾਰਨ ਗਿਆ ਕਿਉਂ ਉਸ ਸਕੂਲ ਨਾਲ ਕਾਫੀ ਲਗਾ ਸੀ ਭਾਵੇਂ ਮੈਂ ਉਸ ਸਕੂਲ ਤੋਂ ਪੜ੍ਹਿਆ ਨਹੀਂ ਪਰ ਘਰ ਦੇ ਨੇੜੇ ਹੋਣ ਕਰਕੇ ਪਹਿਲਾਂ ਤੋਂ ਹੀ ਅਧਿਆਪਕਾਂ ਨਾਲ ਸੰਬੰਧ ਬਹੁਤ ਵਧੀਆ ਸਨ । ਅੱਜ ਵੀ ਉਹੀ ਕੁੱਝ ਦੇਖਣ ਨੂੰ ਮਿਲਿਆ ਜੋ ਪਿੱਛੇ ਮੈਂ ਛੱਡ ਕੇ ਗਿਆ ਸੀ ਸਕੂਲ ਪੰਜਵੀਂ ਕਲਾਸ ਤੱਕ ਹੀ ਸੀ ਤੇ ਦੋ ਅਧਿਆਪਕ ਸਨ । ਅਧਿਆਪਕ ਨਵੇਂ ਸੀ ਤੇ ਮੈਂ ਵੀ ਜਿਆਦਾ ਗੱਲਬਾਤ ਅੱਗੇ ਨਹੀਂ ਵਧਾ ਸਕਿਆ । ਸਕੂਲ ਦੇ ਹਾਲਾਤ ਨੂੰ ਸੁਧਾਰ ਦੇ ਵਿੱਚ ਕੀ ਕੁਝ ਕਰਨਾ ਚਾਹੀਦਾ ਇਹ ਸਭ ਕੁਝ ਅਧਿਆਪਕਾਂ ਉੱਪਰ ਹੀ ਸੀ । ਪਿੰਡ ਦੀਆਂ ਧੜੇਬੰਦੀਆਂ ਕਾਰਨ ਇਹ ਸਭ ਕੁਝ ਹੋ ਰਿਹਾ ਸੀ ਅੱਜ ਵੀ ਉਹੀ ਕੁਝ ਚੱਲ ਰਿਹਾ ਹੈ ਦੂਸਰੇ ਪਾਸੇ ਪਿੰਡ ਦੇ ਮੱਥੇ ਤੇ ਬਾਕਲ ਬੋਰਡ ਦੀ ਜਗ੍ਹਾ ਤੋਂ ਜਿੱਥੇ ਮੁਰਦਿਆਂ ਦੀਆਂ ਹੱਡੀਆਂ ਤੇ ਖਾਲੀ ਘੜੇ ਮਿਲਦੇ ਸੀ ਉੱਥੇ ਹੁਣ ਢੋਲ, ਸ਼ੈਣੇ ,ਹੱਲੇ ਗੁੱਲੇ ਦੀਆਂ ਆਵਾਜ਼ਾਂ ਆਉਂਦੀਆਂ ਹਨ , ਇਹ ਕਬਰਾਂ ਦੀ ਥਾਂ ਵਿੱਚੋਂ ਕੋਈ ਭੂਤਾਂ ਪ੍ਰੇਤਾਂ ਦੀਆਂ ਆਵਾਜ਼ਾਂ ਨਹੀਂ ਉਸ ਥਾਂ ਉੱਪਰ ਹੁਣ ਬਣੇ ਹੋਏ ਮੈਰਿਜ ਪੈਲਸ ਵਿੱਚੋਂ ਵਿਆਹ ਸ਼ਾਦੀਆਂ ਦੀ ਪਾਰਟੀਆਂ ਕਰਦੇ ਲੋਕਾਂ ਦੀਆਂ ਚੀਕਾਂ ਸਨ। ਜਿੱਥੇ ਅੱਜ ਲੋਕਾਂ ਦੇ ਕੋਲ ਘਰਾਂ ਵਿੱਚ ਤਾਂ ਕਿ ਦਿਲਾਂ ਵਿੱਚ ਜਗਹਾ ਨਹੀਂ ਇਹ ਮੈਰਿਜ ਪੈਲਸ ਇਸ ਗੱਲ ਦੀ ਗਵਾਹੀ ਭਰਦੇ ਹਨਕਿਉਂਕਿ ਰਿਸ਼ਤੇਦਾਰ ਘਰ ਤੋਂ ਬਾਹਰ ਬਾਹਰ ਹੀ ਚਲੇ ਜਾਂਦੇ ਕਿਉਂਕਿ ਬਹੁਤ ਸਾਰੇ ਲੋਕ ਕੁੜੀ ਦੀ ਵਿਦਾਇਗੀ ਜਿਸ ਨੂੰ ਅਸੀਂ ਡੋਲੀ ਵੀ ਕਹਿੰਦੇ ਹਾਂ, ਉਹ ਵੀ ਪੈਲਸ ਵਿੱਚੋਂ ਹੀ ਤੋਰ ਦਿੰਦੇ ਹਨ । ਜਿੰਨੇ ਰਿਸ਼ਤੇਦਾਰ ਹੁੰਦੇ ਉਹ ਸਾਰੇ ਪੈਲਸ ਵਿੱਚੋਂ ਹੀ ਵਾਪਸ ਆਪਣੇ – ਆਪਣੇ ਘਰਾਂ ਨੂੰ ਪਰਤ ਜਾਂਦੇ। ਪਿੰਡ ਜੀ ਨਕਸ਼ ਨੁਹਾਰ ਬਦਲ ਜਾਵੇ ਇਹ ਕਾਮਨਾ ਕਰਦਾ ਹੋਇਆ ਆਪਣੇ ਪਿੰਡ ਦਾ ਖਿਆਲ ਲੈ ਕੇ ਮੈਂ ਫਿਰ ਵਾਪਸ ਜਨਵਰੀ 2008 ਨੂੰ ਆਪਣੀ ਕਰਮ ਭੂਮੀ ਨਿਊਜ਼ੀਲੈਂਡ ਵਿੱਚ ਪਰਤ ਆਇਆ।



