
ਪ੍ਰਦੀਪ ਚਿੱਜੜ
ਆਕਲੈਂਡ:- 12 ਅਗਸਤ 2026
ਨਿਊਜ਼ੀਲੈਂਡ ਦੀ ਅਰਥਵਿਵਸਥਾ ਦੀ ਮਜ਼ਬੂਤੀ ਵਿੱਚ ਛੋਟੇ ਕਾਰੋਬਾਰਾਂ ਦੀ ਭੂਮਿਕਾ ਨੂੰ ਅਹਿਮ ਦੱਸਦਿਆਂ ਲੇਬਰ ਪਾਰਟੀ ਨੇ ਕਿਹਾ ਹੈ ਕਿ ਉਹ ਛੋਟੇ ਕਾਰੋਬਾਰੀਆਂ ਨੂੰ ਸਿਰਫ਼ ਵਾਅਦਿਆਂ ਨਾਲ ਨਹੀਂ, ਸਗੋਂ ਠੋਸ ਨੀਤੀਆਂ ਰਾਹੀਂ ਅੱਗੇ ਵਧਣ ਲਈ ਮਜ਼ਬੂਤ ਸਹਾਰਾ ਦੇਵੇਗੀ। ਪਾਰਟੀ ਵੱਲੋਂ ਜਾਰੀ ‘ਸਮਾਲ ਬਿਜ਼ਨਸ ਐਕਸ਼ਨ ਪਲਾਨ – ਏ ਫੇਅਰ ਗੋ’ ਤਹਿਤ ਕਾਰੋਬਾਰੀਆਂ ਨੂੰ ਆਪਣੀ ਮਿਹਨਤ ਦਾ ਵੱਧ ਹਿੱਸਾ ਆਪਣੇ ਕੋਲ ਰੱਖਣ, ਨਵੇਂ ਸਾਜ਼ੋ-ਸਾਮਾਨ ਵਿੱਚ ਨਿਵੇਸ਼ ਕਰਨ ਅਤੇ ਸਮੇਂ ਸਿਰ ਭੁਗਤਾਨ ਪ੍ਰਾਪਤ ਕਰਨ ਲਈ ਨਵੇਂ ਕਦਮ ਚੁੱਕਣ ਦਾ ਐਲਾਨ ਕੀਤਾ ਗਿਆ ਹੈ।
ਲੇਬਰ ਨੇ ਖ਼ਾਸ ਤੌਰ ’ਤੇ ਭਾਰਤੀ ਭਾਈਚਾਰੇ ਦੇ ਕਾਰੋਬਾਰਕ ਅਤੇ ਆਰਥਿਕ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵੇਟਾਕੇਰੇ ਇੰਡੀਅਨ ਐਸੋਸੀਏਸ਼ਨ ਵੱਲੋਂ ਕਰਵਾਈ ਗਈ ਇੱਕ ਨਵੀਂ ਰਿਪੋਰਟ ਮੁਤਾਬਕ ਮਾਰਚ 2025 ਤੱਕ ਦੇ ਇੱਕ ਸਾਲ ਵਿੱਚ ਨਿਊਜ਼ੀਲੈਂਡ ਦੇ ਭਾਰਤੀ ਭਾਈਚਾਰੇ ਨੇ ਦੇਸ਼ ਦੀ ਅਰਥਵਿਵਸਥਾ ਵਿੱਚ 37 ਬਿਲੀਅਨ ਡਾਲਰ ਤੋਂ ਵੱਧ ਦਾ ਯੋਗਦਾਨ ਪਾਇਆ। ਰਿਪੋਰਟ ਅਨੁਸਾਰ ਭਾਰਤੀ ਭਾਈਚਾਰੇ ਵੱਲੋਂ 2,20,000 ਤੋਂ ਵੱਧ ਫੁੱਲ-ਟਾਈਮ ਨੌਕਰੀਆਂ ਨੂੰ ਸਹਿਯੋਗ ਮਿਲਿਆ ਅਤੇ ਲਗਭਗ 34,000 ਕਾਰੋਬਾਰ ਚਲਾਏ ਜਾ ਰਹੇ ਸਨ।
ਲੇਬਰ ਦਾ ਕਹਿਣਾ ਹੈ ਕਿ ਇਹ ਅੰਕੜੇ ਸਿਰਫ਼ ਆਰਥਿਕ ਯੋਗਦਾਨ ਨਹੀਂ ਦਰਸਾਉਂਦੇ, ਸਗੋਂ ਭਾਰਤੀ ਭਾਈਚਾਰੇ ਦੀ ਮਿਹਨਤ, ਉਦਮਸ਼ੀਲਤਾ, ਜੋਖ਼ਮ ਲੈਣ ਦੀ ਹਿੰਮਤ ਅਤੇ ਨਿਊਜ਼ੀਲੈਂਡ ਦੀ ਤਰੱਕੀ ਪ੍ਰਤੀ ਵਚਨਬੱਧਤਾ ਦੀ ਤਸਵੀਰ ਵੀ ਪੇਸ਼ ਕਰਦੇ ਹਨ।
ਪਾਰਟੀ ਨੇ ਕਿਹਾ ਕਿ ਛੋਟਾ ਕਾਰੋਬਾਰ ਚਲਾਉਣਾ ਸਿਰਫ਼ ਦੁਕਾਨ ਜਾਂ ਕੰਪਨੀ ਚਲਾਉਣ ਦਾ ਨਾਮ ਨਹੀਂ। ਇਸ ਦੇ ਪਿੱਛੇ ਪਰਿਵਾਰਾਂ ਦੀਆਂ ਉਮੀਦਾਂ, ਸਾਲਾਂ ਦੀ ਮਿਹਨਤ, ਵਿੱਤੀ ਜੋਖ਼ਮ ਅਤੇ ਲੰਮੇ ਘੰਟਿਆਂ ਦੀ ਕੁਰਬਾਨੀ ਹੁੰਦੀ ਹੈ। ਇਹ ਕਾਰੋਬਾਰੀ ਸਥਾਨਕ ਲੋਕਾਂ ਨੂੰ ਰੁਜ਼ਗਾਰ ਦਿੰਦੇ ਹਨ, ਆਪਣੇ ਇਲਾਕਿਆਂ ਦੀਆਂ ਕਮਿਊਨਿਟੀਆਂ ਨੂੰ ਚਲਾਉਣ ਵਿੱਚ ਯੋਗਦਾਨ ਪਾਉਂਦੇ ਹਨ ਅਤੇ ਅਰਥਵਿਵਸਥਾ ਦੀ ਬੁਨਿਆਦ ਨੂੰ ਮਜ਼ਬੂਤ ਕਰਦੇ ਹਨ।
ਲੇਬਰ ਨੇ ਨੈਸ਼ਨਲ ਸਰਕਾਰ ’ਤੇ ਦੋਸ਼ ਲਗਾਇਆ ਕਿ ਵਧ ਰਹੀਆਂ ਲਾਗਤਾਂ ਅਤੇ ਘਟਦੀ ਮੰਗ ਦੇ ਦੌਰ ਵਿੱਚ ਛੋਟੇ ਕਾਰੋਬਾਰੀ ਵਧੇਰੇ ਦਬਾਅ ਹੇਠ ਹਨ। ਪਾਰਟੀ ਨੇ ਕਾਰੋਬਾਰੀ ਲਿਕਵੀਡੇਸ਼ਨਾਂ ਦੇ ਵਧਣ ਅਤੇ ਕਾਰੋਬਾਰੀ ਭਰੋਸੇ ਵਿੱਚ ਕਮੀ ਦਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਦੀ ਛੋਟੇ ਕਾਰੋਬਾਰੀਆਂ ਬਾਰੇ ਕੀਤੀ ਆਲੋਚਨਾ ਨੂੰ ਵੀ ਨਿਸ਼ਾਨਾ ਬਣਾਇਆ।
ਛੋਟੇ ਕਾਰੋਬਾਰੀਆਂ ਲਈ ਲੇਬਰ ਦੀਆਂ ਮੁੱਖ ਤਜਵੀਜ਼ਾਂ
ਲੇਬਰ ਦੇ ‘ਏ ਫੇਅਰ ਗੋ’ ਐਕਸ਼ਨ ਪਲਾਨ ਤਹਿਤ:
ਵੱਡੀਆਂ ਕੰਪਨੀਆਂ ਲਈ $25,000 ਜਾਂ ਇਸ ਤੋਂ ਘੱਟ ਦੇ ਇਨਵੌਇਸਾਂ ’ਤੇ ਛੋਟੇ ਸਪਲਾਇਰਾਂ ਨੂੰ 15 ਦਿਨਾਂ ਦੇ ਅੰਦਰ ਭੁਗਤਾਨ ਕਰਨਾ ਲਾਜ਼ਮੀ ਕੀਤਾ ਜਾਵੇਗਾ।
ਵੱਡੀਆਂ ਕੰਪਨੀਆਂ ਨੂੰ ਇਹ ਵੀ ਦੱਸਣਾ ਪਵੇਗਾ ਕਿ ਉਹ ਆਪਣੇ ਸਪਲਾਇਰਾਂ ਨੂੰ ਆਮ ਤੌਰ ’ਤੇ ਕਿੰਨੀ ਜਲਦੀ ਭੁਗਤਾਨ ਕਰਦੀਆਂ ਹਨ।
$10 ਮਿਲੀਅਨ ਤੋਂ ਘੱਟ ਸਾਲਾਨਾ ਟਰਨਓਵਰ ਵਾਲੇ ਕਾਰੋਬਾਰਾਂ ਲਈ ਐਸੈੱਟ ਰਾਈਟ-ਆਫ਼ ਦੀ ਹੱਦ 10,000 ਕੀਤੀ ਜਾਵੇਗੀ, ਤਾਂ ਜੋ ਨਵੇਂ ਸਾਜ਼ੋ-ਸਾਮਾਨ ਦੀ ਲਾਗਤ ਨੂੰ ਤੁਰੰਤ ਟੈਕਸ ਵਿੱਚ ਕਟੌਤੀ ਵਜੋਂ ਦਰਸਾਇਆ ਜਾ ਸਕੇ । ਲੇਬਰ ਮੁਤਾਬਕ ਇਸ ਨਾਲ ਲਗਭਗ 35,000 ਸਭ ਤੋਂ ਛੋਟੇ ਕਾਰੋਬਾਰੀਆਂ ਨੂੰ GST ਰਜਿਸਟ੍ਰੇਸ਼ਨ ਦੀ ਲੋੜ ਨਹੀਂ ਰਹੇਗੀ।
ਲੇਬਰ ਨੇ ਕਿਹਾ ਕਿ ਭਾਰਤੀ ਭਾਈਚਾਰੇ ਵੱਲੋਂ ਮਿਲ ਰਹੇ ਸਮਰਥਨ ਨੂੰ ਉਹ ਸਨਮਾਨ ਨਾਲ ਦੇਖਦੀ ਹੈ, ਪਰ ਇਸਨੂੰ ਆਪਣਾ ਹੱਕ ਨਹੀਂ ਸਮਝਦੀ। ਪਾਰਟੀ ਦਾ ਕਹਿਣਾ ਹੈ ਕਿ ਚੋਣਾਂ ਤੋਂ ਪਹਿਲਾਂ ਹਰ ਇੱਕ ਵੋਟ ਦਾ ਭਰੋਸਾ ਮੁੜ ਹਾਸਲ ਕਰਨ ਲਈ ਪੂਰੀ ਮਿਹਨਤ ਕੀਤੀ ਜਾਵੇਗੀ।
ਪਾਰਟੀ ਨੇ ਨਿਊਜ਼ੀਲੈਂਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੋਟ ਪਾਉਣ ਲਈ ਆਪਣੀ ਐਨਰੋਲਮੈਂਟ ਯਕੀਨੀ ਬਣਾਉਣ, ਕਿਉਂਕਿ ਬਦਲਾਅ ਦੀ ਤਾਕਤ ਲੋਕਾਂ ਦੇ ਵੋਟ ਦੇ ਅਧਿਕਾਰ ਵਿੱਚ ਹੈ।
ਲੇਬਰ ਨੇ ਆਪਣੇ ਸੁਨੇਹੇ ਵਿੱਚ ਕਿਹਾ ਕਿ ਨਿਊਜ਼ੀਲੈਂਡ ਨੂੰ ਅਜਿਹੀ ਸਰਕਾਰ ਦੀ ਲੋੜ ਹੈ ਜੋ ਲੋਕਾਂ ਨੂੰ ਇਕ-ਦੂਜੇ ਦੇ ਵਿਰੁੱਧ ਖੜ੍ਹਾ ਕਰਨ ਦੀ ਬਜਾਏ ਏਕਤਾ ਨੂੰ ਤਰਜੀਹ ਦੇਵੇ, ਜੀਵਨ-ਯਾਪਨ ਨੂੰ ਵਧੇਰੇ ਕਿਫ਼ਾਇਤੀ ਬਣਾਉਣ ’ਤੇ ਧਿਆਨ ਦੇਵੇ ਅਤੇ ਅਰਥਵਿਵਸਥਾ ਨੂੰ ਜ਼ਮੀਨੀ ਪੱਧਰ ਤੋਂ ਮਜ਼ਬੂਤ ਕਰੇ।
ਲੇਬਰ ਦਾ ਸੰਦੇਸ਼ ਸਪੱਸ਼ਟ ਹੈ—ਜਿਹੜੇ ਛੋਟੇ ਕਾਰੋਬਾਰੀ ਆਪਣੇ ਹੱਥਾਂ ਦੀ ਮਿਹਨਤ ਨਾਲ ਪਰਿਵਾਰਾਂ ਨੂੰ ਸੰਭਾਲਦੇ ਅਤੇ ਕਮਿਊਨਿਟੀਆਂ ਨੂੰ ਰੁਜ਼ਗਾਰ ਦਿੰਦੇ ਹਨ, ਉਨ੍ਹਾਂ ਨੂੰ ਅਰਥਵਿਵਸਥਾ ਦਾ ਸਿਰਫ਼ ਹਿੱਸਾ ਨਹੀਂ, ਸਗੋਂ ਉਸਦੀ ਬੁਨਿਆਦ ਮੰਨਿਆ ਜਾਣਾ ਚਾਹੀਦਾ ਹੈ।


