ਨਿਊਜ਼ੀਲੈਂਡ ਦੇ ਸ਼ਹਿਰ  ਹੈਮਿਲਟਨ  ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ ਸਾਲਾਨਾ ਜਨਮ ਦਿਹਾੜੇ ਦੇ ਸਮਾਗਮ ਦਾ ਪੋਸਟਰ ਜਾਰੀ।

ਪ੍ਰਦੀਪ ਚਿੱਜੜ


ਆਕਲੈਂਡ:- 02 ਸਤੰਬਰ 2026

ਵਾਇਕਾਟੋ ਸ਼ਹੀਦ-ਏ-ਆਜ਼ਮ ਭਗਤ ਸਿੰਘ ਸਪੋਰਟਸ ਐਂਡ ਕਲਚਰਲ ਟਰੱਸਟ ਵੱਲੋਂ ਬੀਤੇ ਦਿਨ 126 ਕਾਮਰੀਜ਼ ਰੋਡ, ਚਾਰਟਵੈੱਲ ਚਰਚ, ਹੈਮਿਲਟਨ ਵਿਖੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਪੋਸਟਰ ਜਾਰੀ ਕੀਤਾ ਗਿਆ। ਇਸ ਮੌਕੇ ਆਉਣ ਵਾਲੇ 26 ਸਤੰਬਰ 2026 ਨੂੰ BNZ ਥੀਏਟਰ, ਹੈਮਿਲਟਨ ਵਿਖੇ ਹੋਣ ਵਾਲੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ ਸਾਲਾਨਾ ਜਨਮ ਦਿਹਾੜੇ ਦੇ ਸਮਾਗਮ ਦਾ ਅਧਿਕਾਰਤ ਐਲਾਨ ਕੀਤਾ ਗਿਆ।

ਪੋਸਟਰ ਜਾਰੀ ਸਮਾਗਮ ਵਿੱਚ ਟਰੱਸਟ ਦੇ ਮੈਂਬਰਾਂ, ਕੋਚਾਂ, ਵਲੰਟੀਅਰਾਂ, ਸਮਰਥਕਾਂ ਅਤੇ ਪਰਿਵਾਰਕ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਟਰੱਸਟ ਦੇ ਪ੍ਰਧਾਨ ਜਰਨੈਲ ਸਿੰਘ ਰਾਹੋਂ, ਓਪਰੇਸ਼ਨਜ਼ ਕੋਆਰਡੀਨੇਟਰ ਰਣਜੀਤ ਸਿੰਘ, ਬੋਰਡ ਮੈਂਬਰ ਕਰਮਜੀਤ ਕੌਰ, ਬੋਰਡ ਮੈਂਬਰ ਮਨਦੀਪ ਸਿੰਘ ਬਰਾੜ, ਟੀਨੇਜਰ ਗਿੱਧਾ ਕੋਚ ਹਰਦੀਪਕ ਕੌਰ, ਛੋਟੀਆਂ ਬੱਚੀਆਂ ਦੀ ਗਿੱਧਾ ਕੋਚ ਸ਼ਿਵਾਨੀ ਤੇ ਪਰਮ ਬੋਪਾਰਾਏ ਟਰੱਸਟ ਸਕੱਤਰ ਹਰਗੁਨਜੀਤ ਸਿੰਘ ਅਤੇ ਹੋਰ ਪਰਿਵਾਰਕ ਮੈਂਬਰ ਤੇ ਸਮਰਥਕ ਮੌਜੂਦ ਸਨ।

ਇਸ ਮੌਕੇ ਟਰੱਸਟ ਦੇ ਮੈਂਬਰਾਂ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੀ ਜ਼ਿੰਦਗੀ, ਕੁਰਬਾਨੀ ਅਤੇ ਮਹਾਨ ਵਿਰਾਸਤ ਨੂੰ ਯਾਦ ਕਰਨ ਦੀ ਮਹੱਤਤਾ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਭਗਤ ਸਿੰਘ ਜੀ ਦੇ ਹੌਂਸਲੇ, ਦੇਸ਼-ਪ੍ਰੇਮ, ਬਰਾਬਰੀ ਅਤੇ ਸੇਵਾ ਦੇ ਸੰਦੇਸ਼ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ।

ਵਾਇਕਾਟੋ ਸ਼ਹੀਦ-ਏ-ਆਜ਼ਮ ਭਗਤ ਸਿੰਘ ਸਪੋਰਟਸ ਐਂਡ ਕਲਚਰਲ ਟਰੱਸਟ ਵੱਲੋਂ ਪਿਛਲੇ ਸਮੇਂ ਤੋਂ ਭਾਈਚਾਰੇ ਨੂੰ ਖੇਡਾਂ, ਸੱਭਿਆਚਾਰਕ ਗਤੀਵਿਧੀਆਂ, ਭੰਗੜਾ ਅਤੇ ਗਿੱਧਾ ਕਲਾਸਾਂ, ਪੰਜਾਬੀ ਭਾਸ਼ਾ ਦੀਆਂ ਗਤੀਵਿਧੀਆਂ ਅਤੇ ਵੱਖ-ਵੱਖ ਕਮਿਊਨਿਟੀ ਸਮਾਗਮਾਂ ਨਾਲ ਜੋੜਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।

ਹਰ ਸਾਲ ਮਨਾਇਆ ਜਾਣ ਵਾਲਾ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਨੌਜਵਾਨ ਪੀੜ੍ਹੀ ਨੂੰ ਉਨ੍ਹਾਂ ਦੇ ਜੀਵਨ, ਸੋਚ ਅਤੇ ਕੁਰਬਾਨੀ ਬਾਰੇ ਜਾਣੂ ਕਰਵਾਉਣ ਦੇ ਨਾਲ-ਨਾਲ ਪੰਜਾਬੀ ਸੱਭਿਆਚਾਰ ਅਤੇ ਭਾਈਚਾਰੇ ਨੂੰ ਇਕੱਠਾ ਕਰਨ ਦਾ ਇੱਕ ਮਹੱਤਵਪੂਰਨ ਮੌਕਾ ਵੀ ਪ੍ਰਦਾਨ ਕਰਦਾ ਹੈ।

ਟਰੱਸਟ ਵੱਲੋਂ ਇਸ ਸਾਲ ਦਾ ਸਾਲਾਨਾ ਸਮਾਗਮ 26 ਸਤੰਬਰ 2026 ਨੂੰ BNZ ਥੀਏਟਰ, ਹੈਮਿਲਟਨ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਦੌਰਾਨ ਸਥਾਨਕ ਬੱਚਿਆਂ ਅਤੇ ਨੌਜਵਾਨਾਂ ਵੱਲੋਂ ਵੱਖ-ਵੱਖ ਸੱਭਿਆਚਾਰਕ ਪੇਸ਼ਕਾਰੀਆਂ ਅਤੇ ਪ੍ਰੋਗਰਾਮ ਪੇਸ਼ ਕੀਤੇ ਜਾਣਗੇ, ਜੋ ਉਨ੍ਹਾਂ ਦੀ ਮਿਹਨਤ, ਪ੍ਰਤਿਭਾ ਅਤੇ ਸਮਰਪਣ ਨੂੰ ਦਰਸਾਉਣਗੇ।

ਵਾਇਕਾਟੋ ਸ਼ਹੀਦ-ਏ-ਆਜ਼ਮ ਭਗਤ ਸਿੰਘ ਸਪੋਰਟਸ ਐਂਡ ਕਲਚਰਲ ਟਰੱਸਟ ਵੱਲੋਂ ਸਮੂਹ ਪਰਿਵਾਰਾਂ ਅਤੇ ਕਮਿਊਨਿਟੀ ਮੈਂਬਰਾਂ ਨੂੰ ਇਸ ਵਿਸ਼ੇਸ਼ ਸਮਾਗਮ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੀ ਮਹਾਨ ਵਿਰਾਸਤ ਨੂੰ ਮਿਲ ਕੇ ਯਾਦ ਕਰਨ ਲਈ ਸੱਦਾ ਦਿੱਤਾ ਗਿਆ ਹੈ।