
ਪ੍ਰਦੀਪ ਚਿੱਜੜ
ਆਕਲੈਂਡ:- 17 ਅਗਸਤ 2026
ਆਕਲੈਂਡ ਦੇ $5.5 ਬਿਲੀਅਨ ਦੇ City Rail Link (CRL) ਦੇ 13 ਸਤੰਬਰ ਨੂੰ ਲੋਕਾਂ ਲਈ ਖੁੱਲ੍ਹਣ ਤੋਂ ਪਹਿਲਾਂ ਕੁਈਨ ਸਟ੍ਰੀਟ ’ਤੇ ਕਾਰਾਂ ਦੀ ਆਵਾਜਾਈ ਨੂੰ ਲੈ ਕੇ ਨਵੀਂ ਬਹਿਸ ਛਿੜ ਗਈ ਹੈ। ਟਰਾਂਸਪੋਰਟ ਐਡਵੋਕੇਟਸ ਦਾ ਕਹਿਣਾ ਹੈ ਕਿ ਜੇ ਸ਼ਹਿਰ ਦੇ ਕੇਂਦਰ ਵਿੱਚ ਪੈਦਲ ਯਾਤਰੀਆਂ ਅਤੇ ਜਨਤਕ ਆਵਾਜਾਈ ਨੂੰ ਤਰਜੀਹ ਦੇਣ ਦੀ ਥਾਂ ਮੁੜ ਕਾਰਾਂ ਲਈ ਜਗ੍ਹਾ ਵਧਾਈ ਗਈ ਤਾਂ City Rail Link ਦੇ ਵੱਡੇ ਨਿਵੇਸ਼ ਦਾ ਪੂਰਾ ਲਾਭ ਨਹੀਂ ਮਿਲ ਸਕੇਗਾ।
Auckland Transport ਵੱਲੋਂ ਅਪ੍ਰੈਲ ਤੋਂ ਕੁਈਨ ਸਟ੍ਰੀਟ ’ਤੇ Wakefield Street ਤੋਂ Wellesley Street ਤੱਕ ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਤੱਕ ਕਾਰਾਂ ਨੂੰ ਆਗਿਆ ਦੇਣ ਦੀ ਟ੍ਰਾਇਲ ਚਲਾਈ ਜਾ ਰਹੀ ਹੈ। ਇਹ ਤਬਦੀਲੀ Heart of the City ਵੱਲੋਂ ਜ਼ੋਰਦਾਰ ਢੰਗ ਨਾਲ ਮੰਗੀ ਗਈ ਸੀ। ਸੰਸਥਾ ਦਾ ਕਹਿਣਾ ਹੈ ਕਿ ਕੁਈਨ ਸਟ੍ਰੀਟ ਤੋਂ ਕਾਰਾਂ ਹਟਾਉਣ ਨਾਲ ਇਲਾਕੇ ਦੇ ਕਾਰੋਬਾਰਾਂ ਦੀ ਆਰਥਿਕ ਰਿਕਵਰੀ ਨੂੰ ਨੁਕਸਾਨ ਹੋਇਆ ਅਤੇ ਪੈਦਲ ਆਵਾਜਾਈ ਤੇ ਖਰੀਦਦਾਰੀ ਘਟੀ।
ਦੂਜੇ ਪਾਸੇ, ਸ਼ਹਿਰੀ ਯੋਜਨਾਬੰਦੀ ਨਾਲ ਜੁੜੇ ਲੋਕਾਂ ਦਾ ਤਰਕ ਹੈ ਕਿ City Rail Link ਦੇ ਨਵੇਂ Te Waihorotiu ਸਟੇਸ਼ਨ ਤੋਂ ਵੱਡੀ ਗਿਣਤੀ ਵਿੱਚ ਲੋਕ ਸ਼ਹਿਰ ਦੇ ਕੇਂਦਰ ਵਿੱਚ ਪਹੁੰਚਣਗੇ। ਇਸ ਲਈ ਸੜਕਾਂ ਨੂੰ ਕਾਰਾਂ ਦੀ ਬਜਾਏ ਪੈਦਲ ਯਾਤਰੀਆਂ ਅਤੇ ਜਨਤਕ ਆਵਾਜਾਈ ਲਈ ਵਧੇਰੇ ਸੁਵਿਧਾਜਨਕ ਬਣਾਉਣਾ ਜ਼ਰੂਰੀ ਹੈ।
Greater Auckland ਨਾਲ ਜੁੜੇ Connor Sharp ਨੇ ਕਿਹਾ ਕਿ ਉਹ City Rail Link ਦੇ ਖੁੱਲ੍ਹਣ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਹਨ, ਪਰ ਉਨ੍ਹਾਂ ਦਾ ਮੰਨਣਾ ਹੈ ਕਿ ਹੁਣ ਸਵਾਲ ਇਹ ਹੈ ਕਿ “ਅੱਗੇ ਕੀ?”
ਉਨ੍ਹਾਂ ਮੁਤਾਬਕ ਜੇ ਆਕਲੈਂਡ City Rail Link ਤੋਂ ਵੱਧ ਤੋਂ ਵੱਧ ਫਾਇਦਾ ਲੈਣਾ ਚਾਹੁੰਦਾ ਹੈ ਤਾਂ ਸ਼ਹਿਰ ਦੀਆਂ ਸੜਕਾਂ ਦੀ ਜਗ੍ਹਾ ਨੂੰ ਨਵੇਂ ਟਰਾਂਸਪੋਰਟ ਸਿਸਟਮ ਦੇ ਅਨੁਸਾਰ ਦੁਬਾਰਾ ਤਿਆਰ ਕਰਨਾ ਪਵੇਗਾ। ਉਨ੍ਹਾਂ ਨੇ ਚਿੰਤਾ ਜਤਾਈ ਕਿ ਮੌਜੂਦਾ ਟ੍ਰਾਇਲ ਇਸ ਖੇਤਰ ਵਿੱਚ CRL ਦੇ ਫਾਇਦਿਆਂ ਨੂੰ ਕਮਜ਼ੋਰ ਕਰ ਸਕਦੀ ਹੈ।
ਕਾਰੋਬਾਰਾਂ ਦਾ ਪੱਖ ਵੀ ਗੰਭੀਰ
ਦੂਜੇ ਪਾਸੇ, Queen Street ਅਤੇ St James Theatre ਦੇ ਨੇੜੇ ਕਾਰੋਬਾਰੀ ਸਰਗਰਮੀਆਂ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਕਾਰਾਂ ਦੀ ਆਵਾਜਾਈ ਪੂਰੀ ਤਰ੍ਹਾਂ ਹਟਾਉਣ ਨਾਲ ਇਲਾਕੇ ਵਿੱਚ ਖਾਲੀਪਣ ਪੈਦਾ ਹੋ ਗਿਆ ਸੀ।
St James Theatre ਨੂੰ ਰੀਨੋਵੇਟ ਕਰ ਰਹੇ property developer Steve Bielby ਨੇ ਕਾਰਾਂ ਦੀ ਟ੍ਰਾਇਲ ਦਾ ਸਮਰਥਨ ਕਰਦਿਆਂ ਕਿਹਾ ਕਿ ਵਾਹਨਾਂ ਦੀ ਆਵਾਜਾਈ ਨਾਲ ਇਲਾਕੇ ਵਿੱਚ ਲੋਕਾਂ ਦੀ ਆਵਾਜਾਈ, ਮਾਹੌਲ ਅਤੇ ਸਰਗਰਮੀ ਵਾਪਸ ਆਈ ਹੈ। ਉਨ੍ਹਾਂ ਦਾ ਤਰਕ ਹੈ ਕਿ ਕਾਰਾਂ ਹਟਾਉਣ ਤੋਂ ਬਾਅਦ ਕਈ ਕਾਰੋਬਾਰ ਬੰਦ ਹੋਏ ਅਤੇ ਖਾਲੀ ਦੁਕਾਨਾਂ ਦੀ ਸਮੱਸਿਆ ਵਧੀ।
Heart of the City ਦੀ Chief Executive Viv Beck ਨੇ RNZ ਨੂੰ ਇੰਟਰਵਿਊ ਨਹੀਂ ਦਿੱਤੀ, ਪਰ ਬਿਆਨ ਵਿੱਚ ਕਿਹਾ ਕਿ ਕਾਰੋਬਾਰਾਂ ਅਤੇ ਸ਼ਹਿਰ ਆਉਣ ਵਾਲੇ ਲੋਕਾਂ ਤੋਂ ਮਿਲ ਰਹੀ ਫੀਡਬੈਕ ਮੁਤਾਬਕ Queen Street ਦਾ ਮੌਜੂਦਾ Authorised Vehicle Zone ਉਲਝਣ ਪੈਦਾ ਕਰਦਾ ਹੈ ਅਤੇ ਪੈਦਲ ਆਵਾਜਾਈ ਤੇ ਖਰਚੇ ਨੂੰ ਘਟਾਉਂਦਾ ਹੈ।
ਹੁਣ ਫੈਸਲਾ ਕਿਸ ਪਾਸੇ?
Auckland Transport ਦਾ ਕਹਿਣਾ ਹੈ ਕਿ ਟ੍ਰਾਇਲ ਤਿਆਰ ਕਰਦੇ ਸਮੇਂ ਕਾਰੋਬਾਰੀਆਂ, ਲੋਕਾਂ ਅਤੇ ਵੱਖ-ਵੱਖ ਕਮਿਊਨਿਟੀ ਗਰੁੱਪਾਂ ਦੀ ਰਾਏ ਲਈ ਗਈ ਸੀ। AT ਮੁਤਾਬਕ ਹੁਣ ਤੱਕ ਟ੍ਰਾਇਲ ਦੇ ਨਤੀਜੇ ਸਕਾਰਾਤਮਕ ਰਹੇ ਹਨ ਅਤੇ ਪੈਦਲ ਯਾਤਰੀਆਂ ਦੀ ਸੁਰੱਖਿਆ ਸਬੰਧੀ ਕੋਈ ਵੱਡੀ ਸਮੱਸਿਆ ਸਾਹਮਣੇ ਨਹੀਂ ਆਈ।
ਪਰ City Rail Link ਦੇ ਖੁੱਲ੍ਹਣ ਨਾਲ ਕੁਈਨ ਸਟ੍ਰੀਟ ਦਾ ਭਵਿੱਖ ਹੁਣ ਹੋਰ ਵੀ ਮਹੱਤਵਪੂਰਨ ਹੋ ਗਿਆ ਹੈ। ਇੱਕ ਪਾਸੇ ਕਾਰੋਬਾਰੀ ਗਾਹਕਾਂ ਦੀ ਪਹੁੰਚ ਅਤੇ ਵਪਾਰ ਨੂੰ ਬਚਾਉਣ ਦੀ ਮੰਗ ਕਰ ਰਹੇ ਹਨ, ਜਦਕਿ ਦੂਜੇ ਪਾਸੇ ਟਰਾਂਸਪੋਰਟ ਐਡਵੋਕੇਟਸ ਦਾ ਕਹਿਣਾ ਹੈ ਕਿ ਆਕਲੈਂਡ ਨੂੰ ਹੁਣ ਕਾਰ-ਕੇਂਦਰਿਤ ਸ਼ਹਿਰ ਦੀ ਬਜਾਏ ਪੈਦਲ ਯਾਤਰੀਆਂ ਅਤੇ ਜਨਤਕ ਆਵਾਜਾਈ ਨੂੰ ਤਰਜੀਹ ਦੇਣ ਵਾਲੇ ਆਧੁਨਿਕ ਸ਼ਹਿਰ ਵੱਲ ਵਧਣਾ ਚਾਹੀਦਾ ਹੈ।


