ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਸਿਲਵੀਆ ਪਾਰਕ Mall ਵਿੱਚ ਗੋਲੀਆਂ ਦੀ ਆਵਾਜ਼ ਨਾਲ ਦਹਿਸ਼ਤ, ਪੁਲਿਸ ਦੀ ਕਾਰਵਾਈ ਦੌਰਾਨ ਇੱਕ ਵਿਅਕਤੀ ਦੀ ਮੌਤ।

ਪ੍ਰਦੀਪ ਚਿੱਜੜ
ਆਕਲੈਂਡ:- 13 ਅਗਸਤ 2026

ਆਕਲੈਂਡ ਦੇ  ਸਿਲਵੀਆ ਪਾਰਕ ਮਾਲ ਵਿੱਚ ਅੱਜ (ਵੀਰਵਾਰ ) ਦੁਪਹਿਰ ਗੋਲੀਆਂ ਚੱਲਣ ਦੀਆਂ ਰਿਪੋਰਟਾਂ ਤੋਂ ਬਾਅਦ ਹੜਕੰਪ ਮਚ ਗਿਆ। ਸੁਰੱਖਿਆ ਦੇ ਮੱਦੇਨਜ਼ਰ ਮਾਲ ਨੂੰ ਕੁਝ ਸਮੇਂ ਲਈ ਲੌਕਡਾਊਨ ਕਰ ਦਿੱਤਾ ਗਿਆ। ਪੁਲਿਸ ਨੇ ਬਾਅਦ ਵਿੱਚ ਪੁਸ਼ਟੀ ਕੀਤੀ ਕਿ ਘਟਨਾ ਖਤਮ ਹੋ ਚੁੱਕੀ ਹੈ ਅਤੇ ਇਸ ਸਮੇਂ ਲੋਕਾਂ ਲਈ ਕੋਈ ਖ਼ਤਰਾ ਨਹੀਂ ਹੈ।
ਚਸ਼ਮਦੀਦਾਂ ਮੁਤਾਬਕ, ਪੁਲਿਸ ਇੱਕ ਚਿੱਟੀ Suzuki Swift ਦਾ ਪਿੱਛਾ ਕਰ ਰਹੀ ਸੀ। ਇੱਕ ਗਵਾਹ ਨੇ ਦੱਸਿਆ ਕਿ McDonald’s Mt Wellington ਨੇੜੇ ਪੁਲਿਸ ਦੀਆਂ 20 ਤੋਂ ਵੱਧ ਗੱਡੀਆਂ ਅਤੇ Eagle ਹੈਲੀਕਾਪਟਰ ਪਿੱਛਾ ਕਰ ਰਹੇ ਸਨ।
ਜਾਣਕਾਰੀ ਮੁਤਾਬਕ ਗੱਡੀ Sylvia Park ਦੇ ਬਾਹਰ ਟ੍ਰੈਫਿਕ ਆਇਲੈਂਡ ’ਤੇ ਫਸ ਗਈ। ਇਸ ਤੋਂ ਬਾਅਦ ਗੱਡੀ ਵਿੱਚੋਂ ਇੱਕ ਵਿਅਕਤੀ ਹਥਿਆਰ ਲੈ ਕੇ ਮਾਲ ਵੱਲ ਦੌੜਿਆ, ਜਿਸ ਦੇ ਪਿੱਛੇ ਹਥਿਆਰਬੰਦ ਪੁਲਿਸ ਅਧਿਕਾਰੀ ਵੀ ਦੌੜੇ।
ਇੱਕ ਹੋਰ ਚਸ਼ਮਦੀਦ  ਨੇ ਦੱਸਿਆ ਕਿ ਉਸ ਨੇ ਇੱਕ ਵਿਅਕਤੀ ਨੂੰ ਪਿਸਤੌਲ ਵਰਗਾ ਹਥਿਆਰ ਲੈ ਕੇ ਭੱਜਦੇ ਦੇਖਿਆ। ਉਸ ਦੇ ਪਿੱਛੇ ਲਗਭਗ ਅੱਠ ਹਥਿਆਰਬੰਦ ਪੁਲਿਸ ਅਧਿਕਾਰੀ ਸਨ। ਗਵਾਹ ਦੇ ਮੁਤਾਬਕ, ਇਸ ਤੋਂ ਬਾਅਦ ਤਿੰਨ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ।
ਪੁਲਿਸ ਨੇ ਇਲਾਕੇ ਨੂੰ ਘੇਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇੱਕ ਵਿਅਕਤੀ ਦੀ ਮੌਤ ਹੋਣ ਦੀ ਰਿਪੋਰਟ ਹੈ, ਹਾਲਾਂਕਿ ਘਟਨਾ ਨਾਲ ਜੁੜੀਆਂ ਸਾਰੀਆਂ ਸਥਿਤੀਆਂ ਬਾਰੇ ਅਧਿਕਾਰਤ ਜਾਂਚ ਜਾਰੀ ਹੈ।
ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ Sylvia Park ਅਤੇ ਘਟਨਾ ਵਾਲੇ ਇਲਾਕੇ ਤੋਂ ਦੂਰ ਰਹਿਣ, ਕਿਉਂਕਿ ਇਲਾਕੇ ਵਿੱਚ ਪੁਲਿਸ ਦੀ ਮੌਜੂਦਗੀ ਅਜੇ ਵੀ ਜਾਰੀ ਰਹੇਗੀ।