ਨਿਊਜ਼ੀਲੈਂਡ ਦੇ ਕ੍ਰਾਈਮਜ਼ ਐਕਟ ਵਿੱਚ ਸੋਧ , ਮਿਲੀ ਕਾਨੂੰਨੀ ਮਨਜ਼ੂਰੀ।

ਪ੍ਰਦੀਪ ਚਿੱਜੜ
ਆਕਲੈਂਡ:- 17 ਅਗਸਤ  2026

ਨਿਊਜ਼ੀਲੈਂਡ ਸਰਕਾਰ ਵੱਲੋਂ ਕਾਨੂੰਨ-ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਲਿਆਂਦਾ ਗਿਆ ਕ੍ਰਾਈਮਜ਼ ਅਮੈਂਡਮੈਂਟ ਬਿੱਲ 7 ਅਗਸਤ 2026 ਨੂੰ ਅੰਤਿਮ ਪੜਾਅ ਪਾਰ ਕਰਕੇ Crimes Amendment Act 2026 ਵਜੋਂ ਕਾਨੂੰਨ ਬਣ ਗਿਆ ਹੈ। ਇਹ ਕਾਨੂੰਨ ਜਸਟਿਸ ਮੰਤਰੀ ਪੌਲ ਗੋਲਡਸਮਿਥ ਵੱਲੋਂ ਪੇਸ਼ ਕੀਤਾ ਗਿਆ ਸੀ।
ਨਵੇਂ ਕਾਨੂੰਨ ਤਹਿਤ ਨਾਗਰਿਕਾਂ ਵੱਲੋਂ ਗ੍ਰਿਫ਼ਤਾਰੀ (Citizen’s Arrest) ਅਤੇ ਜਾਇਦਾਦ ਦੀ ਰੱਖਿਆ ਨਾਲ ਸਬੰਧਤ ਨਿਯਮਾਂ ਨੂੰ ਸਪੱਸ਼ਟ ਤੇ ਅਪਡੇਟ ਕੀਤਾ ਗਿਆ ਹੈ।
ਇਸ ਤੋਂ ਇਲਾਵਾ ‘ਕਾਊਵਰਡ ਪੰਚ’ ਵਰਗੇ ਅਚਾਨਕ ਕੀਤੇ ਗੰਭੀਰ ਹਮਲਿਆਂ ਅਤੇ ਪੁਲਿਸ, ਫਾਇਰਫਾਈਟਰਾਂ, ਐਂਬੂਲੈਂਸ ਕਰਮਚਾਰੀਆਂ ਤੇ ਜੇਲ੍ਹ ਅਧਿਕਾਰੀਆਂ ਨੂੰ ਡਿਊਟੀ ਦੌਰਾਨ ਨਿਸ਼ਾਨਾ ਬਣਾਉਣ ਵਾਲੇ ਹਮਲਿਆਂ ਲਈ ਵਿਸ਼ੇਸ਼ ਅਪਰਾਧਿਕ ਪ੍ਰਬੰਧ ਕੀਤੇ ਗਏ ਹਨ।
ਚੋਰੀ ਅਤੇ ਰਿਟੇਲ ਕ੍ਰਾਈਮ ਨਾਲ ਨਜਿੱਠਣ ਲਈ ਜੁਰਮਾਨਿਆਂ ਅਤੇ ਰਕਮ ਦੀਆਂ ਹੱਦਾਂ ਵਿੱਚ ਵੀ ਤਬਦੀਲੀਆਂ ਕੀਤੀਆਂ ਗਈਆਂ ਹਨ। ਦੁਕਾਨਾਂ ਵਿੱਚ ਹੋਣ ਵਾਲੀਆਂ ਚੋਰੀਆਂ ਨੂੰ ਰੋਕਣ ਲਈ ਨਵੇਂ ਪ੍ਰਬੰਧ ਵੀ ਲਾਗੂ ਕੀਤੇ ਗਏ ਹਨ।
ਮਨੁੱਖੀ ਤਸਕਰੀ ਅਤੇ ਗੁਲਾਮੀ ਨਾਲ ਜੁੜੇ ਅਪਰਾਧਾਂ ਲਈ ਵੱਧ ਤੋਂ ਵੱਧ ਸਜ਼ਾਵਾਂ ਸਖ਼ਤ ਕੀਤੀਆਂ ਗਈਆਂ ਹਨ, ਖ਼ਾਸ ਕਰਕੇ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਨਾਲ ਸਬੰਧਤ ਮਾਮਲਿਆਂ ਵਿੱਚ।
ਇਸ ਕਾਨੂੰਨ ਵਿੱਚ ਬੱਚਿਆਂ ਦੇ ਸ਼ੋਸ਼ਣ ਵਿਰੁੱਧ ਗੁਪਤ ਕਾਰਵਾਈਆਂ ਕਰਨ ਵਾਲੇ ਪੁਲਿਸ ਅਧਿਕਾਰੀਆਂ ਲਈ ਕਾਨੂੰਨੀ ਸੁਰੱਖਿਆ ਦੇ ਪ੍ਰਬੰਧ ਵੀ ਸ਼ਾਮਲ ਹਨ।
ਸਰਕਾਰ ਮੁਤਾਬਕ ਇਨ੍ਹਾਂ ਤਬਦੀਲੀਆਂ ਦਾ ਮੁੱਖ ਉਦੇਸ਼ ਗੰਭੀਰ ਅਪਰਾਧਾਂ ਵਿਰੁੱਧ ਕਾਰਵਾਈ ਨੂੰ ਮਜ਼ਬੂਤ ਕਰਨਾ ਅਤੇ ਨਿਊਜ਼ੀਲੈਂਡ ਵਿੱਚ ਕਾਨੂੰਨ-ਵਿਵਸਥਾ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਾ ਹੈ।