ਏਅਰ ਇੰਡੀਆ ਦੀ ਫਲਾਈਟ ਨੂੰ ਹਵਾ ਵਿੱਚ  36,000 feet  ਦੀ ਉਚਾਈ ਤੇ ਲੱਗਿਆ ਭਿਆਨਕ ਝਟਕਾ, 300–400 ਫੁੱਟ ਅਚਾਨਕ ਹੇਠਾਂ ਆਈ; 17 ਜ਼ਖ਼ਮੀ।

ਪ੍ਰਦੀਪ ਚਿੱਜੜ
ਆਕਲੈਂਡ:- 5 ਅਗਸਤ 2026

ਨਵੀਂ ਦਿੱਲੀ/ਫੂਕੇਟ: ਥਾਈਲੈਂਡ ਦੇ ਫੂਕੇਟ ਤੋਂ ਨਵੀਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਫਲਾਈਟ AI2379 ਮੰਗਲਵਾਰ, 4 ਅਗਸਤ 2026 ਨੂੰ ਉਡਾਣ ਦੌਰਾਨ ਭਿਆਨਕ ਟਰਬੂਲੈਂਸ ਦੀ ਚਪੇਟ ਵਿੱਚ ਆ ਗਈ। ਇਸ ਦੌਰਾਨ ਜਹਾਜ਼ ਅਚਾਨਕ ਕਰੀਬ 300 ਤੋਂ 400 ਫੁੱਟ ਹੇਠਾਂ ਆ ਗਿਆ, ਜਿਸ ਨਾਲ ਜਹਾਜ਼ ਅੰਦਰ ਹੜਕੰਪ ਮਚ ਗਿਆ ਅਤੇ ਕਈ ਯਾਤਰੀ ਆਪਣੀਆਂ ਸੀਟਾਂ ਤੋਂ ਉੱਛਲ ਗਏ।
ਏਅਰਬੱਸ A320 ਜਹਾਜ਼ ਵਿੱਚ 137 ਯਾਤਰੀ ਅਤੇ 8 ਕਰੂ ਮੈਂਬਰ ਸਵਾਰ ਸਨ। ਇਸ ਘਟਨਾ ਵਿੱਚ 17 ਲੋਕ ਜ਼ਖ਼ਮੀ ਹੋਏ, ਜਿਨ੍ਹਾਂ ਵਿੱਚ ਯਾਤਰੀਆਂ ਦੇ ਨਾਲ ਕੈਬਿਨ ਕਰੂ ਮੈਂਬਰ ਵੀ ਸ਼ਾਮਲ ਹਨ। ਕੁਝ ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਦਕਿ ਸਾਰਿਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਪਾਇਲਟ ਨੇ ਸੂਝਬੂਝ ਨਾਲ ਹਾਲਾਤਾਂ ਨੂੰ ਕਾਬੂ ਵਿੱਚ ਰੱਖਦੇ ਹੋਏ ਜਹਾਜ਼ ਨੂੰ ਸਵੇਰੇ ਕਰੀਬ 11:07 ਵਜੇ ਇੰਦਿਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ, ਦਿੱਲੀ ‘ਤੇ ਸੁਰੱਖਿਅਤ ਉਤਾਰ ਲਿਆ। ਜਹਾਜ਼ ਦੇ ਉਤਰਦੇ ਹੀ ਮੈਡੀਕਲ ਟੀਮਾਂ ਨੇ ਜ਼ਖ਼ਮੀਆਂ ਨੂੰ ਤੁਰੰਤ ਇਲਾਜ ਮੁਹੱਈਆ ਕਰਵਾਇਆ।
ਘਟਨਾ ਤੋਂ ਬਾਅਦ ਭਾਰਤ ਦੇ ਡੀਜੀਸੀਏ (DGCA) ਅਤੇ ਨਾਗਰਿਕ ਹਵਾਬਾਜ਼ੀ ਮੰਤਰਾਲੇ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ। ਜਾਂਚ ਲਈ ਜਹਾਜ਼ ਦੇ ਫਲਾਈਟ ਡਾਟਾ ਰਿਕਾਰਡਰ ਅਤੇ ਕਾਕਪਿਟ ਵੌਇਸ ਰਿਕਾਰਡਰ ਨੂੰ ਸੁਰੱਖਿਅਤ ਕਰ ਲਿਆ ਗਿਆ ਹੈ।