
ਪ੍ਰਦੀਪ ਚਿੱਜੜ
ਆਕਲੈਂਡ:- 15 ਅਗਸਤ 2026
ਪੂਰਬੀ ਇੰਡੋਨੇਸ਼ੀਆ ਦੇ ਫਲੋਰੇਸ ਟਾਪੂ ਨੇੜੇ ਅੱਜ ਤੜਕੇ 7.8 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ ਆਇਆ। ਭੂਚਾਲ ਤੋਂ ਬਾਅਦ ਇੰਡੋਨੇਸ਼ੀਆ ਦੀ ਮੌਸਮ, ਜਲਵਾਯੂ ਅਤੇ ਭੂ-ਭੌਤਿਕੀ ਏਜੰਸੀ ਵੱਲੋਂ ਦੇਸ਼ ਦੇ ਕੁਝ ਇਲਾਕਿਆਂ ਲਈ ਸੁਨਾਮੀ ਦੀ ਸ਼ੁਰੂਆਤੀ ਚੇਤਾਵਨੀ ਜਾਰੀ ਕੀਤੀ ਗਈ।
ਜੀਓਸਾਇੰਸ ਆਸਟ੍ਰੇਲੀਆ ਮੁਤਾਬਕ ਭੂਚਾਲ ਦੀ ਤੀਬਰਤਾ 7.8 ਮਾਪੀ ਗਈ। ਯੂਰਪੀ-ਮੈਡੀਟਰੇਨੀਅਨ ਭੂਚਾਲ ਵਿਗਿਆਨ ਕੇਂਦਰ (EMSC) ਅਨੁਸਾਰ ਭੂਚਾਲ ਸਥਾਨਕ ਸਮੇਂ ਅਨੁਸਾਰ ਸਵੇਰੇ 5 ਵਜੇ ਤੋਂ ਕੁਝ ਪਹਿਲਾਂ ਆਇਆ ਅਤੇ ਇਸ ਦੀ ਗਹਿਰਾਈ ਲਗਭਗ 35 ਕਿਲੋਮੀਟਰ ਸੀ।
ਭੂਚਾਲ ਦਾ ਕੇਂਦਰ ਪੂਰਬੀ ਨੁਸਾ ਤੇਂਗਾਰਾ ਸੂਬੇ ਦੇ ਸ਼ਹਿਰ ਐਂਡੇ ਤੋਂ ਲਗਭਗ 68 ਕਿਲੋਮੀਟਰ ਉੱਤਰ-ਉੱਤਰ-ਪੱਛਮ ਵੱਲ ਦੱਸਿਆ ਗਿਆ ਹੈ। ਭੂਚਾਲ ਤੋਂ ਬਾਅਦ ਕਈ ਝਟਕੇ ਵੀ ਮਹਿਸੂਸ ਕੀਤੇ ਗਏ।
ਫਿਲਹਾਲ ਕਿਸੇ ਵੱਡੇ ਜਾਨੀ ਨੁਕਸਾਨ ਜਾਂ ਭਾਰੀ ਤਬਾਹੀ ਦੀ ਤੁਰੰਤ ਰਿਪੋਰਟ ਨਹੀਂ ਮਿਲੀ। ਇਸ ਦੌਰਾਨ ਆਸਟ੍ਰੇਲੀਆ ਦੇ ਸੁਨਾਮੀ ਚੇਤਾਵਨੀ ਕੇਂਦਰ ਨੇ ਸਪੱਸ਼ਟ ਕੀਤਾ ਹੈ ਕਿ ਆਸਟ੍ਰੇਲੀਆ ਲਈ ਸੁਨਾਮੀ ਦਾ ਕੋਈ ਖਤਰਾ ਨਹੀਂ ਹੈ।


