ਪ੍ਰਦੀਪ ਚਿੱਜੜ
ਆਕਲੈਂਡ:- 27 ਮਾਰਚ 2026
ਨਿਊਜ਼ੀਲੈਂਡ ਸਰਕਾਰ ਨੇ ਫਿਊਲ ਸੁਰੱਖਿਆ ਨਾਲ ਜੁੜੇ ਖਤਰਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਨਿਊਜ਼ੀਲੈਂਡ ਦੀ ਪ੍ਰਤੀਕਿਰਿਆ ਨੂੰ ਦਰਸਾਉਣ ਲਈ ਚਾਰ ਨਵੇਂ ਫੇਜ਼ਾਂ ਦਾ ਐਲਾਨ ਕੀਤਾ ਹੈ, ਨਾਲ ਹੀ ਛੇ ਮਾਪਦੰਡ ਵੀ ਦਿੱਤੇ ਹਨ ਜਿਨ੍ਹਾਂ ਦੇ ਆਧਾਰ ‘ਤੇ ਫੇਜ਼ ਉੱਪਰ ਜਾਂ ਹੇਠਾਂ ਕੀਤਾ ਜਾਵੇਗਾ।
ਵਿੱਤ ਮੰਤਰੀ ਨਿਕੋਲਾ ਵਿਲਿਸ ਨੇ ਅੱਜ ਦੁਪਹਿਰ ਐਸੋਸੀਏਟ ਊਰਜਾ ਮੰਤਰੀ ਸ਼ੇਨ ਜੋਨਸ ਨਾਲ ਮਿਲ ਕੇ ਇਹ ਬਦਲਾਅ ਐਲਾਨੇ। ਪਹਿਲੇ ਫੇਜ਼ ਵਿੱਚ ਦੁਨੀਆ ਭਰ ਦੇ ਹਾਲਾਤਾਂ ‘ਤੇ ਨਜ਼ਰ ਰੱਖਣਾ, ਪਾਬੰਦੀਆਂ ਵਿੱਚ ਢਿੱਲ ਦੇਣਾ (ਜਿਵੇਂ ਫਿਊਲ ਦੇ ਮਿਆਰ ਬਦਲਣਾ), ਲੋਕਾਂ ਨੂੰ ਜਾਣਕਾਰੀ ਦੇਣਾ ਤਾਂ ਜੋ ਉਹ ਖੁਦ ਫਿਊਲ ਦੀ ਵਰਤੋਂ ਘਟਾਉਣ ਲਈ ਕਦਮ ਚੁੱਕ ਸਕਣ, ਅਤੇ ਫਿਊਲ ਕੰਪਨੀਆਂ ਨਾਲ ਮਿਲ ਕੇ ਦੇਸ਼ ਭਰ ਵਿੱਚ ਫਿਊਲ ਦੀ ਸੁਚੱਜੀ ਸਪਲਾਈ ਯਕੀਨੀ ਬਣਾਉਣਾ।
ਇਸ ਵੇਲੇ ਨਿਊਜ਼ੀਲੈਂਡ ਪਹਿਲੇ ਫੇਜ਼ ਵਿੱਚ ਹੈ ਅਤੇ ਇਹ ਉਹ ਕਦਮ ਦਰਸਾਉਂਦਾ ਹੈ ਜੋ ਸਰਕਾਰ ਪਿਛਲੇ ਕੁਝ ਹਫਤਿਆਂ ਵਿੱਚ ਲੈ ਰਹੀ ਹੈ। ਦੂਜੇ ਫੇਜ਼ ਵਿੱਚ ਸਰਕਾਰ ਅਤੇ ਉਦਯੋਗ ਵਿਚਕਾਰ ਹੋਰ ਸਰਗਰਮ ਸਹਿਯੋਗ ਹੋਵੇਗਾ, ਜਿਸ ਦਾ ਮਕਸਦ ਫਿਊਲ ਦੀ ਸਪਲਾਈ ਮਜ਼ਬੂਤ ਕਰਨਾ ਅਤੇ ਮੰਗ ਘਟਾਉਣ ਦੀ ਕੋਸ਼ਿਸ਼ਾਂ ਨੂੰ ਸਹਿਯੋਗ ਦੇਣਾ ਹੈ।
ਇਸ ਵਿੱਚ ਘਰਾਂ ਅਤੇ ਕਾਰੋਬਾਰਾਂ ਨੂੰ ਫਿਊਲ ਬਚਤ ਦੇ ਉਪਾਅ ਅਪਣਾਉਣ ਲਈ ਹੋਰ ਪ੍ਰੇਰਿਤ ਕਰਨਾ ਅਤੇ ਜਿੱਥੇ ਸੰਭਵ ਹੋਵੇ, ਸਰਕਾਰੀ ਖੇਤਰ ਵਿੱਚ ਫਿਊਲ ਦੀ ਵਰਤੋਂ ਘਟਾਉਣਾ ਵੀ ਸ਼ਾਮਲ ਹੋਵੇਗਾ।
ਤੀਸਰੇ ਅਤੇ ਚੌਥੇ ਫੇਜ਼ ਵਿੱਚ ਹੋਰ ਕੜੇ ਕਦਮ ਲਏ ਜਾਣਗੇ। ਇਸ ਵਿੱਚ ਐਮਰਜੈਂਸੀ ਸੇਵਾਵਾਂ, ਆਵਾਜਾਈ (ਫ੍ਰੇਟ), ਖਾਣ-ਪੀਣ ਦੀ ਸਪਲਾਈ ਚੇਨ ਅਤੇ ਅਰਥਵਿਵਸਥਾ ਲਈ ਮਹੱਤਵਪੂਰਨ ਉਦਯੋਗਾਂ ਨੂੰ ਫਿਊਲ ਵਿੱਚ ਤਰਜੀਹ ਦੇਣਾ ਸ਼ਾਮਲ ਹੈ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਹਰ ਸੰਭਾਵਨਾ ਲਈ ਤਿਆਰ ਰਹਿਣਾ ਜ਼ਰੂਰੀ ਹੈ।



