ਪ੍ਰਦੀਪ ਚਿੱਜੜ
ਆਕਲੈਂਡ:- 16 ਜੁਲਾਈ 2026
ਨਿਊਜ਼ੀਲੈਂਡ ਵਿੱਚ ਪਹਿਲੀ ਵਾਰ ਬਹੁਤ ਹੀ ਛੂਤਕਾਰੀ ਐਚ-5 ਐਨ-1 (H5N1) ਬਰਡ ਫਲੂ ਦੇ ਮਾਮਲੇ ਦੀ ਪੁਸ਼ਟੀ ਹੋਈ ਹੈ। ਇਹ ਵਾਇਰਸ ਵੈਲਿੰਗਟਨ ਦੇ ਪੇਟੋਨੇ ਬੀਚ ‘ਤੇ ਮਿਲੇ ਇੱਕ ਬ੍ਰਾਊਨ ਸਕੂਆ (ਸਮੁੰਦਰੀ ਪੰਛੀ) ਵਿੱਚ ਪਾਇਆ ਗਿਆ ਹੈ।
ਬੁੱਧਵਾਰ ਸ਼ਾਮ ਬਾਇਓਸਿਕਿਉਰਿਟੀ ਮੰਤਰੀ ਐਂਡਰੂ ਹੋਗਾਰਡ ਨੇ ਕਿਹਾ ਕਿ ਇਹ ਮਨੁੱਖੀ ਸਿਹਤ ਲਈ ਕੋਈ ਵੱਡਾ ਖਤਰਾ ਨਹੀਂ ਹੈ ਅਤੇ ਚੰਗੀ ਤਰ੍ਹਾਂ ਪਕਾਏ ਗਏ ਚਿਕਨ ਅਤੇ ਅੰਡੇ ਖਾਣ ਲਈ ਸੁਰੱਖਿਅਤ ਹਨ।
ਉਨ੍ਹਾਂ ਕਿਹਾ ਕਿ ਮਿਨਿਸਟਰੀ ਫਾਰ ਪ੍ਰਾਈਮਰੀ ਇੰਡਸਟਰੀਜ਼ (MPI) ਅਤੇ ਪੋਲਟਰੀ ਉਦਯੋਗ ਨੇ H5N1 ਦੇ ਨਿਊਜ਼ੀਲੈਂਡ ਪਹੁੰਚਣ ਤੋਂ ਪਹਿਲਾਂ ਹੀ ਵਿਆਪਕ ਤਿਆਰੀਆਂ ਕਰ ਲਈਆਂ ਸਨ। ਹਾਲਾਂਕਿ ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਇਹ ਵਾਇਰਸ ਕਿਸੇ ਮੁਰਗੀ ਫਾਰਮ ਵਿੱਚ ਦਾਖਲ ਹੋ ਗਿਆ ਤਾਂ 95 ਤੋਂ 100 ਫ਼ੀਸਦੀ ਤੱਕ ਮੁਰਗੀਆਂ ਦੀ ਮੌਤ ਹੋ ਸਕਦੀ ਹੈ।
ਮਿਲਿਆ ਹੋਇਆ ਸਮੁੰਦਰੀ ਪੰਛੀ ਬਿਮਾਰ ਨਹੀਂ ਦਿਖਾਈ ਦੇ ਰਿਹਾ ਸੀ, ਪਰ ਉਹ ਲੋਕਾਂ ਨੂੰ ਆਪਣੇ ਨੇੜੇ ਆਉਣ ਦੇ ਰਿਹਾ ਸੀ, ਜਿਸ ਕਾਰਨ ਸ਼ੱਕ ਹੋਇਆ। ਇਹ ਪੰਛੀ 10 ਜੁਲਾਈ ਨੂੰ ਮਿਲਿਆ ਸੀ ਅਤੇ ਦੋ ਦਿਨ ਪਹਿਲਾਂ ਇਸ ਦੀ ਜਾਂਚ ਵਿੱਚ H5N1 ਦੀ ਪੁਸ਼ਟੀ ਹੋਈ।
ਮੰਤਰੀ ਹੋਗਾਰਡ ਨੇ ਕਿਹਾ ਕਿ ਇਸ ਵੇਲੇ ਇਹ ਇੱਕ ਇਕੱਲੇ ਸਮੁੰਦਰੀ ਪੰਛੀ ਦਾ ਮਾਮਲਾ ਹੈ ਅਤੇ ਨਿਊਜ਼ੀਲੈਂਡ ਦੇ ਜੰਗਲੀ ਪੰਛੀਆਂ ਵਿੱਚ ਵੱਡੇ ਪੱਧਰ ‘ਤੇ ਮੌਤਾਂ ਜਾਂ ਆਪਸੀ ਫੈਲਾਅ ਦੇ ਕੋਈ ਸਬੂਤ ਨਹੀਂ ਮਿਲੇ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਹੁਣ ਤੱਕ ਕਿਸੇ ਵੀ ਪੋਲਟਰੀ ਫਾਰਮ ਵਿੱਚ ਇਹ ਵਾਇਰਸ ਨਹੀਂ ਮਿਲਿਆ।
H5N1 ਵਾਇਰਸ ਦੁਨੀਆ ਦੇ ਕਈ ਦੇਸ਼ਾਂ ਵਿੱਚ ਫੈਲ ਚੁੱਕਾ ਹੈ ਅਤੇ ਲੱਖਾਂ ਮੁਰਗੀਆਂ, ਬੱਤਖਾਂ ਅਤੇ ਟਰਕੀਆਂ ਦੀ ਮੌਤ ਦਾ ਕਾਰਨ ਬਣਿਆ ਹੈ। ਸੰਕਰਮਿਤ ਪੰਛੀ ਬਹੁਤ ਜਲਦੀ ਗੰਭੀਰ ਰੂਪ ਵਿੱਚ ਬਿਮਾਰ ਹੋ ਜਾਂਦੇ ਹਨ ਅਤੇ ਅਕਸਰ ਮਰ ਜਾਂਦੇ ਹਨ।
ਹੋਗਾਰਡ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਪੋਲਟਰੀ ਉਦਯੋਗ ਨੇ ਇਸ ਬਿਮਾਰੀ ਨਾਲ ਨਜਿੱਠਣ ਲਈ ਸਖ਼ਤ ਬਾਇਓਸਿਕਿਉਰਿਟੀ ਉਪਾਅ ਅਪਣਾਏ ਹਨ ਅਤੇ ਨਿਊਜ਼ੀਲੈਂਡ ਨੂੰ ਵੀ ਇਹੀ ਰਾਹ ਅਪਣਾਉਣਾ ਹੋਵੇਗਾ। ਜੇ ਕਿਸੇ ਫਾਰਮ ਵਿੱਚ ਵਾਇਰਸ ਦਾਖਲ ਹੋ ਜਾਵੇ ਤਾਂ ਪੂਰੇ ਫਾਰਮ ਨੂੰ ਸਾਫ਼ ਅਤੇ ਰੋਗਾਣੂ-ਮੁਕਤ ਕਰਨ ਤੋਂ ਬਾਅਦ ਹੀ ਦੁਬਾਰਾ ਮੁਰਗੀਆਂ ਰੱਖੀਆਂ ਜਾ ਸਕਣਗੀਆਂ।
ਮਾਹਿਰਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਆਪਣੇ ਕੁੱਤਿਆਂ, ਬਿੱਲੀਆਂ ਅਤੇ ਹੋਰ ਪਾਲਤੂ ਜਾਨਵਰਾਂ ਨੂੰ ਬਿਮਾਰ ਜਾਂ ਮਰੇ ਹੋਏ ਪੰਛੀਆਂ ਤੋਂ ਦੂਰ ਰੱਖਣ। ਜੇ ਜਾਨਵਰ ਸੰਕਰਮਿਤ ਪੰਛੀਆਂ ਦੀਆਂ ਲਾਸ਼ਾਂ ਖਾ ਲੈਂਦੇ ਹਨ ਤਾਂ ਉਹ ਵੀ ਇਸ ਵਾਇਰਸ ਨਾਲ ਸੰਕਰਮਿਤ ਹੋ ਸਕਦੇ ਹਨ। ਸਮੁੰਦਰੀ ਸਤੰਧਰੀ ਜੀਵ, ਜਿਵੇਂ ਕਿ ਸੀਲ, ਵੀ ਇਸ ਦੀ ਲਪੇਟ ਵਿੱਚ ਆ ਸਕਦੇ ਹਨ।
ਡਿਪਾਰਟਮੈਂਟ ਆਫ਼ ਕਨਜ਼ਰਵੇਸ਼ਨ (DOC) ਦੀ ਸੁਲਿਆਨਾ ਟੀਸਡੇਲ ਨੇ ਕਿਹਾ ਕਿ ਅਜੇ ਇਹ ਕਹਿਣਾ ਮੁਸ਼ਕਲ ਹੈ ਕਿ ਨਿਊਜ਼ੀਲੈਂਡ ਵਿੱਚ ਇਹ ਵਾਇਰਸ ਕਿੰਨਾ ਫੈਲੇਗਾ, ਪਰ ਦੇਸ਼ ਦੇ ਵਿਲੱਖਣ ਜੰਗਲੀ ਜੀਵਾਂ ਅਤੇ ਸਮੁੰਦਰੀ ਪੰਛੀਆਂ ਦੀ ਸੁਰੱਖਿਆ ਲਈ ਯੋਜਨਾਵਾਂ ਪਹਿਲਾਂ ਹੀ ਤਿਆਰ ਕੀਤੀਆਂ ਜਾ ਰਹੀਆਂ ਹਨ।
ਓਟਾਗੋ ਯੂਨੀਵਰਸਿਟੀ ਦੀ ਵਾਇਰੋਲੋਜਿਸਟ ਪ੍ਰੋਫੈਸਰ ਜੇਮਾ ਜਿਓਘੇਗਨ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਤੋਂ ਹੀ ਉਮੀਦ ਸੀ ਕਿ H5N1 ਇੱਕ ਦਿਨ ਨਿਊਜ਼ੀਲੈਂਡ ਜ਼ਰੂਰ ਪਹੁੰਚੇਗਾ। ਉਨ੍ਹਾਂ ਦੇ ਅਨੁਸਾਰ ਮਨੁੱਖਾਂ ਲਈ ਇਸ ਦਾ ਖਤਰਾ ਬਹੁਤ ਘੱਟ ਹੈ ਅਤੇ ਆਮ ਲੋਕਾਂ ਨੂੰ ਤਦ ਤੱਕ ਚਿੰਤਾ ਕਰਨ ਦੀ ਲੋੜ ਨਹੀਂ ਜਦ ਤੱਕ ਉਹ ਸੰਕਰਮਿਤ ਪੰਛੀਆਂ ਜਾਂ ਜਾਨਵਰਾਂ ਨਾਲ ਸਿੱਧੇ ਸੰਪਰਕ ਵਿੱਚ ਨਾ ਆਉਣ।
ਉਨ੍ਹਾਂ ਕਿਹਾ ਕਿ ਸਭ ਤੋਂ ਵੱਡਾ ਖਤਰਾ ਪੰਛੀਆਂ, ਮੁਰਗੀਆਂ, ਸਮੁੰਦਰੀ ਜੀਵਾਂ, ਡਾਲਫਿਨਾਂ, ਸੀਲਾਂ ਅਤੇ ਪਾਲਤੂ ਬਿੱਲੀਆਂ ਲਈ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਵਾਇਰਸ ਪੋਲਟਰੀ ਫਾਰਮਾਂ ਵਿੱਚ ਫੈਲਦਾ ਹੈ ਤਾਂ ਵੱਡੀ ਗਿਣਤੀ ਵਿੱਚ ਮੁਰਗੀਆਂ ਨੂੰ ਮਾਰਨਾ (Mass Culling) ਪੈ ਸਕਦਾ ਹੈ ਤਾਂ ਜੋ ਬਿਮਾਰੀ ਨੂੰ ਹੋਰ ਫੈਲਣ ਤੋਂ ਰੋਕਿਆ ਜਾ ਸਕੇ।
Highly Infectious Bird Flu (H5N1) Confirmed in New Zealand for the First Time
New Zealand has confirmed its first case of the highly infectious H5N1 bird flu after the virus was detected in a brown skua found at Petone Beach, Wellington.
Biosecurity Minister Andrew Hoggard said the virus is not a human health concern, and properly cooked chicken and eggs remain safe to eat. So far, no poultry farms have been infected, and there is no evidence of widespread transmission among wild birds.
The H5N1 strain has caused the deaths of millions of birds worldwide. Officials warned that if it enters commercial poultry farms, it could kill 95–100% of chickens, forcing farms to cull birds and thoroughly disinfect their facilities.
Experts have urged people to keep dogs, cats, and other pets away from sick or dead birds, as some mammals can also become infected. Authorities are monitoring the situation closely and have strengthened biosecurity measures to protect New Zealand’s wildlife, poultry industry, and native bird species.



