ਨਿਊਜ਼ੀਲੈਂਡ ਦਾ ਆਮ ਨਾਗਰਿਕ  ਜੇ ਕਿਸੇ  ਅਪਰਾਧੀ ਨੂੰ ਫੜਦਾ ਹੈ ਤਾ ਨਵੇਂ ਨਿਯਮਾ ਨੂੰ ਧਿਆਨ ਵਿੱਚ ਰੱਖਣਾ ਹੋਵੇਗਾ।

ਪੁਲਿਸ ਦੀ ਚੇਤਾਵਨੀ—ਗ੍ਰਿਫ਼ਤਾਰੀ ਦੌਰਾਨ ਗਰਦਨ ਜਾਂ ਸਿਰ ’ਤੇ ਦਬਾਅ ਨਾ ਪਾਓ।

ਪ੍ਰਦੀਪ ਚਿੱਜੜ
ਆਕਲੈਂਡ:-20 ਅਗਸਤ 2026

ਨਿਊਜ਼ੀਲੈਂਡ ਵਿੱਚ ਨਾਗਰਿਕਾਂ ਵੱਲੋਂ ਕਿਸੇ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਸਬੰਧੀ ਨਵੇਂ ਕਾਨੂੰਨੀ ਅਧਿਕਾਰ ਹੁਣ ਲਾਗੂ ਹੋ ਗਏ ਹਨ। ਸੰਸਦ ਵੱਲੋਂ ਇਸ ਮਹੀਨੇ ਪਾਸ ਕੀਤੇ Crimes Amendment Act 2026 ਤਹਿਤ ਹੁਣ ਕੋਈ ਵੀ ਵਿਅਕਤੀ Crimes Act ਅਧੀਨ ਅਪਰਾਧ ਕਰ ਰਹੇ ਵਿਅਕਤੀ ਨੂੰ ਦਿਨ ਦੇ ਕਿਸੇ ਵੀ ਸਮੇਂ ਵਾਜਬ ਹੱਦ ਤੱਕ ਬਲ ਦੀ ਵਰਤੋਂ ਕਰਕੇ ਰੋਕ ਸਕਦਾ ਹੈ।
ਪਹਿਲਾਂ ਨਾਗਰਿਕਾਂ ਦੇ ਗ੍ਰਿਫ਼ਤਾਰੀ ਅਧਿਕਾਰ ਆਮ ਤੌਰ ’ਤੇ ਰਾਤ 9 ਵਜੇ ਤੋਂ ਸਵੇਰੇ 6 ਵਜੇ ਤੱਕ ਜਾਂ ਘੱਟੋ-ਘੱਟ ਤਿੰਨ ਸਾਲ ਦੀ ਕੈਦ ਵਾਲੇ ਅਪਰਾਧਾਂ ਤੱਕ ਸੀਮਿਤ ਸਨ। ਨਵੇਂ ਨਿਯਮਾਂ ਨਾਲ ਇਹ ਅਧਿਕਾਰ ਵਧਾ ਦਿੱਤੇ ਗਏ ਹਨ।
ਨਿਆਂ ਮੰਤਰੀ ਪਾਲ ਗੋਲਡਸਮਿਥ ਨੇ ਕਿਹਾ ਹੈ ਕਿ ਨਵੇਂ ਕਾਨੂੰਨ ਨਾਲ ਕਾਰੋਬਾਰੀਆਂ, ਖ਼ਾਸ ਕਰਕੇ ਚੋਰੀ ਦੀਆਂ ਘਟਨਾਵਾਂ ਨਾਲ ਨਜਿੱਠਣ ਲਈ, ਵਧੇਰੇ ਸਮਰੱਥ ਹੋਣਗੇ। ਹਾਲਾਂਕਿ, ਰਿਟੇਲ NZ, ਪੁਲਿਸ ਐਸੋਸੀਏਸ਼ਨ ਅਤੇ BusinessNZ ਸਮੇਤ ਕੁਝ ਸੰਗਠਨਾਂ ਨੇ ਇਸ ਵਿਸਥਾਰ ਦਾ ਵਿਰੋਧ ਕਰਦਿਆਂ ਚਿੰਤਾ ਜ਼ਾਹਰ ਕੀਤੀ ਸੀ ਕਿ ਬਿਨਾਂ ਸਿਖਲਾਈ ਵਾਲੇ ਲੋਕਾਂ ਲਈ ਸਰੀਰਕ ਖ਼ਤਰਾ ਵੱਧ ਸਕਦਾ ਹੈ।
ਪੁਲਿਸ ਵੱਲੋਂ ਮਹੱਤਵਪੂਰਨ ਹਦਾਇਤਾਂ
ਪੁਲਿਸ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਜੇ ਕਿਸੇ ਸਥਿਤੀ ਵਿੱਚ ਦਖ਼ਲ ਦੇਣ ਨਾਲ ਆਪਣੀ ਜਾਂ ਦੂਜਿਆਂ ਦੀ ਸੁਰੱਖਿਆ ਨੂੰ ਖ਼ਤਰਾ ਹੋ ਸਕਦਾ ਹੈ ਤਾਂ ਨਾਗਰਿਕ ਗ੍ਰਿਫ਼ਤਾਰੀ ਨਾ ਕਰਨ। ਜੇ ਸ਼ੱਕੀ ਵਿਅਕਤੀ ਕੋਲ ਹਥਿਆਰ ਹੋਣ ਦੀ ਸੰਭਾਵਨਾ ਹੋਵੇ ਤਾਂ ਦਖ਼ਲ ਦੇਣ ਦੀ ਬਜਾਏ ਸੁਰੱਖਿਅਤ ਥਾਂ ’ਤੇ ਰਹਿ ਕੇ 111 ’ਤੇ ਪੁਲਿਸ ਨੂੰ ਸੂਚਿਤ ਕਰਨਾ ਸਭ ਤੋਂ ਸੁਰੱਖਿਅਤ ਰਸਤਾ ਹੈ।
ਜੇ ਕੋਈ ਵਿਅਕਤੀ ਨਾਗਰਿਕ ਗ੍ਰਿਫ਼ਤਾਰੀ ਕਰਦਾ ਹੈ ਤਾਂ ਉਸ ਨੂੰ:
ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਹੀ ਵਿਅਕਤੀ ਨੂੰ ਹੀ ਰੋਕਿਆ ਜਾ ਰਿਹਾ ਹੈ।
ਵਾਜਬ ਆਧਾਰ ਹੋਣਾ ਚਾਹੀਦਾ ਹੈ ਕਿ Crimes Act ਤਹਿਤ ਅਪਰਾਧ ਹੋਇਆ ਹੈ।
ਵਿਅਕਤੀ ਨੂੰ ਸਪੱਸ਼ਟ ਦੱਸਣਾ ਚਾਹੀਦਾ ਹੈ ਕਿ ਉਸ ਨੂੰ ਨਾਗਰਿਕ ਵੱਲੋਂ ਗ੍ਰਿਫ਼ਤਾਰ ਕਰਕੇ ਪੁਲਿਸ ਦੇ ਹਵਾਲੇ ਕੀਤਾ ਜਾ ਰਿਹਾ ਹੈ।
ਜਿੰਨੀ ਜਲਦੀ ਸੰਭਵ ਹੋਵੇ 111 ’ਤੇ ਕਾਲ ਕਰਕੇ ਪੁਲਿਸ ਦੀਆਂ ਹਦਾਇਤਾਂ ਮੰਨਣੀਆਂ ਚਾਹੀਦੀਆਂ ਹਨ।
ਜਿੱਥੇ ਸੰਭਵ ਹੋਵੇ ਵਿਅਕਤੀ ਤੋਂ ਸਹਿਯੋਗ ਮੰਗਣਾ ਚਾਹੀਦਾ ਹੈ।
ਬਲ ਦੀ ਵਰਤੋਂ ਸਿਰਫ਼ ਬਿਲਕੁਲ ਲੋੜ ਪੈਣ ’ਤੇ ਅਤੇ ਘੱਟੋ-ਘੱਟ ਲੋੜੀਂਦੀ ਹੱਦ ਤੱਕ ਹੀ ਕਰਨੀ ਚਾਹੀਦੀ ਹੈ।
ਗ੍ਰਿਫ਼ਤਾਰ ਵਿਅਕਤੀ ਤੋਂ ਪੁੱਛਗਿੱਛ ਨਹੀਂ ਕਰਨੀ ਚਾਹੀਦੀ।
ਉਸ ਦੀ ਜਾਂ ਉਸ ਦੇ ਸਮਾਨ ਦੀ ਤਲਾਸ਼ੀ ਨਹੀਂ ਲੈਣੀ ਚਾਹੀਦੀ।
ਬਾਅਦ ਵਿੱਚ ਪੁਲਿਸ ਨੂੰ ਪੂਰਾ ਬਿਆਨ ਦੇਣ ਲਈ ਤਿਆਰ ਰਹਿਣਾ ਚਾਹੀਦਾ ਹੈ।
ਗਰਦਨ ਜਾਂ ਸਿਰ ’ਤੇ ਦਬਾਅ ਤੋਂ ਸਖ਼ਤ ਮਨਾਹੀ
ਪੁਲਿਸ ਨੇ ਖ਼ਾਸ ਤੌਰ ’ਤੇ ਚੇਤਾਵਨੀ ਦਿੱਤੀ ਹੈ ਕਿ ਗ੍ਰਿਫ਼ਤਾਰ ਕੀਤੇ ਵਿਅਕਤੀ ਉੱਤੇ ਕਦੇ ਵੀ ਗੋਡਾ ਜਾਂ ਬੈਠ ਕੇ ਦਬਾਅ ਨਾ ਪਾਇਆ ਜਾਵੇ ਅਤੇ ਨਾ ਹੀ ਉਸ ਦੀ ਗਰਦਨ ਜਾਂ ਸਿਰ ’ਤੇ ਦਬਾਅ ਦਿੱਤਾ ਜਾਵੇ। ਇਸ ਨਾਲ ਸਾਹ ਰੁਕਣ ਜਾਂ positional asphyxia ਕਾਰਨ ਗੰਭੀਰ ਨੁਕਸਾਨ ਜਾਂ ਮੌਤ ਦਾ ਖ਼ਤਰਾ ਹੋ ਸਕਦਾ ਹੈ।
ਨਾਗਰਿਕ ਗ੍ਰਿਫ਼ਤਾਰੀ ਕਰਨ ਵਾਲਾ ਵਿਅਕਤੀ ਪੁਲਿਸ ਦੇ ਪਹੁੰਚਣ ਤੱਕ ਹਿਰਾਸਤ ਵਿੱਚ ਲਏ ਵਿਅਕਤੀ ਦੀ ਸੁਰੱਖਿਆ ਅਤੇ ਭਲਾਈ ਲਈ ਜ਼ਿੰਮੇਵਾਰ ਹੁੰਦਾ ਹੈ। ਇਸ ਵਿੱਚ ਉਸ ਦੀ ਸਰੀਰਕ ਸਥਿਤੀ, ਡਾਕਟਰੀ ਸਹਾਇਤਾ ਦੀ ਲੋੜ ਅਤੇ ਉਮਰ, ਅਪਾਹਜਤਾ ਜਾਂ ਨਸ਼ੇ ਕਾਰਨ ਵਧੀਕ ਸੰਵੇਦਨਸ਼ੀਲਤਾ ਨੂੰ ਧਿਆਨ ਵਿੱਚ ਰੱਖਣਾ ਸ਼ਾਮਲ ਹੈ।
ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਬੇਲੋੜੀ ਜਾਂ ਹੱਦ ਤੋਂ ਵੱਧ ਤਾਕਤ ਦੀ ਵਰਤੋਂ ਕਰਨ ਵਾਲੇ ਵਿਅਕਤੀ ’ਤੇ ਹਮਲੇ ਦੇ ਅਪਰਾਧਿਕ ਦੋਸ਼ ਜਾਂ ਸਿਵਲ ਕਾਰਵਾਈ ਹੋ ਸਕਦੀ ਹੈ।
ਪੁਲਿਸ ਇਹ ਵੀ ਕਹਿੰਦੀ ਹੈ ਕਿ ਜੇ ਕਿਸੇ ਵਿਅਕਤੀ ਨੂੰ ਨਾਗਰਿਕ ਗ੍ਰਿਫ਼ਤਾਰੀ ਦੇ ਕਾਨੂੰਨੀ ਅਧਿਕਾਰਾਂ ਬਾਰੇ ਸ਼ੱਕ ਹੋਵੇ ਤਾਂ ਸੁਤੰਤਰ ਕਾਨੂੰਨੀ ਸਲਾਹ ਲੈਣੀ ਚਾਹੀਦੀ ਹੈ।