ਦੱਖਣੀ ਆਕਲੈਂਡ ਦੇ Drury ਅਤੇ Paerātā ਵਿੱਚ ਨਵੇ ਰੇਲਵੇ ਸਟੇਸ਼ਨ ਅਧਿਕਾਰਕ ਤੌਰ ‘ਤੇ ਖੁੱਲ੍ਹੇ।

ਪ੍ਰਦੀਪ ਚਿੱਜੜ

ਆਕਲੈਂਡ:- (ਨਿਊਜ਼ੀਲੈਂਡ ) 03 ਅਗੱਸਤ  2026

ਦੱਖਣੀ ਆਕਲੈਂਡ ਦੇ ਸਭ ਤੋਂ ਨਵੇਂ ਡਰੂਰੀ (Drury) ਅਤੇ ਪੇਰਾਟਾ (Paerātā) ਰੇਲਵੇ ਸਟੇਸ਼ਨ ਅਧਿਕਾਰਕ ਤੌਰ ‘ਤੇ ਖੁੱਲ੍ਹ ਗਏ ਹਨ। 50 ਸਾਲਾਂ ਤੋਂ ਵੱਧ ਸਮੇਂ ਬਾਅਦ  ਇਨ੍ਹਾਂ ਦੋਵਾਂ ਸਟੇਸ਼ਨਾਂ ‘ਤੇ ਮੁੜ ਯਾਤਰੀ ਰੇਲ ਸੇਵਾਵਾਂ ਸ਼ੁਰੂ ਹੋਈਆ। ਰੇਲ ਮੰਤਰੀ ਵਿੰਸਟਨ ਪੀਟਰਜ਼ ਅਤੇ ਟਰਾਂਸਪੋਰਟ ਮੰਤਰੀ ਕ੍ਰਿਸ ਬਿਸ਼ਪ ਨੇ ਸਟੇਸ਼ਨਾਂ ਦਾ ਰਸਮੀ ਉਦਘਾਟਨ ਕੀਤਾ। ਇਹ ਸਟੇਸ਼ਨ ਫ੍ਰੈਂਕਲਿਨ ਅਤੇ ਦੱਖਣੀ ਆਕਲੈਂਡ ਦੇ ਹਜ਼ਾਰਾਂ ਯਾਤਰੀਆਂ ਨੂੰ ਬਿਹਤਰ ਆਵਾਜਾਈ ਸਹੂਲਤ ਪ੍ਰਦਾਨ ਕਰਨਗੇ।
ਸੋਮਵਾਰ ਤੋਂ ਹਫ਼ਤੇ ਦੇ ਕੰਮਕਾਜ ਵਾਲੇ ਦਿਨਾਂ ਵਿੱਚ ਪੀਕ ਸਮੇਂ ਦੌਰਾਨ ਹਰ 10 ਮਿੰਟ ਬਾਅਦ ਰੇਲ ਸੇਵਾ ਉਪਲਬਧ ਹੋਵੇਗੀ। ਹਰ ਸਟੇਸ਼ਨ ‘ਤੇ ਦੋ ਪਲੇਟਫਾਰਮ, 350 ਵਾਹਨਾਂ ਲਈ ਪਾਰਕਿੰਗ ਅਤੇ ਬੱਸਾਂ ਨਾਲ ਸਿੱਧਾ ਸੰਪਰਕ ਮੁਹੱਈਆ ਕਰਵਾਇਆ ਗਿਆ ਹੈ।
ਰੇਲ ਮੰਤਰੀ ਵਿੰਸਟਨ ਪੀਟਰਜ਼ ਨੇ ਕਿਹਾ ਕਿ ਆਉਣ ਵਾਲੇ  ਸਮੇ ਵਿੱਚ ਆਕਲੈਂਡ ਦੇ ਇਸ ਖੇਤਰ ਵਿੱਚ ਲਗਭਗ 1 ਲੱਖ 30 ਹਜ਼ਾਰ ਹੋਰ ਲੋਕ ਵੱਸਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਵਿਕਾਸ ਤੋਂ ਪਹਿਲਾਂ ਬੁਨਿਆਦੀ ਢਾਂਚਾ ਤਿਆਰ ਕਰਨਾ ਜ਼ਰੂਰੀ ਹੈ, ਨਾ ਕਿ ਵਿਕਾਸ ਤੋਂ ਕਈ ਸਾਲ ਬਾਅਦ।
ਉਨ੍ਹਾਂ ਕਿਹਾ ਕਿ ਇਹ ਸਟੇਸ਼ਨ ਉਸ ਸਮੇਂ ਮਨਜ਼ੂਰ ਕੀਤੇ ਗਏ ਸਨ ਜਦੋਂ ਉਨ੍ਹਾਂ ਦੀ ਸਰਕਾਰ ਰੇਲ ਪ੍ਰਣਾਲੀ ਦੀ ਜ਼ਿੰਮੇਵਾਰੀ ਨਿਭਾ ਰਹੀ ਸੀ। ਇਸ ਯੋਜਨਾ ਤਹਿਤ ਰੇਲ ਸਮਰੱਥਾ ਵਿੱਚ ਵਾਧਾ, ਟ੍ਰੇਨਾਂ ਦੀ ਆਵਾਜਾਈ ਦੀ ਗਿਣਤੀ ਵਧਾਉਣ, ਰੇਲ ਨੈੱਟਵਰਕ ਦੇ ਸੁਧਾਰ ਲਈ 500 ਮਿਲੀਅਨ ਡਾਲਰ ਤੋਂ ਵੱਧ ਦਾ ਨਿਵੇਸ਼ ਅਤੇ ਬ੍ਰਿਟੋਮਾਰਟ ਤੋਂ ਪੁਕੇਕੋਹੇ ਤੱਕ ਬਿਜਲੀ ਵਾਲੀਆਂ ਟ੍ਰੇਨਾਂ ਚਲਾਉਣ ਦੀ ਵਿਵਸਥਾ ਕੀਤੀ ਗਈ।
ਟਰਾਂਸਪੋਰਟ ਮੰਤਰੀ ਕ੍ਰਿਸ ਬਿਸ਼ਪ ਨੇ ਕਿਹਾ ਕਿ ਇਹ ਪ੍ਰੋਜੈਕਟ ਸਰਕਾਰ ਵੱਲੋਂ ਆਕਲੈਂਡ ਦੇ ਰੇਲ ਨੈੱਟਵਰਕ ਵਿੱਚ ਕੀਤੇ ਗਏ 2.4 ਬਿਲੀਅਨ ਡਾਲਰ ਦੇ ਨਿਵੇਸ਼ ਦੇ ਆਖ਼ਰੀ ਵੱਡੇ ਪ੍ਰੋਜੈਕਟਾਂ ਵਿੱਚੋਂ ਇੱਕ ਹੈ।
ਉਨ੍ਹਾਂ ਦੱਸਿਆ ਕਿ ਆਕਲੈਂਡ ਰੇਲ ਨੈੱਟਵਰਕ ਰੀਬਿਲਡ ਦਾ ਕੰਮ ਸਿਟੀ ਰੇਲ ਲਿੰਕ (CRL) ਦੇ ਜਲਦ ਸ਼ੁਰੂ ਹੋਣ ਤੋਂ ਪਹਿਲਾਂ ਪੂਰਾ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ, ਰੇਲਵੇ ਲੈਵਲ ਕਰਾਸਿੰਗਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ ਤਾਂ ਜੋ ਹੋਰ ਵੱਧ ਅਤੇ ਤੇਜ਼ ਰੇਲ ਸੇਵਾਵਾਂ ਚਲਾਈਆਂ ਜਾ ਸਕਣ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਥਰਡ ਮੇਨ ਲਾਈਨ ਹੁਣ ਚਾਲੂ ਹੋ ਚੁੱਕੀ ਹੈ, ਜਿਸ ਨਾਲ ਮਾਲ ਗੱਡੀਆਂ ਅਤੇ ਯਾਤਰੀ ਰੇਲ ਸੇਵਾਵਾਂ ਨੂੰ ਵੱਖ-ਵੱਖ ਟਰੈਕਾਂ ‘ਤੇ ਚਲਾਇਆ ਜਾ ਸਕੇਗਾ। ਨਾਲ ਹੀ ਪੁਕੇਕੋਹੇ ਤੱਕ ਦੀ ਰੇਲ ਲਾਈਨ ਦਾ ਬਿਜਲੀਕਰਨ ਵੀ ਪੂਰਾ ਹੋ ਗਿਆ ਹੈ।