
ਪ੍ਰਦੀਪ ਚਿੱਜੜ
ਆਕਲੈਂਡ:- 14 ਅਗਸਤ 2026
ਆਕਲੈਂਡ ਦੇ ਮਸ਼ਹੂਰ Sylvia Park Shopping Centre ਨੇੜੇ ਕੱਲ ( ਵੀਰਵਾਰ ) ਨੂੰ ਪੁਲਿਸ ਪਿੱਛੇ ਤੋਂ ਬਾਅਦ ਹੋਈ ਗੋਲੀਬਾਰੀ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਮੁਤਾਬਕ ਮ੍ਰਿਤਕ ਵਿਅਕਤੀ ਜ਼ਮਾਨਤ ’ਤੇ ਬਾਹਰ ਸੀ ਅਤੇ ਉਸ ਕੋਲ ਚੋਰੀ ਕੀਤੀ ਗਈ ਲੰਬੀ ਨਲੀ ਵਾਲੀ ਏਅਰ ਰਾਈਫਲ ਸੀ।
ਘਟਨਾ ਦੀ ਸ਼ੁਰੂਆਤ ਦੁਪਹਿਰ ਕਰੀਬ 2 ਵਜੇ ਹੋਈ, ਜਦੋਂ ਪੁਲਿਸ ਨੂੰ Penrose ਸਥਿਤ Gun City ਤੋਂ ਇੱਕ ਏਅਰ ਰਾਈਫਲ ਚੋਰੀ ਹੋਣ ਦੀ ਸੂਚਨਾ ਮਿਲੀ। ਪੁਲਿਸ ਮੁਤਾਬਕ ਇੱਕ ਵਿਅਕਤੀ ਚੋਰੀ ਕੀਤੀ ਰਾਈਫਲ ਲੈ ਕੇ ਚਿੱਟੀ Suzuki Swift ਕਾਰ ਵਿੱਚ ਫਰਾਰ ਹੋ ਗਿਆ।
ਪੁਲਿਸ ਨੇ ਕਾਰ ਦਾ ਪਿੱਛਾ ਸ਼ੁਰੂ ਕੀਤਾ ਅਤੇ ਹਵਾਈ ਨਿਗਰਾਨੀ ਲਈ Eagle ਹੈਲੀਕਾਪਟਰ ਵੀ ਤਾਇਨਾਤ ਕੀਤਾ ਗਿਆ। ਹੈਲੀਕਾਪਟਰ ਨੇ ਕਾਰ ਨੂੰ Pakuranga ਤੱਕ ਟ੍ਰੈਕ ਕੀਤਾ, ਜਿੱਥੇ Suzuki Swift Pakuranga Plaza ਦੇ ਕਾਰ ਪਾਰਕ ਵਿੱਚ ਦਾਖਲ ਹੋਈ। ਕੁਝ ਸਮੇਂ ਬਾਅਦ ਕਾਰ ਉਥੋਂ ਨਿਕਲ ਕੇ Pakuranga Highway ਰਾਹੀਂ Panmure ਵੱਲ ਵਧੀ।
ਪੁਲਿਸ ਨੇ ਦੱਸਿਆ ਕਿ ਇਸ ਦੌਰਾਨ ਕਾਰ ਦੀ ਡਰਾਈਵਿੰਗ ਬੇਤਰਤੀਬ ਅਤੇ ਖਤਰਨਾਕ ਦਿਖਾਈ ਦੇ ਰਹੀ ਸੀ।
ਇਸ ਤੋਂ ਬਾਅਦ ਕਾਰ Sylvia Park ਦੇ ਬਾਹਰ ਇੱਕ ਰੁੱਝੇ ਹੋਏ ਚੌਰਾਹੇ ਨੇੜੇ ਪਹੁੰਚੀ। ਵਿਅਕਤੀ ਨੇ ਕਾਰ ਛੱਡ ਦਿੱਤੀ ਅਤੇ ਹੱਥ ਵਿੱਚ ਲੰਬੀ ਨਲੀ ਵਾਲੀ ਏਅਰ ਰਾਈਫਲ ਲੈ ਕੇ ਪੈਦਲ ਸ਼ਾਪਿੰਗ ਸੈਂਟਰ ਵੱਲ ਦੌੜ ਪਿਆ। ਉਸ ਸਮੇਂ Sylvia Park ਵਿੱਚ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ।
ਪੁਲਿਸ ਨੇ ਉਸ ਵਿਅਕਤੀ ਦਾ ਪਿੱਛਾ ਕੀਤਾ ਅਤੇ ਆਖਿਰਕਾਰ ਉਸ ਨੂੰ ਗੋਲੀ ਮਾਰ ਦਿੱਤੀ। ਗੋਲੀ ਲੱਗਣ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਮੌਕੇ ’ਤੇ ਉਸ ਨੂੰ CPR ਦੇਣ ਦੀ ਕੋਸ਼ਿਸ਼ ਕੀਤੀ, ਪਰ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਗੋਲੀਬਾਰੀ ਤੋਂ ਬਾਅਦ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਈਆਂ ਹਨ। ਇਨ੍ਹਾਂ ਵਿੱਚ ਇੱਕ ਵੀਡੀਓ ਵਿੱਚ ਪੁਲਿਸ ਅਧਿਕਾਰੀ ਨੂੰ ਵਿਅਕਤੀ ਨੂੰ CPR ਦਿੰਦੇ ਹੋਏ ਦਿਖਾਇਆ ਗਿਆ ਹੈ। ਹਾਲਾਂਕਿ, ਘਟਨਾ ਦੀ ਸੰਵੇਦਨਸ਼ੀਲਤਾ ਨੂੰ ਦੇਖਦਿਆਂ ਇਨ੍ਹਾਂ ਤਸਵੀਰਾਂ ਅਤੇ ਵੀਡੀਓਜ਼ ਨੂੰ ਪ੍ਰਕਾਸ਼ਿਤ ਨਹੀਂ ਕੀਤਾ ਗਿਆ।
ਇਸ ਘਟਨਾ ਨੇ Sylvia Park ਆਉਣ ਵਾਲੇ ਲੋਕਾਂ ਵਿੱਚ ਵੀ ਚਿੰਤਾ ਪੈਦਾ ਕੀਤੀ। ਪੁਲਿਸ ਵੱਲੋਂ ਗੋਲੀਬਾਰੀ ਦੇ ਹਾਲਾਤਾਂ ਅਤੇ ਮ੍ਰਿਤਕ ਵਿਅਕਤੀ ਦੇ ਪਿਛੋਕੜ ਸਬੰਧੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਵੱਲੋਂ ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਚੋਰੀ ਕੀਤੀ ਏਅਰ ਰਾਈਫਲ ਲੈ ਕੇ ਭੱਜ ਰਿਹਾ ਵਿਅਕਤੀ ਸ਼ਾਪਿੰਗ ਸੈਂਟਰ ਵੱਲ ਕਿਉਂ ਦੌੜਿਆ ਅਤੇ ਪੁਲਿਸ ਵੱਲੋਂ ਗੋਲੀ ਚਲਾਉਣ ਦੀ ਲੋੜ ਕਿਹੜੇ ਹਾਲਾਤਾਂ ਵਿੱਚ ਪੈਦਾ ਹੋਈ।


