ਨਿਊਜ਼ੀਲੈਂਡ ਵਿੱਚ ਨਰਸਾਂ ਨੂੰ ਨੌਕਰੀ ਦੀ ਗਾਰੰਟੀ ਤੋਂ ਲੈ ਕੇ ਪਰਵਾਸੀਆਂ ਦੀ ਰਿਹਾਇਸ਼ ਤੱਕ—ਚੋਣਾਂ ਤੋਂ ਪਹਿਲਾਂ ਲੇਬਰ ਤੇ ACT ਦੇ ਵੱਡੇ ਐਲਾਨ।

ਪ੍ਰਦੀਪ ਚਿੱਜੜ


ਆਕਲੈਂਡ:- 01 ਸਤੰਬਰ 2026

ਨਿਊਜ਼ੀਲੈਂਡ ਵਿੱਚ ਅਗਾਮੀ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵੱਲੋਂ  ਨੀਤੀਆਂ ਦੇ ਐਲਾਨ ਕੀਤੇ ਜਾ ਰਹੇ ਹਨ। ਇਸੇ ਕੜੀ ਵਿੱਚ ਲੇਬਰ ਪਾਰਟੀ ਨੇ ਦੇਸ਼ ਵਿੱਚ ਸਿਖਲਾਈ ਪ੍ਰਾਪਤ ਨਵੀਆਂ ਨਰਸਾਂ ਨੂੰ ਸਰਕਾਰੀ ਸਿਹਤ ਖੇਤਰ ਵਿੱਚ ਨੌਕਰੀ ਦੀ ਗਾਰੰਟੀ ਦੇਣ ਦਾ ਵਾਅਦਾ ਕੀਤਾ ਹੈ, ਜਦਕਿ ACT ਪਾਰਟੀ ਨੇ ਪੱਕੇ ਵਸਨੀਕਾਂ (Permanent Residents) ਲਈ ਦੇਸ਼ ਵਿੱਚ ਰਹਿਣ ਦੀ ਲਾਜ਼ਮੀ ਸ਼ਰਤ ਲਿਆਉਣ ਦਾ ਪ੍ਰਸਤਾਵ ਰੱਖਿਆ ਹੈ।
ਲੇਬਰ ਦਾ ਨਰਸਾਂ ਲਈ ਨੌਕਰੀ ਗਾਰੰਟੀ ਦਾ ਵਾਅਦਾ
ਲੇਬਰ ਪਾਰਟੀ ਨੇ ਕਿਹਾ ਹੈ ਕਿ ਜੇਕਰ ਉਹ ਸਰਕਾਰ ਬਣਾਉਂਦੀ ਹੈ ਤਾਂ ਨਿਊਜ਼ੀਲੈਂਡ ਵਿੱਚ ਸਿਖਲਾਈ ਪੂਰੀ ਕਰਨ ਵਾਲੇ ਸਾਰੇ ਯੋਗ ਗ੍ਰੈਜੂਏਟ ਨਰਸਾਂ ਨੂੰ ਸਰਕਾਰੀ ਸਿਹਤ ਖੇਤਰ ਵਿੱਚ ਨੌਕਰੀ ਦੀ ਪੇਸ਼ਕਸ਼ ਕੀਤੀ ਜਾਵੇਗੀ।
ਲੇਬਰ ਆਗੂ ਕ੍ਰਿਸ ਹਿਪਕਿਨਜ਼ ਮੁਤਾਬਕ ਹਰ ਸਾਲ ਲਗਭਗ 2,400 ਨਰਸਾਂ ਨਿਊਜ਼ੀਲੈਂਡ ਵਿੱਚ ਗ੍ਰੈਜੂਏਟ ਹੁੰਦੀਆਂ ਹਨ ਅਤੇ ਨਵੀਂ Graduate Nurse Job Guarantee ਤਹਿਤ ਉਨ੍ਹਾਂ ਨੂੰ ਗ੍ਰੈਜੂਏਸ਼ਨ ਸਮੇਂ ਘੱਟੋ-ਘੱਟ 0.8 FTE ਨੌਕਰੀ ਦੀ ਪੇਸ਼ਕਸ਼ ਕੀਤੀ ਜਾਵੇਗੀ।
ਇਸ ਯੋਜਨਾ ’ਤੇ ਲਗਭਗ $525 ਮਿਲੀਅਨ ਖਰਚ ਹੋਣ ਦਾ ਅੰਦਾਜ਼ਾ ਹੈ, ਜਿਸ ਦੀ ਰਕਮ ਸਿਹਤ ਖੇਤਰ ਲਈ ਰੱਖੇ cost-pressure funding ਵਿੱਚੋਂ ਦਿੱਤੀ ਜਾਵੇਗੀ। ਯੋਗ ਨਰਸਾਂ ਨੂੰ ਮੌਜੂਦਾ Advanced Choice of Employment (ACE) ਅਤੇ ਪ੍ਰਾਇਮਰੀ ਕੇਅਰ ਰੋਜ਼ਗਾਰ ਸਕੀਮਾਂ ਰਾਹੀਂ ਨੌਕਰੀਆਂ ਦਿੱਤੀਆਂ ਜਾਣਗੀਆਂ।
ਹਿਪਕਿਨਜ਼ ਨੇ ਨੈਸ਼ਨਲ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਦੇਸ਼ ਵਿੱਚ ਨਰਸਾਂ ਨੂੰ ਸਿਖਲਾਈ ਤਾਂ ਦਿੱਤੀ ਜਾ ਰਹੀ ਹੈ ਪਰ ਉਨ੍ਹਾਂ ਵਿੱਚੋਂ ਕਈਆਂ ਨੂੰ ਇੱਥੇ ਕਰੀਅਰ ਸ਼ੁਰੂ ਕਰਨ ਦੀ ਬਜਾਏ ਵਿਦੇਸ਼ ਜਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਲੇਬਰ ਦਾ ਦਾਅਵਾ ਹੈ ਕਿ ਪਿਛਲੇ ਦੋ ਸਾਲਾਂ ਵਿੱਚ ਸਿਰਫ਼ 54 ਵਾਧੂ ਫੁੱਲ-ਟਾਈਮ ਬਰਾਬਰ ਨਰਸਾਂ ਦੀ ਭਰਤੀ ਹੋਈ ਹੈ। ਪਾਰਟੀ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਰਗੇ ਦੇਸ਼ਾਂ ਵੱਲੋਂ ਵਧੀਆ ਤਨਖ਼ਾਹਾਂ ਅਤੇ ਕੰਮ ਦੀਆਂ ਬਿਹਤਰ ਸਹੂਲਤਾਂ ਦੀ ਪੇਸ਼ਕਸ਼ ਕਾਰਨ ਨਿਊਜ਼ੀਲੈਂਡ ਵਿੱਚ ਤਿਆਰ ਹੋਏ ਨਰਸਾਂ ਨੂੰ ਵਿਦੇਸ਼ ਜਾਣ ਦਾ ਰੁਝਾਨ ਵਧ ਰਿਹਾ ਹੈ।
ACT ਦਾ Permanent Residents ਲਈ ਨਵਾਂ ਪ੍ਰਸਤਾਵ
ਦੂਜੇ ਪਾਸੇ ACT ਪਾਰਟੀ ਨੇ ਇਮੀਗ੍ਰੇਸ਼ਨ ਨੀਤੀ ਵਿੱਚ ਵੱਡਾ ਬਦਲਾਅ ਕਰਨ ਦਾ ਪ੍ਰਸਤਾਵ ਰੱਖਿਆ ਹੈ। ਪਾਰਟੀ ਦੀ ਇਮੀਗ੍ਰੇਸ਼ਨ ਬੁਲਾਰਨ ਡਾ. ਪਰਮਜੀਤ ਪਰਮਾਰ ਨੇ ਕਿਹਾ ਕਿ ਪੱਕੇ ਵਸਨੀਕਾਂ ਲਈ ਦੇਸ਼ ਵਿੱਚ ਭੌਤਿਕ ਤੌਰ ’ਤੇ ਰਹਿਣ ਦੀਆਂ ਸ਼ਰਤਾਂ ਲਾਗੂ ਕੀਤੀਆਂ ਜਾਣਗੀਆਂ।
ACT ਮੌਜੂਦਾ Permanent Resident Visa ਸ਼੍ਰੇਣੀ ਨੂੰ ਖਤਮ ਕਰਕੇ Resident Visa ਵਿੱਚ ਪੰਜ ਸਾਲ ਦੀ travel facility ਲਿਆਉਣ ਦਾ ਪ੍ਰਸਤਾਵ ਕਰ ਰਹੀ ਹੈ। ਇਸ ਤਹਿਤ Resident Visa ਧਾਰਕਾਂ ਨੂੰ ਹਰ ਲਗਾਤਾਰ ਪੰਜ ਸਾਲਾਂ ਦੀ ਮਿਆਦ ਵਿੱਚ ਘੱਟੋ-ਘੱਟ 730 ਦਿਨ (ਦੋ ਸਾਲ) ਨਿਊਜ਼ੀਲੈਂਡ ਵਿੱਚ ਮੌਜੂਦ ਰਹਿਣਾ ਪਵੇਗਾ।
ਇਹ ਦੋ ਸਾਲ ਲਗਾਤਾਰ ਰਹਿਣੇ ਲਾਜ਼ਮੀ ਨਹੀਂ ਹੋਣਗੇ, ਪਰ ਦੇਸ਼ ਤੋਂ ਬਾਹਰ ਰਹਿ ਕੇ ਬਿਨਾਂ ਕਿਸੇ ਸ਼ਰਤ ਦੇ ਵਾਪਸ ਆਉਣ ਦਾ ਮੌਜੂਦਾ ਅਧਿਕਾਰ ਬਦਲ ਦਿੱਤਾ ਜਾਵੇਗਾ।
ACT ਨੇ ਕੁਝ ਲੋਕਾਂ ਲਈ ਛੋਟਾਂ ਦਾ ਵੀ ਪ੍ਰਸਤਾਵ ਕੀਤਾ ਹੈ। ਇਨ੍ਹਾਂ ਵਿੱਚ ਨਿਊਜ਼ੀਲੈਂਡ ਦੇ ਰੁਜ਼ਗਾਰਦਾਤਿਆਂ ਲਈ ਵਿਦੇਸ਼ ਵਿੱਚ ਕੰਮ ਕਰਨ ਵਾਲੇ ਲੋਕ, ਉਨ੍ਹਾਂ ਦੇ ਨਾਲ ਰਹਿਣ ਵਾਲੇ ਪਰਿਵਾਰਕ ਮੈਂਬਰ, ਵਿਦੇਸ਼ ਵਿੱਚ ਤਾਇਨਾਤ ਫੌਜੀ ਕਰਮਚਾਰੀ ਅਤੇ ਨਿਊਜ਼ੀਲੈਂਡ ਦੇ ਨਾਗਰਿਕ ਜੀਵਨ ਸਾਥੀ ਵਾਲੇ ਵਿਅਕਤੀ ਸ਼ਾਮਲ ਹੋਣਗੇ। ਮਨੁੱਖੀ ਆਧਾਰ ’ਤੇ ਹੋਰ ਖਾਸ ਮਾਮਲਿਆਂ ਵਿੱਚ ਵੀ ਛੋਟ ਦਿੱਤੀ ਜਾ ਸਕੇਗੀ।
ਡਾ. ਪਰਮਜੀਤ ਪਰਮਾਰ ਨੇ ਕਿਹਾ ਕਿ ਨਵੀਂ ਨੀਤੀ ਦਾ ਮਕਸਦ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਸੰਤੁਲਨ ਲਿਆਉਣਾ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਪੱਕੀ ਰਿਹਾਇਸ਼ ਹਾਸਲ ਕਰਨ ਵਾਲੇ ਵਿਅਕਤੀ ਦਾ ਨਿਊਜ਼ੀਲੈਂਡ ਨਾਲ ਅਸਲ ਅਤੇ ਲੰਬੇ ਸਮੇਂ ਦਾ ਨਾਤਾ ਹੋਵੇ।
ਇਸ ਪ੍ਰਸਤਾਵ ਨਾਲ ACT ਪਾਰਟੀ Permanent Residence ਅਤੇ Citizenship ਵਿਚਕਾਰ ਹੋਰ ਸਪਸ਼ਟ ਫਰਕ ਪੈਦਾ ਕਰਨ ਦੀ ਗੱਲ ਕਰ ਰਹੀ ਹੈ।
ਇਸ ਤਰ੍ਹਾਂ ਚੋਣਾਂ ਤੋਂ ਪਹਿਲਾਂ ਲੇਬਰ ਵੱਲੋਂ ਸਿਹਤ ਖੇਤਰ ਵਿੱਚ ਨੌਜਵਾਨ ਨਰਸਾਂ ਲਈ ਨੌਕਰੀ ਦੀ ਗਾਰੰਟੀ ਅਤੇ ACT ਵੱਲੋਂ Permanent Residents ਲਈ ਨਵੀਆਂ ਰਿਹਾਇਸ਼ੀ ਸ਼ਰਤਾਂ—ਦੋਵੇਂ ਮੁੱਦੇ ਆਉਣ ਵਾਲੀ ਸਿਆਸੀ ਬਹਿਸ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ।