
ਪ੍ਰਦੀਪ ਚਿੱਜੜ
ਆਕਲੈਂਡ:- 28 ਅਗਸਤ 2026
ਦੱਖਣੀ ਆਕਲੈਂਡ ਦੇ ਇਲਾਕੇ ਵਾਟਲ ਡਾਊਨਜ਼ ਵਿੱਚ ਕੱਲ ਦੁਪਹਿਰ ਵੇਲੇ ਦੋ ਵਿਅਕਤੀਆਂ ਦੀ ਮੌਤ ਤੋਂ ਬਾਅਦ ਪੁਲਿਸ ਨੇ ਡਬਲ ਹੋਮਿਸਾਈਡ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਜਾਂ ਮੁਲਜ਼ਮਾਂ ਦੀ ਭਾਲ ਲਈ ਪੁਲਿਸ ਰਾਤ ਭਰ ਤਲਾਸ਼ੀ ਮੁਹਿੰਮ ਚੱਲੀ।
ਦੱਖਣੀ ਆਕਲੈਂਡ ਦੇ ਵਾਟਲ ਡਾਊਨਜ਼ ਇਲਾਕੇ ਵਿੱਚ ਵਾਪਰੀ ਗੰਭੀਰ ਘਟਨਾ ਨੇ ਸਥਾਨਕ ਲੋਕਾਂ ਵਿੱਚ ਦਹਿਸ਼ਤ ਅਤੇ ਚਿੰਤਾ ਪੈਦਾ ਕਰ ਦਿੱਤੀ ਹੈ। ਪੁਲਿਸ ਮੁਤਾਬਕ ਗੰਬਾਰੇ ਪਲੇਸ ਸਥਿਤ ਇੱਕ ਘਰ ਵਿੱਚ ਦੋ ਵਿਅਕਤੀ ਮ੍ਰਿਤਕ ਮਿਲੇ ਹਨ ਅਤੇ ਇਸ ਮਾਮਲੇ ਨੂੰ ਸ਼ੱਕੀ ਦੋਹਰੇ ਕਤਲ ਵਜੋਂ ਲਿਆ ਜਾ ਰਿਹਾ ਹੈ।
ਐਮਰਜੈਂਸੀ ਸੇਵਾਵਾਂ ਨੂੰ ਦੁਪਹਿਰ ਕਰੀਬ 1:45 ਵਜੇ ਇੱਕ ਔਰਤ ਦੇ ਘਰ ਵਿੱਚ ਬੇਹੋਸ਼ ਪਏ ਹੋਣ ਦੀ ਸੂਚਨਾ ਮਿਲੀ। ਪੁਲਿਸ ਅਤੇ ਹੋਰ ਐਮਰਜੈਂਸੀ ਕਰਮਚਾਰੀ ਮੌਕੇ ’ਤੇ ਪਹੁੰਚੇ, ਜਿੱਥੇ ਔਰਤ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਘਰ ਦੀ ਤਲਾਸ਼ ਦੌਰਾਨ ਇੱਕ ਆਦਮੀ ਵੀ ਮ੍ਰਿਤਕ ਮਿਲਿਆ।
ਡਿਟੈਕਟਿਵ ਇੰਸਪੈਕਟਰ ਟੋਫਿਲਾਊ ਫਾਮਾਨੂਆ ਵਾਅਏਲੂਆ ਨੇ ਦੱਸਿਆ ਕਿ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਘਟਨਾ ਵਿੱਚ ਸ਼ਾਮਲ ਵਿਅਕਤੀ ਜਾਂ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ ਸਨ। ਪੁਲਿਸ ਨੇ ਕਿਹਾ ਹੈ ਕਿ ਜ਼ਿੰਮੇਵਾਰ ਲੋਕਾਂ ਦੀ ਭਾਲ ਲਈ ਰਾਤ ਭਰ ਕਾਰਵਾਈ ਜਾਰੀ ਰਹੇਗੀ।
ਇਲਾਕੇ ਦੀ ਰਹਿਣ ਵਾਲੀ ਡਿਆਨਾ ਕੇਰੇਓਪਾ-ਟਰਨਰ ਨੇ ਦੱਸਿਆ ਕਿ ਉਹ ਪਰਿਵਾਰ ਨਾਲ ਡੇਅਰੀ ਤੋਂ ਵਾਪਸ ਘਰ ਆਈ ਹੀ ਸੀ ਕਿ ਬਾਹਰੋਂ ਤੇਜ਼ ਆਵਾਜ਼ਾਂ ਸੁਣਾਈ ਦੇਣ ਲੱਗੀਆਂ। ਪਹਿਲਾਂ ਪਰਿਵਾਰ ਨੂੰ ਲੱਗਿਆ ਕਿ ਇਹ ਨੇਲ ਗਨ ਦੀ ਆਵਾਜ਼ ਹੈ, ਪਰ ਬਾਅਦ ਵਿੱਚ ਪਤਾ ਲੱਗਾ ਕਿ ਗੋਲੀਬਾਰੀ ਹੋ ਰਹੀ ਸੀ।
ਉਸਨੇ ਦੱਸਿਆ ਕਿ ਪਰਿਵਾਰ ਨੇ ਤੁਰੰਤ ਘਰ ਦੇ ਅੰਦਰ ਰਹਿਣ ਦਾ ਫੈਸਲਾ ਕੀਤਾ ਅਤੇ ਸੁਰੱਖਿਆ ਨੂੰ ਪਹਿਲ ਦਿੱਤੀ।
ਸਥਾਨਕ ਵਸਨੀਕਾਂ ਲਈ ਇਹ ਘਟਨਾ ਇਸ ਲਈ ਵੀ ਵੱਡਾ ਝਟਕਾ ਹੈ ਕਿਉਂਕਿ ਇਲਾਕੇ ਵਿੱਚ ਬੱਚਿਆਂ ਅਤੇ ਬਜ਼ੁਰਗਾਂ ਦੀ ਵੱਡੀ ਗਿਣਤੀ ਰਹਿੰਦੀ ਹੈ। ਕੇਰੇਓਪਾ-ਟਰਨਰ ਨੇ ਕਿਹਾ ਕਿ ਮ੍ਰਿਤਕ ਲੋਕ ਹਾਲ ਹੀ ਵਿੱਚ ਇਸ ਘਰ ਵਿੱਚ ਰਹਿਣ ਲਈ ਆਏ ਸਨ ਅਤੇ ਇਸ ਤਰ੍ਹਾਂ ਦੀ ਹਿੰਸਕ ਘਟਨਾ ਦਾ ਰਿਹਾਇਸ਼ੀ ਇਲਾਕੇ ਵਿੱਚ ਵਾਪਰਨਾ ਬੇਹੱਦ ਦੁਖਦਾਈ ਹੈ।
ਪੁਲਿਸ ਵੱਲੋਂ ਇਲਾਕੇ ਵਿੱਚ ਜਾਂਚ ਅਤੇ ਤਲਾਸ਼ੀ ਜਾਰੀ ਹੈ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਕੋਲ ਘਟਨਾ ਜਾਂ ਸ਼ੱਕੀ ਵਿਅਕਤੀਆਂ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ ਪੁਲਿਸ ਨਾਲ ਸੰਪਰਕ ਕਰਨ ਅਤੇ ਆਪਣੇ ਤੌਰ ’ਤੇ ਕਿਸੇ ਸ਼ੱਕੀ ਵਿਅਕਤੀ ਦਾ ਸਾਹਮਣਾ ਨਾ ਕਰਨ।


