
ਪ੍ਰਦੀਪ ਚਿੱਜੜ
ਆਕਲੈਂਡ:- 10 ਅਗਸਤ 2026
ਕੀਵੀਬੈਂਕ ਨੇ ਹੋਰ ਵੱਡੇ ਬੈਂਕਾਂ ਦੇ ਨਕਸ਼ੇ-ਕਦਮਾਂ ‘ਤੇ ਚੱਲਦਿਆਂ ਆਪਣੀਆਂ ਫਿਕਸਡ ਹੋਮ ਲੋਨ ਵਿਆਜ ਦਰਾਂ ਵਿੱਚ ਵਾਧਾ ਕਰ ਦਿੱਤਾ ਹੈ। ਪਿਛਲੇ ਕੁਝ ਹਫ਼ਤਿਆਂ ਦੌਰਾਨ ASB, ANZ, BNZ ਅਤੇ Westpac ਵੀ ਹੋਮ ਲੋਨ ਅਤੇ ਟਰਮ ਡਿਪਾਜ਼ਿਟ ਦੀਆਂ ਦਰਾਂ ਵਿੱਚ ਵਾਧੇ ਦਾ ਐਲਾਨ ਕਰ ਚੁੱਕੇ ਹਨ।
ਜ਼ਿਆਦਾਤਰ ਵੱਡੇ ਬੈਂਕਾਂ ਨੇ ਇਸ ਵਾਧੇ ਦਾ ਕਾਰਨ ਮੱਧ ਪੂਰਬ ਵਿੱਚ ਚੱਲ ਰਹੇ ਸੰਘਰਸ਼ ਕਾਰਨ ਗਲੋਬਲ ਮਾਰਕੀਟ ਵਿੱਚ ਵਧੀ ਅਨਿਸ਼ਚਿਤਤਾ ਅਤੇ ਬੈਂਕਾਂ ਲਈ ਵਧ ਰਹੀ ਫੰਡਿੰਗ ਲਾਗਤ ਨੂੰ ਦੱਸਿਆ ਹੈ।
ਅੱਜ ਤੋਂ ਲਾਗੂ ਹੋਣ ਵਾਲੀਆਂ ਨਵੀਆਂ ਦਰਾਂ ਅਨੁਸਾਰ, ਘੱਟੋ-ਘੱਟ 20 ਫੀਸਦੀ ਡਿਪਾਜ਼ਿਟ ਵਾਲੇ ਗਾਹਕਾਂ ਲਈ ਕੀਵੀਬੈਂਕ ਨੇ 6 ਮਹੀਨੇ, ਇੱਕ ਸਾਲ, ਦੋ ਸਾਲ ਅਤੇ ਤਿੰਨ ਸਾਲ ਦੀਆਂ ਫਿਕਸਡ ਸਪੈਸ਼ਲ ਦਰਾਂ ਵਿੱਚ ਤਬਦੀਲੀਆਂ ਕੀਤੀਆਂ ਹਨ।
6 ਮਹੀਨੇ ਦੀ ਫਿਕਸਡ ਸਪੈਸ਼ਲ ਦਰ 10 ਬੇਸਿਸ ਪੁਆਇੰਟ ਵਧ ਕੇ 4.65 ਫੀਸਦੀ ਤੋਂ 4.75 ਫੀਸਦੀ ਹੋ ਗਈ ਹੈ। ਦੋ ਸਾਲ ਅਤੇ ਤਿੰਨ ਸਾਲ ਦੀਆਂ ਫਿਕਸਡ ਸਪੈਸ਼ਲ ਦਰਾਂ ਵਿੱਚ ਵੀ ਵਾਧਾ ਕੀਤਾ ਗਿਆ ਹੈ।
ਹਾਲਾਂਕਿ, ਚਾਰ ਅਤੇ ਪੰਜ ਸਾਲ ਦੀਆਂ ਫਿਕਸਡ ਦਰਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ। ਇਸੇ ਤਰ੍ਹਾਂ ਵੇਰੀਏਬਲ, ਆਫਸੈੱਟ ਅਤੇ ਰਿਵਾਲਵਿੰਗ ਹੋਮ ਲੋਨ ਦਰਾਂ ਵੀ ਜਿਉਂ ਦੀ ਤਿਉਂ ਬਣੀਆਂ ਰਹੀਆਂ ਹਨ।
ਕੀਵੀਬੈਂਕ ਨੇ ਇਨ੍ਹਾਂ ਮਿਆਦਾਂ ਲਈ ਆਪਣੀਆਂ ਸਟੈਂਡਰਡ ਫਿਕਸਡ ਹੋਮ ਲੋਨ ਦਰਾਂ ਵਿੱਚ ਵੀ ਵਾਧਾ ਕੀਤਾ ਹੈ। ਇਸ ਤਾਜ਼ਾ ਵਾਧੇ ਨਾਲ ਘਰ ਖਰੀਦਣ ਵਾਲਿਆਂ ਅਤੇ ਆਪਣੇ ਹੋਮ ਲੋਨ ਨੂੰ ਦੁਬਾਰਾ ਫਿਕਸ ਕਰਨ ਵਾਲੇ ਗਾਹਕਾਂ ‘ਤੇ ਵਾਧੂ ਵਿੱਤੀ ਬੋਝ ਪੈ ਸਕਦਾ ਹੈ।


